ਡਰਾਈਵਿੰਗ ਲਾਇਸੈਂਸ ਰੀਨਿਊ ਕਰਵਾਉਣ ਵਾਲਿਆਂ ਲਈ ਅਹਿਮ ਖਬਰ

Monday, Nov 25, 2019 - 11:42 AM (IST)

ਡਰਾਈਵਿੰਗ ਲਾਇਸੈਂਸ ਰੀਨਿਊ ਕਰਵਾਉਣ ਵਾਲਿਆਂ ਲਈ ਅਹਿਮ ਖਬਰ

ਹੁਸ਼ਿਆਰਪੁਰ (ਅਮਰਿੰਦਰ)—ਆਮ ਤੌਰ 'ਤੇ ਉਮਰਦਰਾਜ ਅਤੇ ਖਾਸਕਰ ਬਾਹਰ ਰਹਿ ਰਹੇ ਲੋਕ ਡਰਾਈਵਿੰਗ ਲਾਇਸੈਂਸ (ਡੀ. ਐੱਲ.) ਦੀ ਮਿਆਦ ਖਤਮ ਹੋ ਜਾਣ ਤੋਂ ਬਾਅਦ ਵੀ ਉਸ ਨੂੰ ਰੀਨਿਊ ਕਰਵਾਉਣ ਵਿਚ ਦਿਲਚਸਪੀ ਨਹੀਂ ਦਿਖਾਉਂਦੇ। ਜੇਕਰ ਤੁਸੀਂ ਵੀ ਡਰਾਈਵਿੰਗ ਲਾਇਸੈਂਸ ਦੀ ਮਿਆਦ ਖਤਮ ਹੋਣ ਤੋਂ ਬਾਅਦ ਉਸ ਨੂੰ ਰੀਨਿਊ ਨਹੀਂ ਕਰਵਾਇਆ ਹੈ ਤਾਂ ਇਹ ਖਬਰ ਤੁਹਾਡੇ ਲਈ ਹੀ ਹੈ। ਮੋਟਰ ਵ੍ਹੀਕਲ ਐਕਟ ਵਿਚ ਹੋਈ ਸੋਧ ਤੋਂ ਬਾਅਦ ਨਵੇਂ ਕਾਨੂੰਨ ਅਨੁਸਾਰ ਡਰਾਈਵਿੰਗ ਲਾਇਸੈਂਸ ਦੀ ਮਿਆਦ ਖਤਮ ਹੋਣ ਤੋਂ ਇਕ ਸਾਲ ਬਾਅਦ ਵੀ ਉਸ ਨੂੰ ਰੀਨਿਊ ਨਾ ਕਰਵਾਇਆ ਤਾਂ ਇਹ ਸਿਰਫ ਜੁਰਮਾਨਾ ਭਰ ਕੇ ਰੀਨਿਊ ਨਹੀਂ ਹੋ ਸਕੇਗਾ, ਸਗੋਂ ਇਸ ਲਈ ਤੁਹਾਨੂੰ ਡਰਾਈਵਿੰਗ ਟਰੈਕ 'ਤੇ ਫਿਰ ਤੋਂ ਟੈਸਟ ਵੀ ਦੇਣਾ ਪਵੇਗਾ।

ਟੈਸਟ ਪਾਸ ਕਰਨ ਤੋਂ ਬਾਅਦ ਹੀ ਰੀਨਿਊ ਹੋਵੇਗਾ ਲਾਇਸੈਂਸ
ਨਵੇਂ ਨਿਯਮ ਅਨੁਸਾਰ ਡਰਾਈਵਿੰਗ ਟਰੈਕ 'ਤੇ ਦਿੱਤੇ ਟੈਸਟ ਵਿਚ ਪਾਸ ਹੋਣ ਤੋਂ ਬਾਅਦ ਹੀ ਤੁਹਾਡਾ ਡਰਾਈਵਿੰਗ ਲਾਇਸੈਂਸ ਰੀਨਿਊ ਹੋਵੇਗਾ। ਮੋਟਰ ਵ੍ਹੀਕਲ ਐਕਟ ਵਿਚ ਹੋਈ ਸੋਧ ਤੋਂ ਬਾਅਦ ਇਹ ਨਵਾਂ ਨਿਯਮ ਟਰਾਂਸਪੋਰਟ ਵਿਭਾਗ ਨੇ ਲਾਗੂ ਕਰ ਦਿੱਤਾ ਹੈ। ਇਸ ਕਾਰਣ ਡਰਾਈਵਿੰਗ ਲਾਇਸੈਂਸ ਰੀਨਿਊ ਕਰਵਾਉਣ ਵਿਚ ਲਾਪ੍ਰਵਾਹੀ ਵਰਤਣ ਵਾਲਿਆਂ ਨੂੰ ਦੇਰੀ ਭਾਰੀ ਪਵੇਗੀ। ਅਜਿਹੇ ਕੁਝ ਮਾਮਲਿਆਂ ਵਿਚ ਹੁਣ ਲੋਕਾਂ ਨੇ ਇਸ ਨਿਯਮ ਦਾ ਵਿਰੋਧ ਕਰਨਾ ਵੀ ਸ਼ੁਰੂ ਕਰ ਦਿੱਤਾ ਹੈ। ਹਾਲਾਂਕਿ ਆਰ. ਟੀ. ਏ. ਦੇ ਕਰਮਚਾਰੀ ਨਵੇਂ ਨਿਯਮਾਂ ਦਾ ਹਵਾਲਾ ਦੇ ਕੇ ਆਪਣਾ ਪੱਲਾ ਝਾੜ ਰਹੇ ਹਨ।

