ਨਸ਼ਾ ਕਰਨ ਲਈ ਨਸ਼ੇਡ਼ੀ ਕਈ ਤਰ੍ਹਾਂ ਦੇ ਅਪਣਾ ਰਹੇ ਹਨ ਹੱਥਕੰਡੇ

Tuesday, Aug 28, 2018 - 01:13 AM (IST)

ਨਸ਼ਾ ਕਰਨ ਲਈ ਨਸ਼ੇਡ਼ੀ ਕਈ ਤਰ੍ਹਾਂ ਦੇ ਅਪਣਾ ਰਹੇ ਹਨ ਹੱਥਕੰਡੇ

ਪਠਾਨਕੋਟ,   (ਸ਼ਾਰਦਾ)-  ਪੰਜਾਬ ਵਿਚ ਨਸ਼ਿਅਾਂ ਨੂੰ ਖਤਮ ਕਰਨ  ਲਈ ਸਰਕਾਰ ਕੁਝ ਵੀ ਕਰ ਲਵੇ ਪਰ ਨਸ਼ੇਡ਼ੀ ਫਿਰ ਵੀ ਨਸ਼ਾ ਕਰਨ ਤੋਂ ਨਹੀਂ ਰੁਕ ਰਹੇ ਅਤੇ ਨਸ਼ੇ ਦੀ ਪੂਰਤੀ  ਲਈ ਤਰ੍ਹਾਂ-ਤਰ੍ਹਾਂ ਦੇ ਹੱੱਥਕੰਡੇ ਅਤੇ ਖੁਫੀਆ ਅੱਡੇ ਤਲਾਸ਼ ਰਹੇ ਹਨ। ਅਜਿਹਾ ਹੀ ਕੁਝ ਪਠਾਨਕੋਟ ਵਿਚ ਡਵੀਜ਼ਨ ਨੰ. 2 ਥਾਣੇ ਦੀ ਹੱਦ ਵਿਚ ਦੇਖਣ ਨੂੰ ਆਇਆ ਹੈ ਜਿਥੇ ਪੁਲਸ ਨੂੰ ਸਭ ਕੁਝ ਪਤਾ ਹੁੰਦੇ ਹੋਏ ਵੀ ਕਦੇ ਇਸ ’ਤੇ ਕਾਰਵਾਈ ਨਹੀਂ ਕੀਤੀ।
ਯਾਦ ਰਹੇ ਕਿ ਪੰਜਾਬ ਸਰਕਾਰ ਅਤੇ ਹੋਰ ਸਟੇਟਾਂ ਨੇ ਵੀ ਸਿੰਥੈਟਿਕ ਨਸ਼ੇ (ਚਿੱਟੇ) ਨੂੰ ਜਡ਼੍ਹੋਂ ਖਤਮ ਕਰਨ  ਲਈ ਪੂਰਾ ਜ਼ੋਰ ਲਾਇਆ ਹੋਇਆ ਹੈ ਅਤੇ ਪ੍ਰਸ਼ਾਸਨ ਨੂੰ ਵੀ ਚਿਤਾਵਨੀ ਦੇ ਰੱਖੀ ਹੈ ਕਿ ਜੇਕਰ ਕਿਸੇ ਵੀ ਥਾਣੇ ਦੇ ਏਰੀਏ ਵਿਚ ਨਸ਼ਾ ਵੇਚਣ ਵਾਲਾ ਜਾਂ ਫਿਰ ਨਸ਼ਾ ਕਰਨ ਵਾਲਾ ਸਾਹਮਣੇ ਆਉਂਦਾ ਹੈ ਤਾਂ ਜ਼ਿੰਮੇਵਾਰੀ ਤਹਿ ਕੀਤੀ ਜਾਵੇਗੀ ਪਰ ਲੱਗਦਾ ਹੈ ਕਿ ਸਰਕਾਰ ਦੇ ਫਰਮਾਨਾਂ ਦਾ ਅਸਰ ਨਹੀਂ ਹੋ ਰਿਹਾ। ਨਸ਼ੇਡ਼ੀ ਆਪਣੇ ਨਸ਼ੇ ਦੀ ਪੂਰਤੀ ਬਿਨਾਂ ਕਿਸੇ  ਡਰ ਦੇ ਕਰ ਰਹੇ ਹਨ।  ਇਸੇ ਕਡ਼ੀ ਤਹਿਤ ਡਵੀਜ਼ਨ ਨੰ. 