ਖ਼ੁਦ ਦੀਆਂ ਲੋੜਾਂ ਪੂਰੀਆਂ ਹੋਣ ਉਪਰੰਤ ਸਮਾਜ ਦੀਆਂ ਜ਼ਰੂਰਤਾਂ ਵੱਲ ਧਿਆਨ ਦੇਣਾ ਜ਼ਰੂਰੀ: ਡਾ.ਓਬਰਾਏ

Sunday, May 05, 2024 - 06:46 PM (IST)

ਖ਼ੁਦ ਦੀਆਂ ਲੋੜਾਂ ਪੂਰੀਆਂ ਹੋਣ ਉਪਰੰਤ ਸਮਾਜ ਦੀਆਂ ਜ਼ਰੂਰਤਾਂ ਵੱਲ ਧਿਆਨ ਦੇਣਾ ਜ਼ਰੂਰੀ: ਡਾ.ਓਬਰਾਏ

ਜਲੰਧਰ (ਰਮਨਦੀਪ ਸਿੰਘ ਸੋਢੀ)-ਦੁਬਈ ਦੇ ਉੱਘੇ ਕਾਰੋਬਾਰੀ, ਵਿਸ਼ਵ ਪ੍ਰਸਿੱਧ ਸਮਾਜ ਸੇਵੀ ਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁਖੀ ਡਾ. ਸੁਰਿੰਦਰ ਪਾਲ ਸਿੰਘ ਓਬਰਾਏ ਦਾ ਕਹਿਣਾ ਹੈ ਕਿ ਸਿਹਤ ਅਤੇ ਸਿੱਖਿਆ ’ਤੇ ਕੰਮ ਕਰਨਾ ਉਨ੍ਹਾਂ ਦਾ ਮੁੱਖ ਮਕਸਦ ਹੈ। ਓਬਰਾਏ ਮੰਨਦੇ ਹਨ ਕਿ ਅਜੋਕੇ ਦੌਰ ਅੰਦਰ ਮੱਧਵਰਗੀ ਪਰਿਵਾਰ ਵਾਲੇ ਵਿਅਕਤੀ ਨੂੰ ਜਦ ਬੀਮਾਰੀ ਚਿੰਬੜਦੀ ਹੈ ਤਾਂ ਘਰ ਖਾਲੀ ਹੋ ਜਾਂਦਾ ਹੈ ਤੇ ਵਿਅਕਤੀ ਦੀ ਜਾਨ ਚਲੀ ਜਾਂਦੀ ਹੈ। ਇਸੇ ਕਰਕੇ ਸਾਡਾ ਟੀਚਾ ਹੈ ਕਿ ਲੋਕਾਂ ਨੂੰ ਸਿਹਤ ਸਹੂਲਤਾਂ ਅਤੇ ਸਸਤੇ ਚੈੱਕਅਪ ਸਮੇਤ ਇਲਾਜ ਮੁਹੱਈਆ ਕਰਵਾਈਏ ਜਿਸ ਲਈ ਅਸੀਂ ਲੈਬਾਰਟਰੀਆਂ, ਡਾਇਗਨੌਸਟਿਕ ਸੈਂਟਰ ਖੋਲ੍ਹਣ ਸਮੇਤ ਅੱਖਾਂ ਦੇ ਕੈਂਪ ਲਗਵਾ ਕੇ ਫ੍ਰੀ ਇਲਾਜ ਕਰਵਾ ਰਹੇ ਹਾਂ। ਪੇਸ਼ ਹੈ ਉਨ੍ਹਾਂ ਨਾਲ ਕੀਤੀ ਮੁਲਾਕਾਤ ਦੇ ਮੁੱਖ ਅੰਸ਼ :

