ਜਰਮਨੀ ਦੇ ਡਰੱਗ ਡੀਲਰਾਂ ਦੀ ਕਾਰਜਪ੍ਰਣਾਲੀ ਤੋਂ ਮਿਲਿਆ ਸੀ ''ਡਰੋਨ'' ਦਾ ਆਈਡੀਆ

09/28/2019 1:15:50 PM

ਚੰਡੀਗੜ੍ਹ (ਰਮਨਜੀਤ) : ਅੰਦਰੂਨੀ ਸੁਰੱਖਿਆ ਅਤੇ ਕੌਮਾਂਤਰੀ ਸਰਹੱਦ 'ਤੇ ਸਮੱਗਲਿੰਗ ਲਈ ਨਵੇਂ ਤਰੀਕੇ 'ਡਰੋਨ' ਨਾਲ ਮਚੀ ਹਲਚਲ ਦੇ ਬਾਅਦ ਪੰਜਾਬ ਪੁਲਸ ਹੀ ਨਹੀਂ, ਸਗੋਂ ਦੇਸ਼ ਦੀਆਂ ਹੋਰ ਸੁਰੱਖਿਆ ਏਜੰਸੀਆਂ ਵੀ ਮਾਮਲੇ ਦੀ ਹਰ ਤੈਅ ਤਕ ਪਹੁੰਚਣ 'ਚ ਲੱਗੀਆਂ ਹੋਈਆਂ ਹਨ। ਡਰੋਨ ਰਾਹੀਂ ਹਥਿਆਰਾਂ ਦੀ ਸਮੱਗਲਿੰਗ 'ਚ ਗ੍ਰਿਫਤਾਰ ਹੋਏ ਅਕਾਸ਼ਦੀਪ ਦੀ 'ਗ੍ਰਿਲਿੰਗ' ਤੋਂ ਕਈ ਖੁਲਾਸੇ ਹੋ ਰਹੇ ਹਨ ਅਤੇ ਲੁਕੋ ਕੇ ਰੱਖਿਆ ਗਿਆ ਇਕ ਹੋਰ ਡਰੋਨ ਵੀ ਬਰਾਮਦ ਹੋ ਗਿਆ ਹੈ, ਜਿਸ ਨੇ ਪੁਲਸ ਨੂੰ ਇਸ ਗੱਲ ਦੇ ਸੰਕੇਤ ਦਿੱਤੇ ਹਨ ਕਿ ਨਵੇਂ ਤਰੀਕੇ ਦੀ ਹਥਿਆਰਾਂ ਅਤੇ ਨਸ਼ੇ ਦੀ ਸਮੱਗਲਿੰਗ ਲਈ ਪਿਛਲੇ ਕਾਫੀਂ ਸਮੇਂ ਤੋਂ ਭਾਰਤ-ਪਾਕਿਸਤਾਨ ਦੀ ਸਰਹੱਦ 'ਤੇ ਵਰਤੋਂ ਹੋ ਰਹੀ ਸੀ।
ਪੰਜਾਬ ਪੁਲਸ ਦੇ ਉੱਚ ਪੱਧਰੀ ਸੂਤਰਾਂ ਅਨੁਸਾਰ ਪੁੱਛਗਿਛ 'ਚ ਇਹ ਵੀ ਖੁਲਾਸਾ ਹੋਇਆ ਹੈ ਕਿ ਡਰੋਨ ਰਾਹੀਂ ਹਥਿਆਰਾਂ ਦੇ ਏਅਰਡਰਾਪ ਦਾ ਆਈਡੀਆ ਖਾਲਿਸਤਾਨ ਜ਼ਿੰਦਾਬਾਦ ਫੋਰਸ ਦੇ ਪ੍ਰਮੁਖ ਮੈਂਬਰ ਜਰਮਨੀ 'ਚ ਬੈਠੇ ਬੱਗਾ ਦਾ ਹੀ ਸੀ। ਇਹ ਆਈਡੀਆ ਉਸ ਨੂੰ ਜਰਮਨੀ ਦੇ ਆਸ-ਪਾਸ ਇਲਾਕਿਆਂ ਦੇ ਡਰੱਗਸ ਡੀਲਰਾਂ ਵਲੋਂ ਸਮੱਗਲਿੰਗ ਲਈ ਡਰੋਨ ਦੀ ਵਰਤੋਂ ਕੀਤੇ ਜਾਣ ਤੋਂ ਬਾਅਦ ਮਿਲਿਆ ਸੀ, ਜਿਸ ਦੀਆਂ ਬਾਰੀਕੀਆਂ 'ਤੇ ਕੰਮ ਕਰਨ ਮਗਰੋਂ ਇਸ ਨੂੰ ਪਾਕਿਸਤਾਨ 'ਚ ਰਣਜੀਤ ਸਿੰਘ ਨੀਟਾ ਨਾਲ ਸ਼ੇਅਰ ਕੀਤਾ ਗਿਆ ਅਤੇ ਆਈ.ਐੱਸ.ਆਈ ਦੇ ਤਕਨੀਕੀ ਮਾਹਿਰਾਂ ਦੇ ਨਾਲ ਹਰ ਤਰ੍ਹਾਂ ਦੀ ਬਾਰੀਕੀ 'ਤੇ ਕੰਮ ਕੀਤਾ ਗਿਆ।
ਸੂਚਨਾ ਮੁਤਾਬਕ ਆਈਡੀਆ 'ਚ ਦਮ ਘੋਖਣ ਮਗਰੋਂ ਡਰੋਨ ਦੀ ਖ੍ਰੀਦ ਦਾ ਕੰਮ ਵੀ ਆਈ.ਐੱਸ.ਆਈ. ਨੇ ਆਪਣੇ ਕੁਝ ਮਖੌਟਾ ਵਪਾਰੀਆਂ ਦੇ ਰਾਹੀਂ ਕਰਵਾਇਆ ਤੇ 10-15 ਕਿਲੋ ਭਾਰ ਚੁੱਕ ਲੈਣ ਵਾਲੇ ਡਰੋਨਜ਼ ਦੀ ਹੀ ਚੋਣ ਕੀਤੀ ਗਈ, ਜਿਸ ਦੇ ਬਾਅਦ ਡਰੋਨ ਦੀ ਫਲਾਈਟ ਨੂੰ ਹੈਂਡਲ ਕਰਨ ਲਈ ਟ੍ਰੇਨਿੰਗ ਵੀ ਦਿੱਤੀ ਗਈ ਅਤੇ ਕਈ ਟਰਾਇਲ ਰਨ ਵੀ ਕੀਤੇ ਗਏ। ਜਿਸ ਦੇ ਬਾਅਦ ਆਈ.ਐੱਸ.ਆਈ. ਦੇ ਪਲਾਨ 'ਤੇ ਅੱਗੇ ਵਧਣ ਲਈ ਪਾਕਿਸਤਾਨ ਦੇ ਨਾਲ ਲੱਗਦੇ ਪੰਜਾਬ ਦੇ ਜ਼ਿਲਿਆਂ 'ਚ 'ਬੰਦੇ' ਲੱਭਣ ਲਈ ਕਿਹਾ ਸੀ।

