ਕਾਂਗਰਸ ਦੇ ਸਾਬਕਾ ਵਿਧਾਇਕ ਡਾ. ਰਿਣਵਾ ਅਕਾਲੀ ਦਲ ''ਚ ਸ਼ਾਮਲ, ਸੁਖਬੀਰ ਨੇ ਕੀਤੇ ਅਹਿਮ ਐਲਾਨ

05/13/2021 7:00:13 PM

ਚੰਡੀਗੜ੍ਹ : ਫਾਜ਼ਿਲਕਾ ਤੋਂ ਕਾਂਗਰਸ ਨੂੰ ਉਸ ਵੇਲੇ ਵੱਡਾ ਝਟਕਾ ਲੱਗਾ, ਜਦੋਂ ਇੱਥੋਂ ਵਿਧਾਇਕ ਰਹਿ ਚੁੱਕੇ ਡਾ. ਮਹਿੰਦਰ ਰਿਣਵਾ ਅਕਾਲੀ ਦਲ 'ਚ ਸ਼ਾਮਲ ਹੋ ਗਏ। ਡਾ. ਮਹਿੰਦਰ ਸਿੰਘ ਰਿਣਵਾ ਨੇ ਆਪਣੀ ਸਮੁੱਚੀ ਟੀਮ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਹਾਜ਼ਰੀ 'ਚ ਪਾਰਟੀ ਦਾ ਪੱਲਾ ਫੜ੍ਹਿਆ। ਇਸ ਮੌਕੇ ਸੁਖਬੀਰ ਬਾਦਲ ਨੇ ਕਿਹਾ ਕਿ ਡਾ. ਰਿਣਵਾ ਦੇ ਪਾਰਟੀ 'ਚ ਆਉਣ ਨਾਲ ਪਾਰਟੀ ਨੂੰ ਫਾਜ਼ਿਲਕਾ ਜ਼ਿਲ੍ਹੇ 'ਚ ਵੱਡਾ ਬਲ ਮਿਲਿਆ ਹੈ। ਸੁਖਬੀਰ ਬਾਦਲ ਨੇ ਇਸ ਮੌਕੇ ਕਾਂਗਰਸ ਪਾਰਟੀ 'ਤੇ ਨਿਸ਼ਾਨਾ ਸਾਧਦਿਆਂ ਕਿਹਾਂ ਕਿ ਫਾਜ਼ਿਲਕਾ ਜ਼ਿਲ੍ਹੇ 'ਚ ਜਿਸ ਤਰ੍ਹਾਂ ਕਾਂਗਰਸ ਪਾਰਟੀ ਨੇ ਲੋਕਾਂ ਨੂੰ ਤੰਗ-ਪਰੇਸ਼ਾਨ ਕੀਤਾ ਹੈ ਅਤੇ ਪਾਰਟੀ ਵਰਕਰਾਂ ਨਾਲ ਵੀ ਚੰਗਾ ਵਰਤਾਓ ਨਹੀਂ ਕੀਤਾ। ਇਸ ਕਰਕੇ ਕਾਂਗਰਸ ਦੇ ਵਰਕਰ ਅਤੇ ਆਗੂ ਅਕਾਲੀ ਦਲ 'ਚ ਸ਼ਾਮਲ ਹੋ ਰਹੇ ਹਨ।

ਇਹ ਵੀ ਪੜ੍ਹੋ : 'ਨਵਜੋਤ ਸਿੱਧੂ' ਦਾ ਟਵਿੱਟਰ ਰਾਹੀਂ ਇਕ ਹੋਰ ਵੱਡਾ ਵਾਰ, ਇਸ ਵਾਰ ਪੁੱਛਿਆ ਇਹ ਸਵਾਲ