ਟਰੱਸਟ ਵੱਲੋਂ ਤਾਜ਼ਾ ਕੀ ਚੱਲ ਰਿਹਾ ਹੈ?
ਅਸੀਂ ਅੱਜਕਲ ਜ਼ਿਆਦਾ ਜ਼ੋਰ ਲੈਬਾਰਟਰੀਆਂ ’ਤੇ ਦਿੱਤਾ ਹੈ। ਇਸ ਦੀ ਬਹੁਤ ਜ਼ਿਆਦਾ ਮੰਗ ਸੀ। ਬੀਤੇ ਦਿਨ ਅਸੀਂ ਅੰਮ੍ਰਿਤਸਰ ਦੇ ਚੀਚਾ ਭਕਨਾ ਵਿਖੇ ਲੈਬਾਰਟਰੀ ਖੋਲ੍ਹੀ ਹੈ। ਇਸ ਸਮੇਂ ਪੰਜਾਬ ਸਣੇ ਕੁੱਲ 11 ਸੂਬਿਆਂ ਵਿਚ ਸਰਬੱਤ ਦਾ ਭਲਾ ਟਰੱਸਟ ਦੀਆਂ 96 ਲੈਬਾਰਟਰੀਆਂ ਚੱਲ ਰਹੀਆਂ ਹਨ। ਹਰਿਆਣਾ ਵਿਚ 11, ਰਾਜਸਥਾਨ ਵਿਚ 5, ਹਿਮਾਚਲ ਵਿਚ 6, ਚੰਡੀਗੜ੍ਹ ਵਿਚ 1, ਦਿੱਲੀ ਵਿਚ 3 ਲੈਬਾਰਟਰੀਆਂ ਚੱਲ ਰਹੀਆਂ ਹਨ। ਲੋਕਾਂ ਵਲੋਂ ਲੈਬਾਰਟਰੀਆਂ ਨੂੰ ਬਹੁਤ ਵਧੀਆ ਹੁੰਗਾਰਾ ਮਿਲ ਰਿਹਾ ਹੈ। ਇਕ ਸਾਲ ਵਿਚ ਲਗਭਗ 11 ਲੱਖ 50 ਹਜ਼ਾਰ ਮਰੀਜ਼ਾਂ ਨੇ ਟੈਸਟ ਕਰਵਾਇਆ ਹੈ। ਹੁਣ ਹਰ ਮਹੀਨੇ 1 ਲੱਖ 10-15 ਹਜ਼ਾਰ ਦੀ ਐਵਰੇਜ ਆ ਰਹੀ ਹੈ। ਅਸੀਂ ਨੋ ਪ੍ਰਾਫਿਟ ਤੇ ਨੋ ਲੌਸ ’ਤੇ ਕੰਮ ਕਰ ਰਹੇ ਹਾਂ। ਸਾਡੇ ਪੱਲਿਓਂ ਕੁਝ ਨਹੀਂ ਲੱਗ ਰਿਹਾ। ਜਿਹੜੀ ਲੈਬਾਰਟਰੀ ਅਸੀਂ ਖੋਲ੍ਹਦੇ ਹਾਂ, ਤਕਰੀਬਨ ਇਕ ਮਹੀਨੇ ਵਿਚ ਹੀ ਉਹ ਆਪਣਾ ਭਾਰ ਚੁੱਕ ਲੈਂਦੀ ਹੈ ਅਤੇ ਕਈਆਂ ਨੂੰ ਤਿੰਨ ਤੋਂ ਚਾਰ ਮਹੀਨੇ ਲੱਗ ਜਾਂਦੇ ਹਨ। ਉਦਾਹਰਣ ਦੇ ਤੌਰ ’ਤੇ ਜਿਵੇਂ ਅਸੀਂ ਸਿਧਵਾਂ ਦੋਨਾ ਵਿਚ ਲੈਬਾਰਟਰੀ ਖੋਲ੍ਹੀ। ਇਹ ਲੈਬਾਰਟਰੀ ਪਿੰਡ ਵਿਚ ਹੈ, ਖੋਲ੍ਹਣ ਤੋਂ 10 ਦਿਨਾਂ ਬਾਅਦ ਹੀ ਇਸ ਨੇ ਆਪਣਾ ਖਰਚਾ ਚੁੱਕ ਲਿਆ।

ਇਹ ਵੀ ਪੜ੍ਹੋ-  ਫਾਜ਼ਿਲਕਾ 'ਚ ਭਿਆਨਕ ਹਾਦਸਾ, ਕਾਰ ਤੇ ਮੋਟਰਸਾਈਕਲ ਵਿਚਾਲੇ ਜ਼ਬਰਦਸਤ ਟੱਕਰ, ਦੋ ਲੋਕਾਂ ਦੀ ਤੜਫ਼-ਤੜਫ਼ ਹੋਈ ਮੌਤ