ਪਹਿਲੇ ਅਤੇ ਹੁਣ ਵਾਲੇ ਕਾਨੂੰਨ 'ਚ ਕੀ ਹੈ ਅੰਤਰ
ਪਹਿਲਾਂ ਜੇਕਰ ਤੁਹਾਡਾ ਪੱਕਾ ਡਰਾਈਵਿੰਗ ਲਾਇਸੈਂਸ ਐਕਸਪਾਇਰ ਹੋ ਜਾਂਦਾ ਸੀ ਤਾਂ ਤੁਸੀਂ ਉਸ ਨੂੰ ਲੇਟ ਫੀਸ ਦੇ ਕੇ ਰੀਨਿਊ ਕਰਵਾ ਸਕਦੇ ਸੀ। ਡਰਾਈਵਿੰਗ ਲਾਇਸੈਂਸ ਰੀਨਿਊ ਕਰਵਾਉਣ ਦੀ ਪ੍ਰਤੀ ਸਾਲ ਲੇਟ ਫੀਸ ਭਾਵ ਜੁਰਮਾਨਾ ਇਕ ਹਜ਼ਾਰ ਰੁਪਏ ਰੱਖਿਆ ਗਿਆ ਸੀ। ਨਵੇਂ ਨਿਯਮ ਮੁਤਾਬਕ ਜੇਕਰ ਤੁਹਾਡਾ ਡਰਾਈਵਿੰਗ ਲਾਇਸੈਂਸ ਐਕਸਪਾਇਰ ਹੋਏ ਨੂੰ ਇਕ ਸਾਲ ਹੋ ਗਿਆ ਹੈ ਤਾਂ ਤੁਸੀਂ ਬਿਨਾਂ ਕਿਸੇ ਜੁਰਮਾਨੇ ਦੇ ਉਸ ਨੂੰ ਰੀਨਿਊ ਕਰਵਾ ਸਕਦੇ ਹੋ। ਜੇਕਰ ਉਸ ਤੋਂ ਜ਼ਿਆਦਾ ਸਮਾਂ ਹੋ ਗਿਆ ਹੈ ਤਾਂ ਤੁਹਾਨੂੰ ਪ੍ਰਤੀ ਸਾਲ ਦੇ ਹਿਸਾਬ ਨਾਲ ਇਕ ਹਜ਼ਾਰ ਰੁਪਏ ਜੁਰਮਾਨਾ ਭਰਨਾ ਪਵੇਗਾ। ਇਸ ਤੋਂ ਬਾਅਦ ਪਹਿਲਾਂ ਲਰਨਿੰਗ ਲਾਇਸੈਂਸ, ਫਿਰ ਉਸ ਨੂੰ ਨਾਲ ਲਾ ਕੇ ਆਪਣੇ ਪੁਰਾਣੇ ਪੱਕੇ ਡਰਾਈਵਿੰਗ ਲਾਇਸੈਂਸ ਦੇ ਨਾਲ ਰੀਨਿਊਅਲ ਲਈ ਆਨਲਾਈਨ ਬੇਨਤੀ ਕਰਨੀ ਹੋਵੇਗੀ। ਉਪਰੰਤ ਡਰਾਈਵਿੰਗ ਟਰੈਕ 'ਤੇ ਟੈਸਟ ਵਿਚ ਪਾਸ ਹੋਣ 'ਤੇ ਹੀ ਲਾਇਸੈਂਸ ਬਣੇਗਾ।

