''ਮਹਿੰਗੀ ਸ਼ਰਾਬ ਪੀਣ ਲਈ ਤਿਆਰ ਰਹਿਣ ਪਿਆਕੜ''

Monday, Jun 01, 2020 - 03:16 PM (IST)

''ਮਹਿੰਗੀ ਸ਼ਰਾਬ ਪੀਣ ਲਈ ਤਿਆਰ ਰਹਿਣ ਪਿਆਕੜ''

ਜਲੰਧਰ  (ਬੁਲੰਦ) : ਸ਼ਹਿਰ ਵਾਸੀ ਆਉਣ ਵਾਲੇ ਦਿਨਾਂ 'ਚ ਮਹਿੰਗੀ ਸ਼ਰਾਬ ਲੈਣ ਲਈ ਤਿਆਰ ਹੋ ਜਾਣ। ਆਬਕਾਰੀ ਵਿਭਾਗ ਦੇ ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਜਿਸ ਤਰ੍ਹਾਂ ਸਰਕਾਰ ਨੇ ਆਪਣਾ ਰੈਵਨਿਊ ਪੂਰਾ ਕਰਣ ਲਈ ਵੱਡੇ ਸ਼ਰਾਬ ਕਾਰੋਬਾਰੀਆਂ ਨੂੰ ਕਈ ਪ੍ਰਕਾਰ ਦੀਆਂ ਰਾਹਤਾਂ ਅਤੇ ਭਵਿੱਖ 'ਚ ਉਨ੍ਹਾਂ ਨੂੰ ਕਿਸੇ ਪ੍ਰਕਾਰ ਦੀ ਪ੍ਰੇਸ਼ਾਨੀ ਨਾ ਆਉਣ ਦੇਣ ਦਾ ਭਰੋਸਾ ਦੇ ਕੇ ਜਲੰਧਰ ਦੇ ਪੈਂਡਿੰਗ ਸ਼ਰਾਬ ਗਰੁੱਪ ਵੇਚ ਦਿੱਤੇ ਹਨ। ਉਸ ਦੇ ਬਾਅਦ ਤੋਂ ਹੁਣ ਸ਼ਰਾਬ ਕਾਰੋਬਾਰੀ ਆਪਣੇ ਕੰਮ-ਕਾਜ ਨੂੰ ਘਾਟੇ ਤੋਂ ਬਚਾਉਣ ਦੇ ਉਪਰਾਲਿਆਂ ਵਿਚ ਜੁੱਟ ਗਏ ਹਨ।

ਸਿੰਡੀਕੇਟ ਦੇ ਠੇਕੇਦਾਰਾਂ ਦੀ ਹੋਈ ਗੁਪਤ ਬੈਠਕ
ਕਲ ਵਿਕੇ ਸ਼ਰਾਬ ਠੇਕਿਆਂ ਦੇ ਬਾਅਦ ਤੋਂ ਸ਼ਹਿਰ ਵਿਚ ਬਣੇ ਸ਼ਰਾਬ ਕਾਰੋਬਾਰੀਆਂ ਦੇ ਸਿੰਡੀਕੇਟ ਦੇ ਵੱਡੇ ਠੇਕੇਦਾਰਾਂ ਦੀ ਇਕ ਗੁਪਤ ਬੈਠਕ ਹੋਣ ਦੀ ਸੂਚਨਾ ਹੈ । ਬੈਠਕ 'ਚ ਤੈਅ ਕੀਤਾ ਗਿਆ ਕਿ ਜਿਸ ਤਰ੍ਹਾਂ ਸਰਕਾਰ ਨੇ ਸਾਢੇ ਪੰਜ ਫ਼ੀਸਦੀ ਫੀਸ ਵਧਾ ਕੇ ਠੇਕੇ ਵੇਚੇ ਹਨ, ਉਸ ਨਾਲ ਸ਼ਰਾਬ ਕਾਰੋਬਾਰੀਆਂ 'ਤੇ ਬੋਝ ਵੱਧਿਆ ਹੈ। ਅਜਿਹੇ ਵਿਚ ਹੁਣ ਜ਼ਰੂਰੀ ਹੋ ਗਿਆ ਹੈ ਕਿ ਸ਼ਰਾਬ ਦੇ ਰੇਟ ਵਧਾ ਕੇ ਆਪਣਾ ਲਾਭ ਇਕੱਠਾ ਕੀਤਾ ਜਾਵੇ। ਜਾਣਕਾਰਾਂ ਦੀ ਮੰਨੀਏ ਤਾਂ ਸ਼ਰਾਬ ਕਾਰੋਬਾਰੀਆਂ ਨੇ ਤੈਅ ਕੀਤਾ ਹੈ ਕਿ ਸ਼ਰਾਬ ਦੀਆਂ ਕੀਮਤਾਂ ਵਿਚ 10 ਰੁਪਏ ਪ੍ਰਤੀ ਬੋਤਲ ਵਾਧਾ ਕਰ ਦਿੱਤਾ ਜਾਵੇ ।