ਟਰੱਸਟ ਲੈਬਾਰਟਰੀ ਦੇ ਰੇਟ ਦਾ ਬਾਜ਼ਾਰ ਨਾਲੋਂ ਕਿੰਨਾ ਫਰਕ ਹੈ?
ਅਸੀਂ ਸਿਰਫ਼ ਦਸ ਫ਼ੀਸਦੀ ਮੁਨਾਫ਼ੇ ’ਤੇ ਕੰਮ ਕਰ ਰਹੇ ਹਾਂ। ਜਿਹੜੇ ਬਾਜ਼ਾਰ ਵਿਚ ਟੈਸਟ 100 ਰੁਪਏ ਦੇ ਹੋ ਰਹੇ, ਅਸੀਂ ਉਹ 10 ਰੁਪਏ ਵਿਚ ਕਰ ਰਹੇ ਹਾਂ। ਬਾਜ਼ਾਰ ਵਿਚ ਈ. ਸੀ. ਜੀ. ਲਈ ਡੇਢ ਤੋਂ ਪੌਣੇ ਦੋ ਸੌ ਰੁਪਏ ਵਸੂਲੇ ਜਾ ਰਹੇ ਪਰ ਅਸੀਂ ਸਿਰਫ 20 ਰੁਪਏ ਵਿਚ ਕਰ ਰਹੇ ਹਾਂ। ਇਕੱਲੇ ਅੰਮ੍ਰਿਤਸਰ ਵਿਚ ਪੰਜ ਲੈਬਾਰਟਰੀਆਂ ਖੋਲ੍ਹੀਆਂ ਗਈਆਂ। ਲੋਕ ਸਾਰੇ ਟੈਸਟਾਂ ਵਿਚ ਰੁਚੀ ਦਿਖਾ ਰਹੇ ਹਨ। ਪੂਰੀ ਬਾਡੀ ਦੇ ਟੈਸਟ ਲਈ ਬਾਹਰ 3 ਤੋਂ 4 ਹਜ਼ਾਰ ਰੁਪਿਆ ਵਸੂਲਿਆ ਜਾ ਰਿਹਾ ਪਰ ਅਸੀਂ ਇਹ ਟੈਸਟ ਮਹਿਜ਼ 320 ਰੁਪਏ ਵਿਚ ਕਰ ਰਹੇ ਹਾਂ। ਮੇਰਾ ਮੁੱਖ ਮਕਸਦ ਹੀ ਇਹੋ ਸੀ ਕਿ ਗਰੀਬ ਤੋਂ ਗਰੀਬ ਵਿਅਕਤੀ ਘੱਟ ਪੈਸਿਆਂ ਵਿਚ ਟੈਸਟ ਕਰਵਾ ਸਕੇ। ਦੂਸਰੀ ਵੱਡੀ ਗੱਲ ਇਹ ਕਿ ਜੇ ਕਿਸੇ ਵਿਅਕਤੀ ਨੂੰ ਕੋਈ ਬੀਮਾਰੀ ਨਿਕਲ ਜਾਂਦੀ ਹੈ ਤਾਂ ਉਹ ਟਰੱਸਟ ਦਾ ਫਾਰਮ ਭਰ ਕੇ ਇਲਾਜ ਲਈ ਵੀ ਮਦਦ ਲੈ ਸਕਦਾ ਹੈ। ਸਾਡੀਆਂ 16 ਤੋਂ 17 ਲੈਬਾਰਟਰੀਆਂ ਪੂਰੀ ਤਰ੍ਹਾਂ ਤਿਆਰ ਹਨ, ਜਿਨ੍ਹਾਂ ਦਾ ਅਗਲੇ ਮਹੀਨੇ ਉਦਘਾਟਨ ਕੀਤਾ ਜਾਵੇਗਾ। ਚੰਡੀਗੜ੍ਹ ਦੇ 34 ਸੈਕਟਰ ਗੁਰਦੁਆਰਾ ਵਿਚ ਪਹਿਲਾਂ ਲੈਬਾਰਟਰੀ ਸ਼ੁਰੂ ਕੀਤੀ ਗਈ, ਇਸ ਦੇ ਨਾਲ ਹੀ ਫਿਜ਼ੀਓਥੈਰੇਪੀ ਸੈਂਟਰ ਸ਼ੁਰੂ ਕੀਤਾ ਗਿਆ, ਜਿਸ ’ਤੇ ਮਾਰਕੀਟ ਨਾਲੋਂ 12 ਫ਼ੀਸਦੀ ’ਤੇ ਇਲਾਜ ਕੀਤਾ ਜਾ ਰਿਹਾ। ਤੀਸਰਾ ਉਥੇ ਡੈਂਟਲ ਕਲੀਨਿਕ ਖੋਲ੍ਹਿਆ ਗਿਆ।