ਨਵਾਂ ਵੀ ਬਣਵਾ ਸਕਦੇ ਹੋ ਡਰਾਈਵਿੰਗ ਲਾਇਸੈਂਸ
ਜ਼ਿਕਰਯੋਗ ਹੈ ਕਿ ਮੋਟਰ ਵ੍ਹੀਕਲ ਐਕਟ ਵਿਚ ਅਹਿਮ ਗੱਲ ਇਹ ਹੈ ਕਿ ਜੇਕਰ ਤੁਹਾਡੇ ਡਰਾਈਵਿੰਗ ਲਾਇਸੈਂਸ ਦੀ ਮਿਆਦ ਖਤਮ ਹੋਇਆਂ ਸਾਲ ਤੋਂ ਜ਼ਿਆਦਾ ਸਮਾਂ ਹੋ ਗਿਆ ਹੈ ਅਤੇ ਤੁਸੀਂ ਪਹਿਲਾਂ ਲਰਨਿੰਗ ਤੇ ਫਿਰ ਪੱਕਾ ਲਾਇਸੈਂਸ ਬਣਵਾਉਣ ਲਈ ਟਰੈਕ 'ਤੇ ਟੈਸਟ ਦੇਣਾ ਹੈ ਤਾਂ ਤੁਸੀਂ ਡਰਾਈਵਿੰਗ ਲਾਇਸੈਂਸ ਨਵਾਂ ਵੀ ਬਣਵਾ ਸਕਦੇ ਹੋ। ਇਸ ਲਈ ਤੁਹਾਨੂੰ ਲਰਨਿੰਗ ਡਰਾਈਵਿੰਗ ਲਾਇਸੈਂਸ ਲਈ 520 ਅਤੇ ਪੱਕੇ ਲਈ 1370 ਰੁਪਏ ਫੀਸ ਦੇਣੀ ਪਵੇਗੀ। ਜੇਕਰ ਤੁਸੀਂ ਰੀਨਿਊ ਕਰਵਾਉਂਦੇ ਹੋ ਤਾਂ ਫਿਰ ਲਰਨਿੰਗ ਦੀ 520 ਰੁਪਏ ਦੇ ਨਾਲ-ਨਾਲ ਪੱਕੇ ਦੀ ਦੂਜੇ ਸਾਲ ਦੀ ਦੇਰੀ ਲਈ 1520 ਰੁਪਏ ਦੇਣੇ ਹੀ ਪੈਣਗੇ। ਇਸ ਤੋਂ ਜ਼ਿਆਦਾ ਦੇਰੀ ਹੋਈ ਤਾਂ ਫਿਰ ਜੁਰਮਾਨਾ ਵਧਦਾ ਜਾਵੇਗਾ। ਮਹੱਤਵਪੂਰਨ ਇਹ ਹੈ ਕਿ ਜੇਕਰ ਤੁਸੀਂ ਲਾਇਸੈਂਸ ਰੀਨਿਊ ਨਹੀਂ ਕਰਵਾਉਂਦੇ ਅਤੇ ਨਵਾਂ ਬਣਵਾਉਂਦੇ ਹੋ ਤਾਂ ਫਿਰ ਤੁਹਾਡਾ ਡਰਾਈਵਿੰਗ ਦਾ ਤਜਰਬਾ ਲਾਇਸੈਂਸ ਵਿਚ ਨਹੀਂ ਦਿਸੇਗਾ।

ਵਿਦੇਸ਼ 'ਚ ਰਹਿ ਰਹੇ ਅਤੇ ਕੰਮਕਾਜੀ ਲੋਕਾਂ ਦੀ ਪ੍ਰੇਸ਼ਾਨੀ ਵਧੀ
ਮੋਟਰ ਵ੍ਹੀਕਲ ਐਕਟ ਦੇ ਨਵੇਂ ਨਿਯਮ ਨਾਲ ਉਨ੍ਹਾਂ ਲੋਕਾਂ ਨੂੰ ਮੁਸ਼ਕਲ ਹੋਵੇਗੀ, ਜੋ ਵਿਦੇਸ਼ ਵਿਚ ਹਨ ਜਾਂ ਫਿਰ ਕੰਮਕਾਜ ਦੇ ਸਿਲਸਿਲੇ ਵਿਚ ਹੋਰ ਸੂਬਿਆਂ ਵਿਚ ਰਹਿੰਦੇ ਹਨ। ਹੁਣ ਉਨ੍ਹਾਂ ਨੂੰ ਸਮੇਂ 'ਤੇ ਡਰਾਈਵਿੰਗ ਲਾਇਸੈਂਸ ਰੀਨਿਊ ਕਰਵਾਉਣਾ ਪਵੇਗਾ ਜਾਂ ਫਿਰ ਡਰਾਈਵਿੰਗ ਟੈਸਟ ਦੇਣ ਲਈ ਟਰੈਕ 'ਤੇ ਪੁੱਜਣਾ ਪਵੇਗਾ।


author

Shyna

Content Editor

Related News