ਬਿਨਾਂ ਲਾਇਸੈਂਸ ਭਾਰਤੀ ਸੈਨਾ ਨੂੰ ਡਰੋਨ ਵੇਚਣ ਵਾਲਾ ਜੰਮੂ ਦਾ 7ਵਾਂ ਮੁਲਜ਼ਮ ਕਾਬੂ

01/21/2020 10:21:10 AM

ਅੰਮ੍ਰਿਤਸਰ (ਸੰਜੀਵ) - ਪਾਕਿ ਦੀ ਖੂਫੀਆ ਏਜੰਸੀ ਆਈ. ਐੱਸ. ਆਈ. ਵਲੋਂ ਡਰੋਨ ਦੇ ਜ਼ਰੀਏ ਹਥਿਆਰਾਂ ਅਤੇ ਨਸ਼ੇ ਵਾਲੇ ਪਦਾਰਥਾਂ ਦੀ ਖੇਪ ਮੰਗਵਾਉਣ ਦੇ ਮਾਮਲੇ ’ਚ ਦਿਹਾਤੀ ਪੁਲਸ ਨੇ ਜੰਮੂ ਦੇ 7ਵੇਂ ਮੁਲਜ਼ਮ ਸਰਵੋਦਏ ਬਾਹਰੀ ਨੂੰ ਗ੍ਰਿਫਤਾਰ ਕੀਤਾ ਹੈ। ਗਿ੍ਫਤਾਰੀ ਤੋਂ ਬਾਅਦ ਉਕਤ ਮੁਲਜ਼ਮ ਨੂੰ ਅਦਾਲਤ ਦੇ ਨਿਰਦੇਸ਼ਾਂ ’ਤੇ ਜਾਂਚ ਲਈ ਪੁਲਸ ਰਿਮਾਂਡ ’ਤੇ ਲਿਆ ਜਾਵੇਗਾ। ਦੂਜੇ ਪਾਸੇ ਐਤਵਾਰ ਦੇਰ ਰਾਤ ਇਸ ਮਾਮਲੇ ਵਿਚ ਗਾਜ਼ੀਆਬਾਦ ਤੋਂ ਗ੍ਰਿਫਤਾਰ ਕੀਤੇ ਗਏ ਰਿਸ਼ਭ ਨਿਵਾਸੀ ਦਿੱਲੀ ਨੂੰ ਜਾਂਚ ਲਈ ਅਦਾਲਤ ਤੋਂ 2 ਦਿਨ ਦੇ ਪੁਲਸ ਰਿਮਾਂਡ ’ਤੇ ਲਿਆ ਗਿਆ ਹੈ। ਵਰਣਨਯੋਗ ਹੈ ਕਿ ਦਿਹਾਤੀ ਪੁਲਸ ਨੂੰ ਇਨਪੁਟ ਮਿਲੀ ਸੀ ਕਿ ਭਾਰਤੀ ਸੈਨਾ ਦਾ ਜਵਾਨ ਰਾਹੁਲ ਚੌਹਾਨ ਆਪਣੇ ਕੁਝ ਸਾਥੀਆਂ ਨਾਲ ਮਿਲ ਕੇ ਸੀਮਾ ਪਾਰ ਪਾਕਿ ਤੋਂ ਡਰੋਨ ਦੇ ਜ਼ਰੀਏ ਹਥਿਆਰਾਂ ਅਤੇ ਹੈਰੋਇਨ ਦੀ ਖੇਪ ਮੰਗਵਾਉਣ ਦੀ ਫਿਰਾਕ ’ਚ ਹੈ। 