ਹੁਣ ਤਕ ਕਿੰਨੇ ਡੈਂਟਲ ਕਲੀਨਿਕ ਖੋਲ੍ਹੇ ਜਾ ਚੁੱਕੇ ਹਨ?
7 ਤੋਂ 8 ਜਗ੍ਹਾ ਡੈਂਟਲ ਕਲੀਨਿਕ ਖੋਲ੍ਹੇ ਜਾ ਚੁੱਕੇ ਹਨ। ਹੁਣ ਜਿੱਥੇ ਲੈਬਾਰਟਰੀ ਖੋਲ੍ਹੀ ਜਾ ਰਹੀ ਹੈ, ਉਥੇ ਹੀ ਫਿਜ਼ੀਓਥੈਰੇਪੀ ਸੈਂਟਰ ਅਤੇ ਡੈਂਟਲ ਕਲੀਨਿਕ ਵੀ ਨਾਲ ਖੋਲ੍ਹੇ ਜਾ ਰਹੇ ਹਨ। ਇਸ ਤੋਂ ਇਲਾਵਾ ਕਈ ਜਗ੍ਹਾ ਡਿਜੀਟਲ ਐਕਸਰੇ ਮਸ਼ੀਨਾਂ ਵੀ ਲਗਾਈਆਂ ਗਈਆਂ ਹਨ ਜਦਕਿ ਕਈ ਜਗ੍ਹਾ ਜਿੱਥੇ ਡਾਕਟਰ ਹਨ, ਉਥੇ ਅਲਟਰਾਸਾਊਂਡ ਮਸ਼ੀਨਾਂ ਵੀ ਲਗਾਈਆਂ ਗਈਆਂ। ਉਥੇ ਅਲਟਰਾਸਾਊਂਡ 50 ਰੁਪਏ ਵਿਚ, ਡਿਜੀਟਲ ਐਕਸਰਾ 70 ਰੁਪਏ ਵਿਚ ਅਤੇ ਫਿਜ਼ੀਓਥੈਰੇਪੀ ਇਲਾਜ 13 ਫ਼ੀਸਦੀ ’ਤੇ ਕੀਤੇ ਜਾ ਰਹੇ ਹਨ।

ਇਹ ਵੀ ਪੜ੍ਹੋ-  ਦਸੂਹਾ 'ਚ ਵੱਡੀ ਵਾਰਦਾਤ, ਕਿਸਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ, ਖੇਤਾਂ 'ਚੋਂ ਖ਼ੂਨ ਨਾਲ ਲਥਪਥ ਮਿਲੀ ਲਾਸ਼

ਡਾਇਗਨੌਸਟਿਕ ਸੈਂਟਰ ਦੀ ਵੱਡੇ ਪੱਧਰ ’ਤੇ ਮੰਗ ਹੈ, ਇਸ ਦੀ ਕੋਈ ਯੋਜਨਾ ਹੈ?
ਦੇਖੋ ਗੱਲ ਇਸ ਤਰ੍ਹਾਂ ਹੈ, ਜੇਕਰ ਇਕ-ਦੋ ਦੀ ਗੱਲ ਹੋਵੇ ਤਾਂ ਅਸੀਂ ਤੁਰੰਤ ਖੋਲ੍ਹ ਲਈਏ ਪਰ ਮੈਂ 100-150 ਦਾ ਟੀਚਾ ਲੈ ਕੇ ਚੱਲਿਆ ਹਾਂ, ਜਿਸ ਨੂੰ ਥੋੜ੍ਹਾ ਸਮਾਂ ਲੱਗੇਗਾ ਪਰ ਇਸ ਦੇ ਬਾਵਜੂਦ ਅਸੀਂ ਕੰਮ ਕਰ ਰਹੇ ਹਾਂ। ਅੰਮ੍ਰਿਤਸਰ ਵਿਚ ਸਾਰੇ ਸੈਂਟਰ ਖੋਲ੍ਹੇ ਜਾ ਚੁੱਕੇ ਹਨ, ਜਿੱਥੇ ਲੋਕ ਵੱਡੇ ਪੱਧਰ ’ਤੇ ਟੈਸਟ ਕਰਵਾ ਰਹੇ ਹਨ।

ਕੀ ਸਾਰੇ ਟੈਸਟ ਟਰੱਸਟ ਦੀਆਂ ਲੈਬਾਰਟਰੀਆਂ ਵਿਚ ਉਪਲੱਬਧ ਹਨ?
ਨਹੀਂ, ਸਾਰੇ ਟੈਸਟ ਉਪਲੱਬਧ ਨਹੀਂ ਹਨ। ਕੁਝ ਟੈਸਟ ਜਿਹੜੇ ਦਿੱਲੀ, ਮੁੰਬਈ ਭੇਜੇ ਜਾਂਦੇ ਹਨ, ਉਨ੍ਹਾਂ ਲਈ ਅਸੀਂ ਵੱਡੀਆਂ ਲੈਬਾਰਟਰੀਆਂ ਨਾਲ ਟਾਈਅਪ ਕੀਤਾ ਹੈ। ਉਹ ਵੀ ਸਾਨੂੰ ਬਹੁਤ ਘੱਟ ਦਰਾਂ ’ਤੇ ਦਿੰਦੇ ਹਨ। ਸਾਨੂੰ ਜਿਹੜਾ ਰੇਟ ਮਿਲਦਾ ਹੈ, ਉਹੀ ਅਸੀਂ ਅੱਗੇ ਮਰੀਜ਼ ਨੂੰ ਦਿੰਦੇ ਹਾਂ। ਇਸ ਤਰੀਕੇ ਨਾਲ ਲੈਬ ਦਾ ਕੰਮ ਚਲਾਇਆ ਜਾ ਰਿਹਾ ਹੈ। ਮੇਰੀ ਕੋਸ਼ਿਸ਼ ਹੈ ਕਿ 20-25 ਕਿਲੋਮੀਟਰ ਦੇ ਦਾਇਰੇ ਵਿਚ ਇਕ ਲੈਬਾਰਟਰੀ ਹੋਣੀ ਚਾਹੀਦੀ ਹੈ।