ਕੋਰੋਨਾ ਸੈੱਸ ਲਗਾਉਣ ਦੀ ਤਿਆਰੀ ਵਿਚ ਸਰਕਾਰ
ਜਿੱਥੇ ਇਕ ਪਾਸੇ ਸ਼ਰਾਬ ਕਾਰੋਬਾਰੀਆਂ ਨੇ ਸਿੰਡੀਕੇਟ ਬਣਾ ਕੇ ਆਪਣੀ ਮਰਜ਼ੀ ਨਾਲ ਸ਼ਰਾਬ ਦੇ ਰੇਟ ਤੈਅ ਕਰਨ ਦਾ ਫੈਸਲਾ ਕੀਤਾ ਹੈ, ਉਥੇ ਹੀ ਸਰਕਾਰ ਨੇ ਸ਼ਰਾਬ ਦੇ ਕਾਰੋਬਾਰ ਦੇ ਨਾਂ 'ਤੇ ਆਪਣਾ ਖ਼ਜਾਨਾ ਭਰਨ ਲਈ ਯੋਜਨਾ ਕਰਨੀ ਸ਼ੁਰੂ ਕਰ ਦਿੱਤੀ ਹੈ । ਮਾਮਲੇ ਬਾਰੇ ਵਿਭਾਗੀ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਜਲਦੀ ਹੀ ਆਬਕਾਰੀ ਵਿਭਾਗ ਵਲੋਂ ਸੂਬੇ 'ਚ ਸ਼ਰਾਬ 'ਤੇ ਕੋਰੋਨਾ ਸੈੱਸ ਲਗਾਉਣ ਦਾ ਐਲਾਨ ਕੀਤਾ ਜਾ ਸਕਦਾ ਹੈ । ਜਾਣਕਾਰੀ ਅਨੁਸਾਰ ਸੂਬੇ ਵਿਚ ਕੋਰੋਨਾ ਸੈੱਸ ਦੇ ਨਾਂ 'ਤੇ ਸ਼ਰਾਬ ਦੀ ਪ੍ਰਤੀ ਬੋਤਲ 'ਤੇ 20 ਤੋਂ 50 ਰੁਪਏ ਤੱਕ ਸੈੱਸ ਲੱਗ ਸਕਦਾ ਹੈ । ਇਹ ਵਿਦੇਸ਼ੀ ਅਤੇ ਦੇਸੀ ਸ਼ਰਾਬ ਦੇ ਹਿਸਾਬ ਨਾਲ ਤੈਅ ਹੋਵੇਗਾ । ਇਸ ਦੇ ਇਲਾਵਾ ਕੁਝ ਫੀਸਾਂ ਵਿਚ ਵੀ ਵਾਧਾ ਹੋ ਸਕਦਾ ਹੈ । ਇਸ ਸਭ ਦੇ ਦਰਮਿਆਨ ਸ਼ਰਾਬ ਠੇਕੇਦਾਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਲਈ ਇਹ ਸਾਲ ਬਹੁਤ ਮੁਸ਼ਕਿਲ ਹੈ ਕਿਉਂਕਿ ਲੇਬਰ ਪੰਜਾਬ ਤੋਂ ਜਾ ਚੁੱਕੀ ਹੈ, ਅਜਿਹੇ 'ਚ ਸ਼ਰਾਬ ਦੀ ਖਰੀਦਦਾਰੀ 'ਚ ਮੰਦੀ ਅਤੇ ਲਾਕਡਾਊਨ ਦੇ ਕਾਰਨ ਭਾਰੀ ਕਮੀ ਆਈ ਹੈ । ਇਸ ਸਮੇਂ 50 ਫ਼ੀਸਦੀ ਕੰਮ-ਕਾਜ ਰਹਿ ਗਿਆ ਹੈ, ਜਿਸ ਕਾਰਨ ਸ਼ਰਾਬ ਦੇ ਰੇਟ ਵਧਾਉਣਾ ਮਜਬੂਰੀ ਬਣ ਗਿਆ ਹੈ ।