ਇਸ ਸੂਚਨਾ ਦੇ ਆਧਾਰ ’ਤੇ ਪੁਲਸ ਨੇ ਤੁਰੰਤ ਰਾਹੁਲ ਚੌਹਾਨ ਨੂੰ ਉਸ ਦੇ ਚਾਰ ਸਾਥੀਆਂ ਸਮੇਤ ਗ੍ਰਿਫਤਾਰ ਕਰ ਲਿਆ। ਉਸ ਦੇ ਕਬਜ਼ੇ ’ਚੋਂ 2 ਡਰੋਨ, ਕੁਝ ਸੰਚਾਰ ਸਾਧਨ ਅਤੇ ਲੱਖਾਂ ਦੀ ਭਾਰਤੀ ਕਰੰਸੀ ਬਰਾਮਦ ਕੀਤੀ ਗਈ ਸੀ। ਅੰਬਾਲਾ ਕੈਂਟ ਤੋਂ ਗ੍ਰਿਫਤਾਰ ਰਾਹੁਲ ਚੌਹਾਨ ਤੋਂ ਹੋਈ ਪੁੱਛਗਿਛ ਮਗਰੋਂ ਉਸ ਦੇ ਭਰਾ ਰੋਹਿਤ ਚੌਹਾਨ ਦਾ ਨਾਂ ਸਾਹਮਣੇ ਆਇਆ ਸੀ, ਜਿਸ ਦੀ ਗ੍ਰਿਫਤਾਰੀ ਨਹੀਂ ਹੋ ਸਕੀ। ਇਸ ਮਾਮਲੇ ’ਚ ਪੁਲਸ ਨੇ ਅਜੇ ਤੱਕ ਧਰਮਿੰਦਰ ਸਿੰਘ, ਬਲਕਾਰ ਸਿੰਘ ਅਤੇ 2 ਹੋਰ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਸੀ, ਜਦਕਿ ਪੁਲਸ ਹੁਣ ਇਸ ਮਾਮਲੇ ’ਚ 7 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਚੁੱਕੀ ਹੈ। ਦਿਹਾਤੀ ਪੁਲਸ ਵਲੋਂ ਬਿਨਾਂ ਲਾਇਸੈਂਸ ਅਤੇ ਮਾਪਦੰਡਾਂ ਦੇ ਡਰੋਨ ਵੇਚਣ ਦੇ ਦੋਸ਼ ’ਚ ਗ੍ਰਿਫਤਾਰ ਦਿੱਲੀ ਦੇ ਰਿਸ਼ਭ ਅਤੇ ਜੰਮੂ ਦੇ ਸਰਵੋਦਏ ਬਾਹਰੀ ਤੋਂ ਦੇਸ਼ ਦੀਆਂ ਹੋਰ ਸੁਰੱਖਿਆ ਏਜੰਸੀਆਂ ਜਾਂਚ ਕਰਨਗੀਆਂ। 

ਇਸ ਤੋਂ ਇਲਾਵਾ ਦੋਵਾਂ ਨੇ ਜਿਸ ਆਨਲਾਈਨ ਕੰਪਨੀ ਤੋਂ ਡਰੋਨ ਖਰੀਦਿਆ ਸੀ, ਪੁਲਸ ਨੇ ਉਸ ਕੰਪਨੀ ਨੂੰ ਥਾਣੇ ਵਿਚ ਪੇਸ਼ ਹੋਣ ਲਈ ਕਹਿ ਦਿੱਤਾ ਹੈ। ਬਹੁਤ ਛੇਤੀ ਉਸ ਆਨਲਾਈਨ ਕੰਪਨੀ ਦੇ ਵੀ ਲਾਇਸੈਂਸ ਦੀ ਜਾਂਚ ਹੋਵੇਗੀ ਜਿਸ ਦੇ ਜ਼ਰੀਏ ਉਸ ਨੇ ਰਿਸ਼ਭ ਅਤੇ ਬਾਹਰੀ ਨੂੰ ਡਰੋਨ ਵੇਚਿਆ ਸੀ। ਜ਼ਿਲਾ ਅੰਮ੍ਰਿਤਸਰ ਦਿਹਾਤੀ ਵੱਲੋਂ ਗ੍ਰਿਫਤਾਰ ਕੀਤੇ ਮੁਲਜ਼ਮਾਂ ਦੀ ਜਾਂਚ ਕਰ ਰਹੇ ਇੰਸਪੈਕਟਰ ਅਮਨਦੀਪ ਸਿੰਘ ਨੇ ਦੱਸਿਆ ਕਿ ਅੱਜ ਰਿਸ਼ਭ ਨੂੰ ਤਾਂ 2 ਦਿਨ ਦੇ ਪੁਲਸ ਰਿਮਾਂਡ ’ਤੇ ਲੈ ਲਿਆ ਗਿਆ ਹੈ, ਜਦਕਿ ਸਰਵੋਦਏ ਨੂੰ ਕੱਲ ਅਦਾਲਤ ’ਚ ਪੇਸ਼ ਕੀਤਾ ਜਾਵੇਗਾ। ਪੁਲਸ ਇਨ੍ਹਾਂ ਤੋਂ ਡਰੋਨ ਵੇਚਣ ਦੇ ਲਾਇਸੈਂਸਾਂ ਦੀ ਜਾਂਚ ਕਰ ਰਹੀ ਹੈ।
 


rajwinder kaur

Content Editor

Related News