ਪੰਜਾਬ ਦੇ ਮੈਡੀਕਲ ਮਾਫ਼ੀਆ ਤੋਂ ਕੋਈ ਪ੍ਰੇਸ਼ਾਨੀ ਤਾਂ ਨਹੀਂ ਆਈ?
ਸ਼ੁਰੂ ਵਿਚ ਪ੍ਰੇਸ਼ਾਨੀਆਂ ਤਾਂ ਬੜੀਆਂ ਆਈਆਂ। ਸਭ ਤੋਂ ਪਹਿਲਾਂ ਅੱਖਾਂ ਦੇ ਕੈਂਪ ਸ਼ੁਰੂ ਕੀਤੇ ਗਏ। ਉਸ ਸਮੇਂ ਡਾਕਟਰਾਂ ਨੂੰ ਬੜੀ ਤਕਲੀਫ ਹੋਈ ਕਿਉਂਕਿ ਆਪ੍ਰੇਸ਼ਨ ਦੇ 10 ਤੋਂ 15 ਹਜ਼ਾਰ ਰੁਪਏ ਵਸੂਲੇ ਜਾਂਦੇ ਸਨ। ਅਸੀਂ ਆਪ੍ਰੇਸ਼ਨ ਫ੍ਰੀ ਸ਼ੁਰੂ ਕਰ ਦਿੱਤੇ। ਇਸ ਦਾ ਨਤੀਜਾ ਇਹ ਨਿਕਲਿਆ ਕਿ ਡਾਕਟਰਾਂ ਨੇ ਆਪ੍ਰੇਸ਼ਨ ਦੇ ਰੇਟ ਘਟਾ ਦਿੱਤੇ। ਇਸ ਤੋਂ ਬਾਅਦ ਜਦੋਂ ਅਸੀਂ ਡਾਇਲਸਿਸ ਸ਼ੁਰੂ ਕੀਤੀ, ਜਿਸ ਦਾ ਇਕ ਮਹੀਨੇ ਦਾ ਖਰਚਾ 40,000 ਤੋਂ 50,000 ਰੁਪਏ ਹੁੰਦਾ ਸੀ, ਅਸੀਂ ਉਹ ਚਾਰ ਹਜ਼ਾਰ ਵਿਚ ਸ਼ੁਰੂ ਕੀਤਾ, ਇਸ ਤੋਂ ਡਾਕਟਰਾਂ ਨੂੰ ਬਹੁਤ ਪ੍ਰੇਸ਼ਾਨੀ ਹੋਈ।

ਇਹ ਵੀ ਪੜ੍ਹੋ-  ਵੱਡੀ ਲਾਪਰਵਾਹੀ: ਪੰਜਾਬ 'ਚ ਚੱਲਦੀ ਟਰੇਨ ਨਾਲੋਂ ਵੱਖ ਹੋਇਆ ਇੰਜਣ, ਹਜ਼ਾਰਾਂ ਯਾਤਰੀਆਂ ਦੀ ਜਾਨ ਦਾਅ 'ਤੇ ਲੱਗੀ

