ਨਸ਼ੇ ਦੀ ਤੋੜ 'ਚ ਟੁੱਟੇ ਨੌਜਵਾਨ ਨੇ ਆਪਣੇ ਹੀ ਘਰ ਨੂੰ ਲਾਈ ਅੱਗ, ਗਾਰਡਰ ਵੇਚ ਕੇ ਖਰੀਦਿਆ ਨਸ਼ਾ
Saturday, Apr 13, 2024 - 02:56 PM (IST)
ਜਲੰਧਰ: ਫ਼ਿਲੌਰ 'ਚ ਇਕ ਬੇਹੱਦ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇਕ ਨੌਜਵਾਨ ਨੇ ਨਸ਼ੇ ਦੀ ਤੋੜ ਵਿਚ ਆਪਣਾ ਹੀ ਘਰ ਫ਼ੂਕ ਦਿੱਤਾ। ਉਸ ਨੇ ਦੋਸਤਾਂ ਨਾਲ ਰੱਲ ਕੇ ਪਹਿਲਾਂ ਆਪਣੇ ਘਰ ਨੂੰ ਅੱਗ ਲਗਾਈ ਤੇ ਫ਼ਿਰ ਛੱਤ ਵਿਚੋਂ ਗਾਰਡਰ ਕੱਢ ਕੇ ਕਬਾੜੀਏ ਨੂੰ ਵੇਚ ਦਿੱਤੇ ਤਾਂ ਜੋ ਨਸ਼ਾ ਖਰੀਦਣ ਲਈ ਪੈਸੇ ਮਿਲ ਸਕਣ। ਨੌਜਵਾਨ ਦੇ ਪਿਓ ਨੇ ਦੁਖੀ ਹੋ ਕੇ ਉਨ੍ਹਾਂ ਖ਼ਿਲਾਫ਼ ਪੁਲਸ ਨੂੰ ਸ਼ਿਕਾਇਤ ਦਿੱਤੀ ਜਿਸ ਮਗਰੋਂ ਪੁਲਸ ਨੇ ਉਸ ਨੂੰ ਸਾਥੀ ਸਮੇਤ ਗ੍ਰਿਫ਼ਤਾਰ ਕਰ ਲਿਆ ਹੈ।
ਇਹ ਖ਼ਬਰ ਵੀ ਪੜ੍ਹੋ - ਗੁਰਦੁਆਰਾ ਟਿੱਲਾ ਬਾਬਾ ਫ਼ਰੀਦ ਵਿਖੇ ਸੇਵਾਦਾਰਾਂ ਦੀ ਮੁਸ਼ਤੈਦੀ ਸਦਕਾ ਟਲੀ ਮੰਦਭਾਗੀ ਘਟਨਾ! ਵੇਖੋ ਮੌਕੇ ਦੀ CCTV ਫੁਟੇਜ
ਜਾਣਕਾਰੀ ਮੁਤਾਬਕ ਨੰਗਲ ਪਿੰਡ ਦੇ ਰਹਿਣ ਵਾਲੇ ਅਵਤਾਰ ਰਾਮ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ ਹੈ ਕਿ ਉਹ ਰਾਜ ਮਿਸਤਰੀ ਦਾ ਕੰਮ ਕਰਦਾ ਹੈ ਤੇ ਬੁੱਧਵਾਰ ਨੂੰ ਆਪਣੇ ਕੰਮ 'ਤੇ ਹੀ ਗਿਆ ਹੋਇਆ ਸੀ। ਦੁਪਹਿਰ ਨੂੰ ਕਿਸੇ ਨੇ ਫ਼ੋਨ ਕਰ ਕੇ ਉਸ ਨੂੰ ਦੱਸਿਆ ਕਿ ਘਰ ਨੂੰ ਅੱਗ ਲੱਗ ਗਈ ਹੈ। ਇੱਥੇ ਆ ਕੇ ਉਸਨੂੰ ਪਤਾ ਲੱਗਿਆ ਕਿ ਇਹ ਅੱਗ ਕਿਸੇ ਹੋਰ ਨੇ ਨਹੀਂ ਸਗੋਂ ਉਸ ਦੇ ਹੀ ਵੱਡੇ ਪੁੱਤਰ ਸੰਦੀਪ ਨੇ ਆਪਣੇ ਦੋਸਤਾਂ ਨਾਲ ਰੱਲ ਕੇ ਲਗਾਈ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਘਰ ਦੀ ਛੱਤ ਵਿਚੋਂ ਨਿਕਲੇ ਗਾਰਡਰ ਕਬਾੜੀਏ ਨੂੰ ਵੇਚੇ ਤਾਂ ਜੋ ਉਹ ਨਸ਼ਾ ਖਰੀਦ ਸਕਣ।