2 ਥਾਣੇ ਦੀ ਹੱਦ ਵਿਚ ਪੈਂਦੇ ਲਡ਼ਕਿਆਂ ਦੇ ਸਰਕਾਰੀ ਆਈ. ਟੀ. ਆਈ. ਕਾਲਜ ਪਿੱਛੇ  ਸਿੱਖਿਆ ਸੰਸਥਾਨ ਦੀ ਕਾਫੀ ਬਿਲਡਿੰਗ ਖੰਡਰ ਬਣ ਚੁੱਕੀ ਹੈ। ਉਥੇ ਹੀ ਆਸੇ-ਪਾਸੇ ਕਈ-ਕਈ ਫੁੱਟ ਭੰਗ-ਬੂਟੀ ਵੀ ਉੱਗ ਚੁੱਕੀ ਹੈ। ਇਥੇ ਨਸ਼ੇਡ਼ੀਆਂ ਨੇ ਹੁਣ ਨਸ਼ਾ ਕਰਨ ਲਈ ਇਸ ਨੂੰ ਆਪਣਾ ਅੱਡਾ ਬਣਾ ਲਿਆ ਹੈ। ਇਸ ਜਗ੍ਹਾ ਦਾ ਦੌਰਾ ਕਰਨ ’ਤੇ ਦੇਖਿਆ ਤਾਂ ਇਥੋਂ ਦੇ ਹਾਲਾਤ ਦੇਖ ਕੇ ਅਜਿਹਾ ਲੱਗਿਆ ਕਿ  ਅਜੇ ਤੱਕ ਸਰਕਾਰ ਨੇ ਨਸ਼ਿਅਾਂ ਨੂੰ ਖਤਮ ਕਰਨ  ਲਈ ਕੋਈ ਕਦਮ ਉਠਾਇਆ ਹੀ ਨਹੀਂ ਹੈ। ਖੰਡਰ ਬਣ ਚੁੱਕੀਆਂ ਇਨ੍ਹਾਂ ਬਿਲਡਿੰਗਾਂ ਵਿਚ ਚਾਰੋਂ ਪਾਸੇ ਨਸ਼ਿਅਾਂ  ਲਈ ਇਸਤੇਮਾਲ ਕੀਤੀਅਾਂ ਗਈਆਂ ਸਰਿੰਜਾਂ, ਪੇਪਰ ਅਤੇ ਹੋਰ ਸਮੱਗਰੀ ਪਈ ਹੋਈ ਹੈ, ਜਿਸ ਤੋਂ ਇਹ ਸਾਫ ਸੀ ਕਿ ਇਥੇ ਵੱਡੇ ਪੈਮਾਨੇ ’ਤੇ ਨਸ਼ਾ ਹੁੰਦਾ ਹੈ। 
ਸੂਤਰਾਂ ਦੀ ਮੰਨੀਏ ਤਾਂ ਇਥੇ ਕਾਫੀ ਨੌਜਵਾਨ ਨਸ਼ਾ ਕਰਨ  ਲਈ ਆਉਂਦੇ ਹਨ ਅਤੇ ਦੇਰ ਰਾਤ ਤੱਕ ਇਨ੍ਹਾਂ ਖੰਡਰਾਂ ਵਿਚ ਨਸ਼ਾ ਕਰਦੇ ਹਨ। ਹੁਣ ਸਵਾਲ ਇਥੇ ਇਹ ਉੱਠਦਾ ਹੈ ਕਿ ਅਾਖਿਰ ਇੰਨੀ ਪਾਬੰਦੀ ਹੋਣ ਦੇ ਬਾਵਜੂਦ ਇਨ੍ਹਾਂ ਲੋਕਾਂ  ਕੋਲ ਨਸ਼ਾ ਕਿੱਥੋਂ ਆਉਂਦਾ ਹੈ? ਉਥੇ ਹੀ ਲੱਖ ਟਕਿਅਾਂ ਦਾ ਸਵਾਲ ਹੈ ਕਿ ਨਸ਼ਿਆਂ ’ਤੇ ਸਖ਼ਤੀ ਕਰਨ ਵਾਲੀ ਪੁਲਸ ਕਿੱਥੇ ਹੈ?
ਕੀ ਕਹਿਣਾ ਹੈ ਐੱਸ. ਐੱਚ. ਓ. ਦਾ
ਜਦੋਂ ਇਸ ਸਾਰੇ ਮਾਮਲੇ ਸਬੰਧੀ ਡਵੀਜ਼ਨ ਨੰ. 2 ਦੇ ਐੱਸ. ਐੱਚ. ਓ. ਰਵਿੰਦਰ ਸਿੰਘ ਰੂਬੀ ਨਾਲ ਗੱਲ ਕੀਤੀ ਤਾਂ ਉਨ੍ਹਾਂ  ਕਿਹਾ ਕਿ ਉਨ੍ਹਾਂ ਦੇ ਧਿਆਨ ਵਿਚ ਮਾਮਲਾ ਆ ਚੁੱਕਾ ਹੈ  ਤੇ ਇਸ ’ਤੇ ਜਲਦ ਕਾਰਵਾਈ ਕਰਨਗੇ ਅਤੇ ਜੇਕਰ ਕੋਈ ਨਸ਼ਾ ਕਰਦਾ ਫਡ਼ਿਆ ਜਾਂਦਾ ਹੈ ਤਾਂ ਉਸ ’ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ। 
 


Related News