ਹੁਣ ਤਕ ਕਿੰਨੇ ਡਾਇਲਸਿਸ ਯੂਨਿਟ ਲਗਾਏ ਗਏ?
ਹੁਣ ਤਕ 240 ਦੇ ਕਰੀਬ ਡਾਇਲਸਿਸ ਯੂਨਿਟ ਲਗਾਏ ਜਾ ਚੁੱਕੇ ਹਨ। ਪੰਜਾਬ ਤੋਂ ਇਲਾਵਾ 11 ਸੂਬਿਆਂ ਵਿਚ ਇਹ ਯੂਨਿਟ ਸ਼ਾਨਦਾਰ ਤਰੀਕੇ ਨਾਲ ਕੰਮ ਕਰ ਰਹੇ ਹਨ। ਹੁਣ ਤਕ ਲੱਖਾਂ ਦੇ ਹਿਸਾਬ ਨਾਲ ਡਾਇਲਸਿਸ ਹੋ ਚੁੱਕੇ ਹਨ। ਹੁਣ ਤਕ ਅੱਖਾਂ ਦੇ 657 ਕੈਂਪ ਲਗਾਏ ਜਾ ਚੁੱਕੇ ਹਨ। ਇਸ ਵਿਚ 1 ਲੱਖ 15 ਹਜ਼ਾਰ ਆਪ੍ਰੇਸ਼ਨ ਕਰਕੇ ਮਰੀਜ਼ਾਂ ਦੇ ਲੈਨਜ਼ ਪਾਏ ਜਾ ਚੁੱਕੇ ਹਨ। ਇਹ ਫ੍ਰੀ ਕੈਂਪ ਅਜੇ ਵੀ ਲਗਾਤਾਰ ਚੱਲ ਰਹੇ। ਇਸ ਤੋਂ ਬਾਅਦ ਅਸੀਂ ਮੈਡੀਕਲ ਸਟੋਰਾਂ ਵੱਲ ਰੁਖ ਕਰਾਂਗੇ, ਜਿਥੇ ਗਰੀਬਾਂ ਨੂੰ ਸਸਤੇ ਰੇਟਾਂ ’ਤੇ ਦਵਾਈਆਂ ਮਿਲਣਗੀਆਂ। ਸਾਨੂੰ ਪਤਾ ਹੈ ਮੈਡੀਕਲ ਸਟੋਰਾਂ ਦਾ ਵੱਡੇ ਪੱਧਰ ’ਤੇ ਵਿਰੋਧ ਹੋਵੇਗਾ, ਮੈਡੀਕਲ ’ਤੇ ਵੱਡਾ ਮਾਫੀਆ ਕੰਮ ਕਰ ਰਿਹਾ ਹੈ। ਲੈਬਾਰਟਰੀਆਂ ਸ਼ੁਰੂ ਕਰਨ ’ਤੇ ਸਾਨੂੰ ਦਫਤਰ ਆ ਕੇ ਧਮਕੀਆਂ ਦਿੱਤੀਆਂ ਗਈਆਂ ਪਰ ਅਸੀਂ ਆਪਣੇ ਕੰਮ ’ਤੇ ਅੜੇ ਰਹੇ। ਦਵਾਈਆਂ ਵਾਲਾ ਕੰਮ ਥੋੜ੍ਹਾ ਮੁਸ਼ਕਲ ਲੱਗ ਰਿਹਾ ਪਰ ਜ਼ਰੂਰ ਕਰਾਂਗੇ।

ਉਚੇਰੀ ਸਿੱਖਿਆ ਲਈ ਤੁਸੀਂ ਵਿਦਿਆਰਥੀ ਗੋਦ ਕਿਵੇਂ ਲੈਂਦੇ ਹੋ, ਮਾਪਦੰਡ ਕੀ ਹਨ?
ਅਸੀਂ ਬੱਚੇ ਦੇ ਨੰਬਰ ਰੱਖੇ ਹਨ ਕਿ ਇੰਨੇ ਤੋਂ ਇੰਨੇ ਫੀਸਦੀ ਮਾਰਕਸ ਹੋਣੇ ਚਾਹੀਦੇ ਹਨ। ਇਸ ਲਈ ਬਾਕਾਇਦਾ ਸਾਡੀ ਕਮੇਟੀ ਬਣੀ ਹੋਈ ਹੈ, ਜੋ ਤੈਅ ਕਰਦੀ ਹੈ ਕਿ ਕਿਸ ਬੱਚੇ ਨੂੰ ਸਿਲੈਕਟ ਕਰਨਾ ਹੈ। ਉਦਾਹਰਣ ਦੇ ਤੌਰ ’ਤੇ ਅਸੀਂ ਬੱਚਾ ਗੋਦ ਲੈ ਲਿਆ, ਉਸ ਦੇ ਨੰਬਰ 95 ਫੀਸਦੀ ਹਨ ਪਰ ਉਸ ਦੀ ਆਮਦਨ ਦਾ ਸਾਧਨ ਕੀ ਹੈ। ਸਾਡੀ ਕਮੇਟੀ ਦੇਖਦੀ ਹੈ ਕਿ ਇਸ ਬੱਚੇ ਨੂੰ ਕਿੰਨੀ ਫੀਸ ਦੇਣੀ ਹੈ ਜੋ ਅਸੀਂ ਦਿੰਦੇ ਹਾਂ, ਬਾਕੀ ਬੱਚਾ ਦੇਵੇਗਾ।

