ਡਾ. ਓਬਰਾਏ ਦੀ ਬਦੌਲਤ ਤਜਿੰਦਰ ਦੀ ਮ੍ਰਿਤਕ ਦੇਹ ਨੂੰ ਨਸੀਬ ਹੋਈ ਆਪਣੀ ਮਿੱਟੀ, ਦੁਬਈ ’ਚ ਹੋਈ ਸੀ ਮੌਤ

Saturday, Apr 09, 2022 - 07:10 PM (IST)

ਅੰਮ੍ਰਿਤਸਰ (ਸੰਧੂ)-ਆਪਣੇ ਪਰਿਵਾਰਾਂ ਨੂੰ ਆਰਥਿਕ ਮੰਦਹਾਲੀ ’ਚੋਂ ਕੱਢਣ ਲਈ ਆਪਣੇ ਘਰ ਤੇ ਜ਼ਮੀਨਾਂ ਆਦਿ ਗਹਿਣੇ ਧਰ ਕੇ ਖਾੜੀ ਮੁਲਕਾਂ ’ਚ ਮਿਹਨਤ-ਮਜ਼ਦੂਰੀ ਕਰਨ ਗਏ ਲੋਕਾਂ ਦੀ ਹਰ ਮੁਸ਼ਕਿਲ ਘੜੀ ’ਚ ਰਹਿਬਰ ਬਣ ਮਦਦ ਕਰਨ ਵਾਲੇ ਦੁਬਈ ਦੇ ਉੱਘੇ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਟਰੱਸਟ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਡਾ. ਐੱਸ. ਪੀ. ਸਿੰਘ ਓਬਰਾਏ ਦੇ ਯਤਨਾਂ ਸਦਕਾ ਅੰਮ੍ਰਿਤਸਰ ਜ਼ਿਲ੍ਹੇ ਦੇ ਕੱਥੂਨੰਗਲ ਨੇੜਲੇ ਪਿੰਡ ਭੋਆ ਫਤਹਿਗੜ੍ਹ ਨਾਲ ਸਬੰਧਿਤ 20 ਸਾਲਾ ਤਜਿੰਦਰ ਸਿੰਘ ਪੁੱਤਰ ਜਸਪਾਲ ਸਿੰਘ ਦੀ ਮ੍ਰਿਤਕ ਦੇਹ ਦੁਬਈ ਤੋਂ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ (ਰਾਜਾਸਾਂਸੀ) ਅੰਮ੍ਰਿਤਸਰ ਵਿਖੇ ਪਹੁੰਚੀ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ. ਐੱਸ. ਪੀ. ਸਿੰਘ ਓਬਰਾਏ ਨੇ ਦੱਸਿਆ ਕਿ ਮਾਪਿਆਂ ਦੀ ਇਕਲੌਤੀ ਔਲਾਦ ਤਜਿੰਦਰ ਸਿੰਘ ਆਪਣੇ ਪਰਿਵਾਰ ਦੇ ਆਰਥਿਕ ਹਾਲਾਤ ਨੂੰ ਸੁਧਾਰਨ ਦੀ ਕੋਸ਼ਿਸ਼ ’ਚ ਤਕਰੀਬਨ ਇਕ ਵਰ੍ਹਾ ਪਹਿਲਾਂ ਦੁਬਈ ਮਿਹਨਤ-ਮਜ਼ਦੂਰੀ ਕਰਨ ਲਈ ਗਿਆ ਸੀ।

ਇਹ ਵੀ ਪੜ੍ਹੋ : ਮੇਰਾ ਤਾਂ ਘਰ ਵੀ ਪਲੱਸਤਰ ਨੀਂ ਹੋਇਆ ਪਰ ਮੇਰੇ ਲੋਕਾਂ ਨੇ ਚੰਨੀ ਦੀਆਂ ਨੀਹਾਂ ਉਖਾੜ ਦਿੱਤੀਆਂ : ਉੱਗੋਕੇ (ਵੀਡੀਓ)

