ਪਾਕਿਸਤਾਨ ਤੋਂ ਡਰੋਨ ਰਾਹੀਂ ਤਸਕਰੀ ਕਰਨ ਵਾਲਾ ਕਾਬੂ, 265 ਗ੍ਰਾਮ ਹੈਰੋਇਨ ਬਰਾਮਦ
Friday, Apr 11, 2025 - 06:58 PM (IST)

ਬਮਿਆਲ (ਹਰਜਿੰਦਰ ਸਿੰਘ ਗੋਰਾਇਆ) : ਕੁਝ ਮਹੀਨਿਆਂ ਤੋਂ ਲਗਾਤਾਰ ਭਾਰਤ ਪਾਕਿਸਤਾਨ ਸਰਹੱਦੀ ਖੇਤਰ ਨਰੋਟ ਜੈਮਲ ਸਿੰਘ ਅਤੇ ਬਮਿਆਲ ਸੈਕਟਰ ਦੇ ਵਿੱਚ ਸ਼ਰਾਰਤੀ ਅਨਸਰਾਂ ਦੇ ਵੱਲੋਂ ਪਾਕਿਸਤਾਨ ਵੱਲੋਂ ਡਰੋਨ ਦੇ ਰਾਹੀਂ ਲਗਾਤਾਰ ਹੈਰੋਇਨ ਤਕਸਰੀ ਦੇ ਮਾਮਲੇ ਸਾਹਮਣੇ ਆਏ ਸਨ। ਇਸੇ ਵਿਚਾਲੇ ਇੱਕ ਵਾਰ ਫੇਰ ਪਾਕਿਸਤਾਨ ਤੋਂ ਬਮਿਆਲ ਸੈਕਟਰ ਦੇ ਵਿੱਚ ਹੈਰੋਇਨ ਦੀ ਸਪਲਾਈ ਕਰਨ ਦਾ ਇੱਕ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਵਿਚ ਪੁਲਿਸ ਵੱਲੋਂ ਇੱਕ ਵਿਅਕਤੀ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਹੈ।
ਪੁਲਸ ਦੇ ਮੁਤਾਬਕ ਮੁਲਜ਼ਮ ਦੀ ਪਹਿਚਾਣ ਮੁਹੰਮਦ ਸ਼ਰੀਫ ਜੋ ਕਿ ਬਮਿਆਲ ਦੇ ਨਜ਼ਦੀਕ ਉਝ ਦਰਿਆ ਦੇ (ਦੋਸਤਪੁਰ) ਕਿਨਾਰੇ ਰਹਿੰਦਾ ਹੈ, ਵਜੋਂ ਹੋਈ ਹੈ। ਭਾਰਤ ਪਾਕਿਸਤਾਨ ਸਰਹੱਦ ਤੋਂ ਮੁਲਜ਼ਮ ਦੇ ਘਰ ਦੀ ਦੂਰੀ ਮਾਤਰ 2-3 ਕਿਲੋਮੀਟਰ ਹੈ। ਇਸ ਮਾਮਲੇ ਵਿੱਚ ਪੁਲਸ ਵੱਲੋਂ ਜਦੋਂ ਇਸ ਵਿਅਕਤੀ ਦੀ ਪੂਰੀ ਸਖਤੀ ਨਾਲ ਪੁੱਛਗਿਛ ਕੀਤੀ ਗਈ ਤਾਂ ਆਰੋਪੀ ਵੱਲੋਂ ਕਬੂਲ ਕੀਤਾ ਗਿਆ ਕਿ 7 ਜਨਵਰੀ 2025 ਨੂੰ ਉਸ ਵੱਲੋਂ ਪਾਕਿਸਤਾਨ ਦੇ ਵਿੱਚ ਤਸਕਰਾਂ ਨਾਲ ਫੋਨ ਦੇ ਰਾਹੀਂ ਸੰਪਰਕ ਕਰਕੇ ਸ਼ਾਮ ਵੇਲੇ ਡਰੋਨ ਦੇ ਮਾਧਿਅਮ ਰਾਹੀਂ 500 ਗਾ੍ਮ ਕਰੀਬ ਹੈਰੋਇਨ ਦੀ ਖੇਪ ਬਮਿਆਲ ਦੇ ਉਝ ਦਰਿਆ ਕਿਨਾਰੇ ਮੰਗਵਾਈ ਗਈ ਸੀ। ਜਿਸ ਵਿੱਚੋਂ 10 ਗ੍ਰਾਮ ਹੈਰੋਇਨ ਸਰਹੱਦੀ ਪਿੰਡ ਸਿੰਬਲ ਕੁੱਲੀਆਂ ਦੀ ਇੱਕ ਮਹਿਲਾ ਨੂੰ ਦਿੱਤੀ ਅਤੇ ਇਸ ਤੋਂ ਇਲਾਵਾ ਕੁਝ ਹੈਰੋਇਨ ਜੰਮੂ ਕਸ਼ਮੀਰ ਵਿਖੇ ਕਿਸੇ ਨੂੰ ਦਿੱਤੀ ਗਈ ਜਿਨਾਂ ਦੀ ਉਸਨੂੰ ਪਹਿਚਾਣ ਨਹੀਂ ਹੈ।ਇਸ ਤੋਂ ਬਾਅਦ ਪੁੱਛਗਿਛ ਦੌਰਾਨ ਮੁਹੰਮਦ ਸ਼ਰੀਫ ਵੱਲੋਂ ਕਬੂਲ ਕੀਤਾ ਗਿਆ ਕਿ ਬਾਕੀ ਜੋ ਹੈਰੋਇਨ ਸੀ ਉਹ ਬਮਿਆਲ ਦੇ ਸ਼ਮਸ਼ਾਨ ਘਾਟ ਦੇ ਪਿਛਲੇ ਪਾਸੇ ਉਝ ਦਰਿਆ ਦੇ ਕਿਨਾਰੇ ਇੱਕ ਲਿਫਾਫੇ ਦੇ ਪੈਕਟ ਵਿੱਚ ਪੈਕ ਕਰਕੇ ਦੱਬੀ ਗਈ ਹੈ। ਪੁਲਸ ਵੱਲੋਂ ਮੁਹੰਮਦ ਸ਼ਰੀਫ ਨੂੰ ਨਾਲ ਲਿਜਾ ਕੇ ਉਸਦੀ ਨਿਸ਼ਾਨਦੇਹੀ ਤੇ ਇਹ ਪੈਕਟ ਬਰਾਮਦ ਕੀਤਾ ਗਿਆ, ਜੋ ਕਿ 265 ਗ੍ਰਾਮ ਬਰਾਮਦ ਕੀਤੀ ਗਈ।
ਪੁਲਸ ਵੱਲੋਂ ਮੁਹੰਮਦ ਸ਼ਰੀਫ ਦੇ ਖਿਲਾਫ ਵੱਖ-ਵੱਖ ਧਰਾਵਾ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿਛਲੇ ਲੰਬੇ ਸਮੇਂ ਤੋਂ ਖੇਤਰ ਦੇ ਵਿੱਚ ਲਗਾਤਾਰ ਡਰੋਨ ਦੀ ਹਰਕਤ ਦੇਖਣ ਦੇ ਵਿੱਚ ਸਾਹਮਣੇ ਆ ਰਹੀਆਂ ਸਨ ਅਤੇ ਬਹੁਤ ਵਾਰ ਪੰਜਾਬ ਪੁਲਸ ਵੱਲੋਂ ਹੈਰੋਇਨ ਵੀ ਬਰਾਮਦ ਕੀਤੀ ਗਈ ਹੈ। ਇਸ ਤੋਂ ਬਾਅਦ ਹੁਣ ਇੱਕ ਵੱਡਾ ਖੁਲਾਸਾ ਬਮਿਆਲ ਵਿੱਚ ਸਾਹਮਣੇ ਆਇਆ ਹੈ। ਉਧਰ ਇਸ ਸਬੰਧੀ ਜਦ ਵਧੇਰੇ ਜਾਣਕਾਰੀ ਲਈ ਥਾਣਾ ਮੁਖੀ ਨਰੋਟ ਜੈਮਲ ਸਿੰਘ ਅੰਗਰੇਜ ਸਿੰਘ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਵੱਲੋ ਮੀਟਿੰਗ ਵਿੱਚ ਹੋਣ ਦਾ ਹਵਾਲਾ ਦੇ ਕੇ ਫੋਨ ਕੱਟ ਦਿੱਤਾ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8