ਹੁਣ ਤਕ ਤੁਹਾਡੇ ਕੋਲ ਕਿੰਨੇ ਅਜਿਹੇ ਬੱਚੇ ਹਨ?
ਲਗਭਗ 13 ਤੋਂ 14 ਹਜ਼ਾਰ ਬੱਚੇ ਗੋਦ ਲੈ ਚੁੱਕੇ ਹਾਂ। ਅਸੀਂ 2013 ਤੋਂ ਬੱਚਿਆਂ ਨੂੰ ਗੋਦ ਲੈਣਾ ਸ਼ੁਰੂ ਕੀਤਾ ਸੀ। ਸਭ ਤੋਂ ਪਹਿਲਾਂ ਮੋਦੀ ਕਾਲਜ ਜਿੱਥੇ ਅਸੀਂ 100 ਬੱਚੇ ਗੋਦ ਲਏ, ਅੱਜ ਵੀ ਹਰ ਸਾਲ 100 ਬੱਚਾ ਮੋਦੀ ਕਾਲਜ ਦਾ ਅਸੀਂ ਗੋਦ ਲੈ ਰਹੇ ਹਾਂ। ਇਸ ਤੋਂ ਬਾਅਦ ਪੰਜਾਬੀ ਯੂਨੀਵਰਸਿਟੀ, ਪੰਜਾਬ ਯੂਨੀਵਰਸਿਟੀ, ਖਾਲਸਾ ਕਾਲਜ, ਮਾਤਾ ਗੁਜਰੀ ਕਾਲਜ ਇਨ੍ਹਾਂ ਸਾਰੇ ਕਾਲਜਾਂ ਨੂੰ ਮਿਲਾ ਕੇ ਹਰ ਸਾਲ 1250 ਬੱਚਾ ਗੋਦ ਲਿਆ ਜਾ ਰਿਹਾ ਹੈ। ਇਕ ਗੱਲ ਹੋਰ, ਜੇ ਕੋਈ ਅਜਿਹਾ ਬੱਚਾ ਵੀ ਹੈ, ਜਿਸ ਦੇ ਸਿੰਗਲ ਪੇਰੈਂਟਸ ਹਨ ਜਾਂ ਪੇਰੈਂਟਸ ਨਹੀਂ ਹਨ, ਅਜਿਹੇ ਬੱਚੇ ਦੇ ਅਸੀਂ ਨੰਬਰ ਨਹੀਂ ਦੇਖਦੇ, ਉਸ ਦੀ ਪੂਰੀ ਫ਼ੀਸ ਮੁਆਫ਼ ਕੀਤੀ ਜਾਂਦੀ ਹੈ।

ਇਹ ਵੀ ਪੜ੍ਹੋ- ਸਾਵਧਾਨ! ਜਲੰਧਰ 'ਚ ਬਾਬੇ ਦਾ ਰੂਪ ਧਾਰਨ ਕਰ ਘੁੰਮ ਰਹੇ ਨੌਸਰਬਾਜ਼, ਪਤੀ-ਪਤਨੀ ਨਾਲ ਵਾਪਰੀ ਘਟਨਾ ਜਾਣ ਹੋਵੋਗੇ ਹੈਰਾਨ

ਕੀ ਦਿਵਿਆਂਗ ਬੱਚਿਆਂ ਲਈ ਖੋਲ੍ਹੀ ਜਾਵੇਗੀ ਯੂਨੀਵਰਸਿਟੀ?
ਜੀ ਹਾਂ, ਇਸ ਲਈ ਜ਼ਮੀਨ ਅੱਜ ਵੀ ਮੌਜੂਦ ਹੈ ਪਰ ਇਹ ਕੰਮ ਸਿਰੇ ਨਹੀਂ ਚੜ੍ਹ ਸਕਿਆ ਕਿਉਂਕਿ ਪਹਿਲਾਂ ਆਈ. ਆਈ. ਟੀ. ਰੋਪੜ ਨਾਲ ਸਾਡਾ ਐੱਮ. ਓ. ਯੂ. ਸਾਈਨ ਹੋਇਆ। ਹੁਣ ਆਈ. ਆਈ. ਟੀ. ਚੇਨਈ ਨਾਲ ਸਾਡਾ ਨਵਾਂ ਐਗਰੀਮੈਂਟ ਸਾਈਨ ਹੋ ਰਿਹਾ ਹੈ, ਇਸ ਲਈ ਬਾਕਾਇਦਾ ਉਹ ਚੇਨਈ ਜਾ ਰਹੇ ਹਨ। ਇਸ ਨਾਲ ਸਪੈਸ਼ਲ ਚਾਈਲਡ ਲਈ ਯੂਨੀਵਰਿਸਟੀ ਖੋਲ੍ਹੀ ਜਾਵੇਗੀ। ਇਸ ਵਿਚ 12-13 ਕੈਟਾਗਿਰੀਆਂ ਸ਼ਾਮਲ ਕੀਤੀਆਂ ਗਈਆਂ। ਸਕੀਮਾਂ ਹੋਰ ਵੀ ਚੱਲ ਰਹੀਆਂ ਹਨ ਪਰ ਸਮੇਂ-ਸਮੇਂ ਆਈਆਂ ਆਫਤਾਂ ਕਾਰਨ ਕੋਈ ਨਾ ਕੋਈ ਨਵਾਂ ਕੰਮ ਸ਼ੁਰੂ ਹੋ ਜਾਂਦਾ ਹੈ। ਪਹਿਲਾਂ 2019 ਵਿਚ ਕੋਵਿਡ ਕਾਰਨ, ਫਿਰ ਹੜ੍ਹਾਂ ਕਾਰਨ ਭਾਰੀ ਨੁਕਸਾਨ ਹੋਇਆ। ਇਸ ਕਾਰਨ ਮਕਾਨਾਂ ਨੂੰ ਵੱਡੇ ਪੱਧਰ ’ਤੇ ਨੁਕਸਾਨ ਪੁੱਜਾ ਹੈ। ਇਸ ਲਈ ਟਰੱਸਟ ਵਲੋਂ 15 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ। ਇਸ ਦੀਆਂ ਸਾਡੇ ਕੋਲ 2300-2400 ਅਰਜ਼ੀਆਂ ਆਈਆਂ ਹਨ, 730 ਮਕਾਨ ਬਣਵਾ ਕੇ ਦਿੱਤੇ ਜਾ ਰਹੇ ਹਨ। ਕਈ ਮਕਾਨ ਰੈਨੋਵੇਟ ਹੋ ਰਹੇ ਹਨ। ਮੇਰਾ ਚਾਰ ਹਜ਼ਾਰ ਮਕਾਨਾਂ ਦਾ ਟੀਚਾ ਹੈ, ਜਿਸ ਵਿਚ ਨਵੇਂ ਵੀ ਬਣਾਏ ਜਾਣਗੇ ਤੇ ਰਿਪੇਅਰ ਵੀ ਕੀਤੇ ਜਾਣਗੇ। ਇਸ ਕੰਮ ਲਈ ਵੱਖਰੀਆਂ ਟੀਮਾਂ ਲੱਗੀਆਂ ਹੋਈਆਂ।

