‘ਚੰਦਰਭਾਨ’ ਡਰੇਨ ਦੇ ਓਵਰਫਲੋਅ ਹੋਣ ਕਾਰਨ ਸੈਂਕੜੇ ਏਕੜ ਫਸਲ ਡੁੱਬੀ
Monday, Jul 23, 2018 - 08:25 AM (IST)

ਨਿਹਾਲ ਸਿੰਘ ਵਾਲਾ/ਬਿਲਾਸਪੁਰ(ਬਾਵਾ, ਜ.ਬ.) - ‘ਚੰਦਰਭਾਨ ’ ਡਰੇਨ ਦੇ ਓਵਰਫਲੋਅ ਹੋਣ ਕਾਰਨ ਰਾਸ਼ਟਰੀ ਮਾਰਗ ’ਤੇ ਅਾਵਾਜਾਈ ਅੱਜ 5ਵੇਂ ਦਿਨ ਵੀ ਪ੍ਰਭਾਵਿਤ ਰਹੀ। ਲੋਕਾਂ ਦੀ ਸਾਰ ਲੈਣ ਲਈ ਨਾ ਤਾਂ ਡਿਪਟੀ ਕਮਿਸ਼ਨਰ ਮੋਗਾ ਅਤੇ ਨਾ ਹੀ ਐੱਸ. ਡੀ. ਐੱਮ. ਨਿਹਾਲ ਸਿੰਘ ਵਾਲਾ ਪਹੁੰਚੇ। ਰਾਸ਼ਟਰੀ ਮਾਰਗ ਦੇ ਬੰਂਦ ਹੋਣ ਕਾਰਨ ਹਜ਼ਾਰਾਂ ਵ੍ਹੀਕਲਾਂ ਨੂੰ ਰੋਜ 10 ਤੋਂ 15 ਕਿਲੋਮੀਟਰ ਵੱਧ ਸਫਰ ਤੈਅ ਕਰਨਾ ਪੈ ਰਿਹਾ ਹੈ। ਇਸ ਸਮੱਸਿਆ ਕਾਰਨ ਲੰਬੇ ਰੂਟ ਦੀਆਂ ਬੱਸਾਂ ਨੇ ਤਾਂ ਪਿੰਡ ਮਾਛੀਕੇ ਨੂੰ ਜਾਣਾ ਬੰਦ ਕਰ ਦਿੱਤਾ ਹੈ ਜੋ ਕਿ ਹਿੰਮਤਪੁਰਾ ਤੋਂ ਸਿੱਧਾ ਬਿਲਾਸਪੁਰ ਨੂੰ ਜਾ ਰਹੀਆਂ ਹਨ, ਜਿਸ ਕਾਰਨ ਮਾਛੀਕੇ ਜਾਣ ਵਾਲੇ ਲੋਕ ਹੋਰ ਗੰਭੀਰ ਸਮੱਸਿਆ ਦਾ ਸਾਹਮਣਾ ਕਰ ਰਹੇ ਹਨ।
ਇਸ ਚੰਦਭਾਨ ਡਰੇਨ ਦੀ ਲਪੇਟ ’ਚ ਪਿੰਡ ਹਿੰਮਤਪੁਰਾ ਤੋਂ ਇਲਾਵਾ ਰਾਏਕੋਟ ਨਜ਼ਦੀਕ ਪਿੰਡ ਧੂਡ਼ਕੋਟ ਦਾ ਸੈਂਕਡ਼ੇ ਏਕਡ਼ ਝੋਨਾਂ ਪਾਣੀ ਦੀ ਲਪੇਟ ’ਚ ਆ ਚੁੱਕਾ ਹੈ ਪਰ ਸਰਕਾਰ ਅਤੇ ਪ੍ਰਸ਼ਾਸਨਿਕ ਅਧਿਕਾਰੀ ਹਾਲੇ ਵੀ ਗੂਡ਼ੀ ਨੀਂਦ ਸੁੱਤੇ ਹੋਏ ਹਨ। ਅੱਜ ਫਿਰ ਐੱਸ. ਡੀ. ਐੱਮ. ਨਿਹਾਲ ਸਿੰਘ ਵਾਲਾ ਨੂੰ ਵਾਰ-ਵਾਰ ਫੋਨ ਲਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਉਹ ਅੱਗੋ ਫੋਨ ਕੱਟਦੇ ਰਹੇ।
ਪ੍ਰਸ਼ਾਸਨ ਨੇ ਨਹੀਂ ਲਾਏ ਚਿਤਾਵਨੀ ਬੋਰਡ