ਫੰਡਸ ਦੇ ਲਈ ਹਰੀ ਝੰਡੀ ਮਿਲਣ ਮਗਰੋਂ ਬੱਗਾ ਨੇ ਆਪਣੇ ਭਰਾ ਗੁਰਦੇਵ ਸਿੰਘ ਰਾਹੀਂ ਅਤੇ ਵੀਡੀਓਜ਼ ਰਾਹੀਂ ਉਸ ਨੂੰ 'ਡਰਾਪਿੰਗ' ਨਾਲ ਜੁੜੇ ਸਾਰੇ ਪਹਿਲੂਆਂ ਤੋਂ ਜਾਣੂ ਕਰਵਾਇਆ, ਜਿਸ 'ਚ ਸਥਾਨ, ਸਮੇਂ ਦੀ ਚੋਣ, ਕਨਸਾਈਨਮੈਂਟ ਹੈਂਡਲਿੰਗ ਲਈ ਕਮਿਊਨੀਕੇਸ਼ਨ ਅਤੇ ਛੋਟੇ-ਮੋਟੇ ਤਕਨੀਕੀ ਨੁਕਸ ਨੂੰ ਦੂਰ ਕਰਨ ਨਾਲ ਜੁੜੀਆਂ ਗੱੱਲਾਂ ਸ਼ਾਮਲ ਸਨ। ਪੁਲਸ ਅਧਿਕਾਰੀਆਂ ਅਨੁਸਾਰ ਅਕਾਸ਼ ਅਤੇ ਹੋਰ ਗ੍ਰਿਫਤਾਰ ਕੀਤੇ ਗਏ ਅੱਤਵਾਦੀਆਂ ਤੋਂ ਪੁੱਛਗਿਛ 'ਚ ਮਿਲ ਰਹੀ ਜਾਣਕਾਰੀ ਦੇ ਅਧਾਰ 'ਤੇ ਆਉਣ ਵਾਲੇ ਦਿਨਾਂ 'ਚ ਹੋਰ ਹਥਿਆਰਾਂ ਦੀ ਬਰਾਮਦਗੀ ਅਤੇ ਗ੍ਰਿਫਤਾਰੀਆਂ ਦੀ ਸੰਭਾਵਨਾ ਬਣੀ ਹੋਈ ਹੈ।


Babita

Content Editor

Related News