ਟਰੱਸਟ ਵੱਲੋਂ ਚੱਲ ਰਹੀਆਂ ਮੁੱਖ ਸੇਵਾਵਾਂ
• ਉਚੇਰੀ ਸਿੱਖਿਆ ਲਈ 14 ਹਜ਼ਾਰ ਬੱਚੇ ਗੋਦ ਲਏ ਜਾ ਚੁੱਕੇ ਹਨ।
• ਅੱਖਾਂ ਦੇ 657 ਕੈਂਪ ਲਗਾਏ ਜਾ ਚੁੱਕੇ ਹਨ।
• 11 ਸੂਬਿਆਂ ਵਿਚ ਖੋਲ੍ਹ ਚੁੱਕੇ ਹਾਂ 96 ਲੈਬਾਰਟਰੀਆਂ
• 240 ਡਾਇਲਸਿਸ ਯੂਨਿਟ ਲਗਾਏ ਜਾ ਚੁੱਕੇ ਹਨ।
• 11000 ਦੇ ਨੇੜੇ ਵਿਧਵਾ ਪੈਨਸ਼ਨਾਂ ਜਾ ਰਹੀਆਂ ਹਨ।
• 4 ਹਜ਼ਾਰ ਮਕਾਨ ਬਣਾਉਣ ਦਾ ਟੀਚਾ।
• 138 ਬੱਚਿਆਂ ਦੀ ਫਾਂਸੀ ਮੁਆਫ਼ ਕਰਵਾ ਚੁੱਕੇ ਹਾਂ।
• ਜੇਲ੍ਹਾਂ 'ਚ ਬੰਦ 1300 ਤੋਂ ਵੱਧ ਨੌਜਵਾਨ ਵਤਨ ਵਾਪਸ ਲਿਆਂਦੇ।
• 300 ਤੋਂ ਵੱਧ ਕਿਸਾਨਾਂ ਦੀਆਂ ਪੈਨਸ਼ਨਾਂ ਲਾਈਆਂ ਜਾ ਰਹੀਆਂ ਹਨ।
• 1550 ਆਰ. ਓ. ਸਿਸਟਮ ਲਗਾਏ।
• ਪੰਜਾਬ ਭਰ ਵਿਚ ਟਰੱਸਟ ਦੇ 30 ਦਫ਼ਤਰ ਹਨ ਕਾਰਜਸ਼ੀਲ।

ਇਹ ਵੀ ਪੜ੍ਹੋ- ਚੂੜੇ ਵਾਲੀ ਪ੍ਰੇਮਿਕਾ ਨਾਲ ਰੰਗਰਲੀਆਂ ਮਨਾਉਂਦੇ ਹੋਟਲ 'ਚੋਂ ਪਤਨੀ ਨੇ ਰੰਗੇ ਹੱਥੀਂ ਫੜਿਆ ਪਤੀ, ਵੀਡੀਓ ਹੋਈ ਵਾਇਰਲ

 

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News