ਅਵਤਾਰ ਰਾਮ ਨੇ ਦੱਸਿਆ ਕਿ ਉਸ ਦੇ ਤਿੰਨ ਪੁੱਤਰ ਹਨ ਤੇ ਸੰਦੀਪ ਸੱਭ ਤੋਂ ਵੱਡਾ ਹੈ। ਉਸ ਨੂੰ ਪਿੰਡ ਵਿਚ ਹੀ ਟਾਇਰ ਪੈਂਚਰ ਦੀ ਦੁਕਾਨ ਖੋਲ੍ਹ ਕੇ ਦਿੱਤੀ ਹੋਈ ਹੈ। ਉਸ ਨੇ ਦੱਸਿਆ ਕਿ ਪੂਰੀ ਜ਼ਿੰਦਗੀ ਮਿਹਨਤ ਮਜ਼ਦੂਰੀ ਕਰ ਕੇ 4.5 ਮਰਲੇ ਦਾ ਮਕਾਨ ਖਰੀਦਿਆ ਸੀ, ਜਿਸ ਨੂੰ ਉਸ ਦੇ ਪੁੱਤ ਨੇ ਅੱਗ ਲਗਾ ਦਿੱਤੀ ਹੈ। ਅਵਤਾਰ ਰਾਮ ਨੇ ਦੱਸਿਆ ਕਿ ਉਸ ਦਾ ਪੁੱਤਰ ਬਾਰ-ਬਾਰ ਪ੍ਰਾਪਰਟੀ ਲਈ ਲੜਾਈ ਝਗੜਾ ਕਰਦਾ ਰਹਿੰਦਾ ਸੀ। ਕੁਝ ਦੇਰ ਪਹਿਲਾਂ ਪਿੰਡ ਦੇ ਸਰਪੰਚ ਨੇ ਪੰਚਾਇਤ ਬਿਠਾ ਕੇ ਮਾਮਲਾ ਸੁਲਝਾਇਆ ਸੀ, ਪਰ ਹੁਣ ਉਸ ਨੇ ਘਰ ਨੂੰ ਅੱਗ ਲਗਾ ਦਿੱਤੀ ਹੈ।
ਇਹ ਖ਼ਬਰ ਵੀ ਪੜ੍ਹੋ - ਲੋਕ ਸਭਾ ਚੋਣਾਂ 2024: ਅੱਜ ਉਮੀਦਵਾਰਾਂ ਦਾ ਐਲਾਨ ਕਰ ਸਕਦਾ ਹੈ ਸ਼੍ਰੋਮਣੀ ਅਕਾਲੀ ਦਲ
ਪੁਲਸ ਨੇ ਪੁੱਤ ਸਣੇ 2 ਨੂੰ ਕੀਤਾ ਗ੍ਰਿਫ਼ਤਾਰ, 2 ਦੋਸਤ ਫ਼ਰਾਰ
ਇਸ ਸਬੰਧੀ ਜਾਣਕਾਰੀ ਦਿੰਦਿਆਂ ਫ਼ਿਲੌਰ ਥਾਣੇ ਦੇ SHO ਨੀਰਜ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੇ ਅਵਤਾਰ ਰਾਮ ਦੇ ਬਿਆਨਾਂ ਦੇ ਅਧਾਰ 'ਤੇ ਉਸ ਦੇ ਪੁੱਤਰ ਸੰਦੀਪ, ਉਸ ਦੇ ਦੋਸਤਾਂ ਸੁਖਵਿੰਦਰ ਕੁਮਾਰ, ਬਲਵਿੰਦਰ ਕੁਮਾਰ ਤੇ ਇਕ ਹੋਰ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਸੰਦੀਪ ਅਤੇ ਸੁਖਵਿੰਦਰ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਗਿਆ ਹੈ ਤੇ ਦੂਜੇ ਦੋਹਾਂ ਮੁਲਜ਼ਮਾਂ ਦੀ ਭਾਲ ਵਿਚ ਛਾਪੇਮਾਰੀ ਕੀਤੀ ਜਾ ਰਹੀ ਹੈ, ਛੇਤੀ ਹੀ ਉਨ੍ਹਾਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8