ਉਨ੍ਹਾਂ ਦੱਸਿਆ ਕਿ ਉਹ ਉੱਥੇ ਇਸ ਵੇਲੇ ਬਤੌਰ ਟਰੱਕ ਡਰਾਈਵਰ ਕੰਮ ਕਰਦਾ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਤਜਿੰਦਰ ਦੀ ਬੀਤੀ 30 ਮਾਰਚ ਨੂੰ ਅਚਾਨਕ ਦਿਲ ਦੀ ਧੜਕਣ ਬੰਦ ਹੋਣ ਕਾਰਨ ਆਪਣੇ ਮਾਪਿਆਂ ਤੇ ਅੰਗਹੀਣ ਭੈਣ ਨੂੰ ਰੋਂਦਿਆਂ-ਕੁਰਲਾਉਂਦਿਆਂ ਛੱਡ ਗਿਆ ਸੀ। ਉਨ੍ਹਾਂ ਦੱਸਿਆ ਕਿ ਪੀੜਤ ਪਰਿਵਾਰ ਨੇ ਟਰੱਸਟ ਦੀ ਅੰਮ੍ਰਿਤਸਰ ਟੀਮ ਰਾਹੀਂ ਉਨ੍ਹਾਂ ਨਾਲ ਸੰਪਰਕ ਕਰ ਕੇ ਆਪਣੀ ਬੇਵਸੀ ਦਾ ਹਵਾਲਾ ਦਿੰਦਿਆਂ ਉਕਤ ਨੌਜਵਾਨ ਦੇ ਮ੍ਰਿਤਕ ਸਰੀਰ ਭਾਰਤ ਭੇਜਣ ਲਈ ਅਪੀਲ ਕੀਤੀ ਸੀ। ਜਿਸ ’ਤੇ ਉਨ੍ਹਾਂ ਦੁਬਈ ਵਿਚਲੇ ਭਾਰਤੀ ਦੂਤਘਰ ਦੇ ਸਹਿਯੋਗ ਅਤੇ ਆਪਣੇ ਨਿੱਜੀ ਸਕੱਤਰ ਬਲਦੀਪ ਸਿੰਘ ਚਾਹਲ ਦੀ ਦੇਖ-ਰੇਖ ’ਚ ਤੁਰੰਤ ਸਾਰੀ ਲੋੜੀਂਦੀ ਕਾਗਜ਼ੀ ਕਾਰਵਾਈ ਮੁਕੰਮਲ ਕਰਵਾ ਕੇ ਅੱਜ ਉਕਤ ਨੌਜਵਾਨ ਦਾ ਮ੍ਰਿਤਕ ਸਰੀਰ ਭਾਰਤ ਭੇਜਿਆ ਹੈ।

PunjabKesari

ਇਹ ਵੀ ਪੜ੍ਹੋ : ਲੁਧਿਆਣਾ ਤੋਂ ਬਾਅਦ ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ਦੇ ਪੁਲਸ ਕਮਿਸ਼ਨਰਾਂ ਤੇ SSPs ਦੇ ਹੋਏ ਤਬਾਦਲੇ

ਜ਼ਿਕਰਯੋਗ ਹੈ ਕਿ ਮ੍ਰਿਤਕ ਨੌਜਵਾਨ ਦਾ ਪਿਤਾ ਜਸਪਾਲ ਸਿੰਘ ਵੀ ਪਿਛਲੇ ਦੋ ਮਹੀਨੇ ਤੋਂ ਦੁਬਈ ਵਿਖੇ ਹੀ ਰਹਿ ਰਿਹਾ ਸੀ, ਜੋ ਅੱਜ ਮ੍ਰਿਤਕ ਸਰੀਰ ਦੇ ਨਾਲ ਹੀ ਦੁਬਈ ਤੋਂ ਇੱਥੇ ਪਹੁੰਚਿਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਉਨ੍ਹਾਂ ਫੈਸਲਾ ਕੀਤਾ ਹੈ ਕਿ ਸੁਖਬੀਰ ਦੀ ਮਾਂ ਅਤੇ ਅੰਗਹੀਣ ਭੈਣ ਨੂੰ ਟਰੱਸਟ ਵੱਲੋਂ ਹਜ਼ਾਰ-ਹਜ਼ਾਰ ਰੁਪਏ ਮਹੀਨਾਵਾਰ ਪੈਨਸ਼ਨ ਦਿੱਤੀ ਜਾਵੇਗੀ। ਦੱਸਣਯੋਗ ਹੈ ਕਿ ਮ੍ਰਿਤਕ ਦੇ ਪਿਤਾ ਦੀ ਹਵਾਈ ਟਿਕਟ ਲੈ ਕੇ ਦੇਣ ਤੋਂ ਇਲਾਵਾ ਸਮੁੱਚੀ ਕਾਗਜ਼ੀ ਕਾਰਵਾਈ ਟਰੱਸਟ ਵੱਲੋਂ ਨੇਪਰੇ ਚੜ੍ਹਾਈ ਗਈ ਹੈ, ਜਦਕਿ ਬਾਕੀ ਖਰਚ ਪਰਿਵਾਰ ਅਤੇ ਮ੍ਰਿਤਕ ਦੀ ਕੰਮ ਵਾਲੀ ਕੰਪਨੀ ਨੇ ਕੀਤੇ ਹਨ।