ਨਾਰਾਜ਼ ਸ਼ਰਾਬ ਕਾਰੋਬਾਰੀਆਂ ਨੂੰ ਹਰ ਸਹੂਲਤ ਦਾ ਭਰੋਸਾ
ਜਾਣਕਾਰਾਂ ਦੀ ਮੰਨੀਏ ਤਾਂ ਜਲੰਧਰ 'ਚ ਬਣੇ ਸ਼ਰਾਬ ਸਿੰਡੀਕੇਟ ਵਿਚ ਸਾਰੇ ਵੱਡੇ ਗਰੁੱਪਾਂ ਨੂੰ ਆਬਕਾਰੀ ਵਿਭਾਗ ਨੇ ਠੇਕੇ ਖਰੀਦਣ ਲਈ ਬਹੁਤ ਮੁਸ਼ਕਲ ਨਾਲ ਮਨਾਇਆ ਹੈ । ਜਾਣਕਾਰਾਂ ਦੀ ਮੰਨੀਏ ਤਾਂ ਆਬਕਾਰੀ ਵਿਭਾਗ ਵਲੋਂ ਇਸ ਸਿੰਡੀਕੇਟ ਨੂੰ ਭਰੋਸਾ ਦਵਾਇਆ ਗਿਆ ਹੈ ਕਿ ਤੁਸੀਂ ਖੁੱਲ੍ਹ ਕੇ ਕੰਮ ਕਰੋ, ਤੁਹਾਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਨਹੀਂ ਹੋਣ ਦਿੱਤੀ ਜਾਵੇਗੀ । ਇਸ ਦੇ ਨਾਲ ਹੀ ਪਿਛਲੇ ਕਈ ਦਿਨਾਂ ਤੋਂ ਇਨ੍ਹਾਂ ਸ਼ਰਾਬ ਠੇਕੇਦਾਰਾਂ ਨੂੰ ਵਿਭਾਗ ਨੇ ਇਸ ਕਦਰ ਰਿਆਇਤ ਦਿੱਤੀ ਹੈ ਕਿ ਲਾਕਡਾਊੁਨ 'ਚ ਜਿੱਥੇ ਸਰਕਾਰ ਦੇ ਹੁਕਮ ਸ਼ਾਮ 6 ਵਜੇ ਤੱਕ ਠੇਕੇ ਖੋਲ੍ਹਣ ਦੇ ਹਨ, ਉਥੇ ਹੀ ਜ਼ਿਲ੍ਹੇ 'ਚ ਰਾਤ 10 ਵਜੇ ਤੱਕ ਸ਼ਰਾਬ ਵੇਚ ਕੇ ਇਨ੍ਹਾਂ ਕਾਰੋਬਾਰੀਆਂ ਨੂੰ ਫਾਇਦਾ ਦਿੱਤਾ ਜਾ ਰਿਹਾ ਹੈ । ਅਜਿਹੇ 'ਚ ਵੇਖਣਾ ਹੋਵੇਗਾ ਕਿ ਅੱਗੇ-ਅੱਗੇ ਇਹ ਸ਼ਰਾਬ ਸਿੰਡੀਕੇਟ ਕੀ-ਕੀ ਮੰਨਮਾਨੀਆ ਕਰਦਾ ਹੈ ।


author

Anuradha

Content Editor

Related News