ਰਾਸ਼ਟਰੀ ਮਾਰਗ ’ਤੇ ਡਰੇਨ ਦਾ ਪੁਲ ਟੁੱਟ ਜਾਣ ’ਤੇ ਦੂਰ ਦੁਰਾਡੇ ਤੋਂ ਆ ਰਹੀ ਟਰੈਫਿਕ ਨੂੰ ਸਮੱਸਿਅਾਂ ਤੋਂ ਜਾਣੂ ਕਰਵਾਉਦੇ ਕੋਈ ਸਾਇਨ ਬੋਰਡ ਨਹੀਂ ਲਾਏ ਗਏ, ਜਿਸ ਕਾਰਨ ਤੇਜ ਰਫਤਾਰ ਨਾਲ ਆ ਰਹੀਆਂ ਗੱਡੀਆਂ ਕਿਸੇ ਸਮੇਂ ਵੀ ਇਸ ਡਰੇਨ ’ਚ ਡਿੱਗ ਸਕਦੀਆਂ ਹਨ। ਇਸ ਤੋਂ ਇਲਾਵਾ ਲਿੰਕ ਰੋਡ ਵੱਲ ਜਾਣ ਵਾਲੀ ਟਰੈਫਿਕ ਨੂੰ ਰਾਹ ਦੱਸਣ ਲਈ ਵੀ ਕੋਈ ਸਾਇਨ ਬੋਰਡ ਨਹੀਂ ਲਾਏ ਗਏ।
ਪ੍ਰਸ਼ਾਸਨਿਕ ਅਧਿਕਾਰੀਆਂ ਨੇ 5ਵੇਂ ਦਿਨ ਵੀ ਨਾ ਲਈ ਲੋਕਾਂ ਦੀ ਸਾਰ
ਇਸ ਗੰਭੀਰ ਸਮੱਸਿਅਾਂ ਨੂੰ ਪੰਜ ਦਿਨ ਲੰਘ ਚੁੱਕੇ ਹਨ ਪਰ ਇਸ ਦਾ ਯੋਗ ਹੱਲ ਕਰਨ ਲਈ ਹਾਲੇ ਵੀ ਜ਼ਿਲਾ ਪ੍ਰਸ਼ਾਸਨਿਕ ਅਧਿਕਾਰੀ ਸ਼ਾਇਦ ਵੱਡੇ ਹਾਦਸੇ ਦੀ ਉਡੀਕ ’ਚ ਹਨ। ਪਿੰਡ ਹਿੰਮਤਪੁਰਾ ਦੇ ਸਰਪੰਚ ਚਰਨ ਸਿੰਘ ਨੇ ਦੁਖੀ ਮਨ ਨਾਲ ਕਿਹਾ ਕਿ ਡਿਪਟੀ ਕਮਿਸ਼ਨਰ ਅਤੇ ਐੱਸ. ਡੀ. ਐੱਮ. ਦੇ ਧਿਆਨ ’ਚ ਮਾਮਲਾ ਆਉਣ ’ਤੇ ਉਨ੍ਹਾਂ ਨਾ ਤਾਂ ਖੁਦ ਆ ਕੇ ਇਸ ਮਾਮਲੇ ਨੂੰ ਹੱਲ ਕਰਨ ਦੀ ਕੋਈ ਲੋਡ਼ ਸਮਝੀ ਅਤੇ ਨਾ ਹੀ ਅਧਿਕਾਰੀਆਂ ਨੂੰ ਕੋਈ ਸਖਤ ਹਦਾਇਤ ਜਾਰੀ ਕੀਤੀ, ਜਿਸ ਕਾਰਨ ਪੰਜ ਦਿਨ ਤੋਂ ਕਈ ਜ਼ਿਲਿਆਂ ਦੇ ਲੋਕ ਭਾਰੀ ਮੁਸ਼ਕਲ ਦਾ ਸ਼ਿਕਾਰ ਹੋ ਰਹੇ ਹਨ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪ੍ਰਦਰਸ਼ਨ ਦੌਰਾਨ ਰਾਸ਼ਟਰੀ ਮਾਰਗ ਨੂੰ ਜਾਮ ਕਰਨ ਤੇ ਲੋਕਾਂ ’ਤੇ ਕੇਸ ਦਰਜ ਕਰਨ ਵਾਲਾ ਪੁਲਸ ਪ੍ਰਸ਼ਾਸਨ ਹੁਣ ਠੇਕੇਦਾਰਾਂ ਦੀ ਗਲਤੀ ਨਾਲ ਬੰਦ ਹੋਏ ਰਾਸ਼ਟਰੀ ਮਾਰਗ ਦੇ ਦੋਸ਼ੀਆਂ ਖਿਲਾਫ ਕਾਰਵਾਈ ਕਿਉ ਨਹੀਂ ਅਮਲ ’ਚ ਲਿਆ ਰਿਹਾ।