ਇਹ ਵੀ ਪੜ੍ਹੋ : ਗੁਰਬਾਣੀ ਦੇ ਪ੍ਰਸਾਰਣ ਨੂੰ ਲੈ ਕੇ ਜਥੇਦਾਰ ਹਰਪ੍ਰੀਤ ਸਿੰਘ ਦਾ ਬਿਆਨ, ਕਿਹਾ-SGPC ਲਾਂਚ ਕਰੇ ਆਪਣਾ ਚੈਨਲ

ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਭਰੇ ਮਨ ਨਾਲ ਦੱਸਣਾ ਪੈ ਰਿਹਾ ਹੈ ਕਿ ਪਿਛਲੇ ਕੁਝ ਦਿਨਾਂ ’ਚ ਹੀ ਉਹ 4 ਨੌਜਵਾਨਾਂ ਦੇ ਮ੍ਰਿਤਕ ਸਰੀਰ ਭਾਰਤ ਭੇਜ ਚੁੱਕੇ ਹਨ, ਜਦਕਿ 6 ਤੋਂ 8 ਹੋਰਨਾਂ ਬਦਨਸੀਬ ਨੌਜਵਾਨਾਂ ਦੇ ਮ੍ਰਿਤਕ ਸਰੀਰ ਆਉਂਦੇ ਕੁਝ ਦਿਨਾਂ ’ਚ ਪਹੁੰਚਾਏ ਜਾਣਗੇ। ਪੀਡ਼ਤ ਪਰਿਵਾਰਾਂ ਨਾਲ ਹਵਾਈ ਅੱਡੇ ’ਤੇ ਦੁੱਖ ਸਾਂਝਾ ਕਰਨ ਪਹੁੰਚੇ ਟਰੱਸਟ ਦੀ ਅੰਮ੍ਰਿਤਸਰ ਟੀਮ ਦੇ ਅਹੁਦੇਦਾਰ ਸੁਖਜਿੰਦਰ ਸਿੰਘ ਹੇਰ, ਸੁਖਦੀਪ ਸਿੱਧੂ, ਮਨਪ੍ਰੀਤ ਸੰਧੂ ਚਮਿਆਰੀ ਤੇ ਨਵਜੀਤ ਘਈ ਚੁਗਾਵਾਂ ਨੇ ਦੱਸਿਆ ਕਿ  ਡਾ. ਓਬਰਾਏ ਦੇ ਯਤਨਾਂ ਸਦਕਾ ਹੁਣ ਤੱਕ 300 ਬਦਨਸੀਬ ਲੋਕਾਂ ਦੇ ਮ੍ਰਿਤਕ ਸਰੀਰ ਉਨ੍ਹਾਂ ਦੇ ਵਾਰਿਸਾਂ ਤੱਕ ਪਹੁੰਚਾਏ ਜਾ ਚੁੱਕੇ ਹਨ। ਇਸ ਦੌਰਾਨ ਹਵਾਈ ਅੱਡੇ ’ਤੇ ਮ੍ਰਿਤਕ ਦੇ ਪਿਤਾ ਜਸਪਾਲ ਸਿੰਘ, ਚਾਚਾ ਗੁਰਪ੍ਰੀਤ ਸਿੰਘ, ਫੁੱਫੜ ਗੁਰਪ੍ਰੀਤ ਸਿੰਘ ਤੇ ਚਾਚਾ ਜੁਗਰਾਜ ਸਿੰਘ ਨੇ ਡਾ. ਐੱਸ. ਪੀ. ਸਿੰਘ ਓਬਰਾਏ ਦਾ ਇਸ ਵੱਡੇ ਉਪਰਾਲੇ ਲਈ ਤਹਿ ਦਿਲੋਂ ਸ਼ੁਕਰਾਨਾ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਬਦੌਲਤ ਹੀ ਤਜਿੰਦਰ ਦੇ ਪਰਿਵਾਰ ਤੇ ਹੋਰਨਾਂ ਸਬੰਧੀਆਂ ਨੂੰ ਉਸ ਦੇ ਅੰਤਿਮ ਦਰਸ਼ਨ ਨਸੀਬ ਹੋ ਸਕੇ ਹਨ। 


Manoj

Content Editor

Related News