ਇਸ ਮੌਕੇ ਸੁਖਬੀਰ ਨੇ ਵੱਡਾ ਐਲਾਨ ਕਰਦਿਆਂ ਡਾ. ਮਹਿੰਦਰ ਰਿਣਵਾ ਨੂੰ ਪਾਰਟੀ ਦਾ ਜਨਰਲ ਸਕੱਤਰ ਨਿਯੁਕਤ ਕੀਤਾ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ 'ਚ ਡਾ. ਰਿਣਵਾ ਨੂੰ ਪਾਰਟੀ ਵੱਲੋਂ ਵੱਡੀ ਜ਼ਿੰਮੇਵਾਰੀ ਸੌਂਪੀ ਜਾਵੇਗੀ। ਦੱਸਣਯੋਗ ਹੈ ਕਿ ਰਿਣਵਾ 2002 'ਚ ਕਾਂਗਰਸ ਦੀ ਟਿਕਟ 'ਤੇ ਵਿਧਾਇਕ ਬਣੇ ਸਨ, ਜਦਕਿ 1992 'ਚ ਉਹ ਆਜ਼ਾਦ ਜਿੱਤੇ ਸਨ। ਇਸ ਮੌਕੇ ਸੁਖਬੀਰ ਬਾਦਲ ਨੇ ਕੈਪਟਨ ਸਰਕਾਰ ਨੂੰ ਸੁਝਾਅ ਦਿੰਦਿਆਂ ਕਿਹਾ ਕਿ ਸੂਬੇ ਅੰਦਰ ਕੋਵਿਡ ਦੀ ਬੀਮਾਰੀ ਬਹੁਤ ਜ਼ਿਆਦਾ ਵੱਧ ਗਈ ਹੈ। ਇਸ ਨੂੰ ਧਿਆਨ 'ਚ ਰੱਖਦੇ ਹੋਏ ਪਿਛਲੇ 5 ਸਾਲਾਂ ਦੌਰਾਨ ਜਿੰਨੇ ਡਾਕਟਰ ਅਤੇ ਨਰਸਾਂ ਰਿਟਾਇਰ ਹੋਏ ਹਨ, ਉਨ੍ਹਾਂ ਨੂੰ ਇਕ ਸਾਲ ਲਈ ਦੁਬਾਰਾ ਡਿਊਟੀ ਜੁਆਇਨ ਕਰਵਾ ਦੇਣੀ ਚਾਹੀਦੀ ਹੈ ਤਾਂ ਜੋ ਮੈਨਪਾਵਰ ਵੱਧ ਸਕੇ।

ਇਹ ਵੀ ਪੜ੍ਹੋ : ਵਿਧਵਾ ਜਨਾਨੀ ਨਾਲ ਜਬਰ-ਜ਼ਿਨਾਹ ਮਾਮਲੇ 'ਚ ਨਵਾਂ ਮੋੜ, ਤੇਜ਼ਧਾਰ ਹਥਿਆਰ ਨਾਲ ਥਾਣੇਦਾਰ ਨੇ ਵੱਢੀਆਂ ਨਾੜਾਂ

ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਪਿਛਲੇ ਕੁੱਝ ਦਿਨਾਂ ਅੰਦਰ ਹੀ 150 ਆਕਸੀਜਨ ਕੰਸੰਟ੍ਰੇਟਰਾਂ ਦਾ ਇੰਤਜ਼ਾਮ ਕਰ ਲਿਆ ਗਿਆ ਹੈ ਤਾਂ ਪੰਜਾਬ ਸਰਕਾਰ ਲਈ ਇਸ ਨੂੰ 4-5 ਹਜ਼ਾਰ ਕਰਨਾ ਕੋਈ ਔਖਾ ਨਹੀਂ ਹੈ। ਸੁਖਬੀਰ ਨੇ ਵੱਡਾ ਐਲਾਨ ਕਰਦਿਆਂ ਕਿਹਾ ਕਿ ਜਿੰਨੇ ਵੀ ਬਲਾਕ ਪੱਧਰ 'ਤੇ ਕੋਵਿਡ ਲਈ ਕੈਪਟਨ ਸਰਕਾਰ ਵੱਲੋਂ ਸੈਂਟਰ ਬਣਾਏ ਜਾਣਗੇ, ਉਨ੍ਹਾਂ ਦੀ ਲੰਗਰ ਦੀ ਸੇਵਾ ਸ਼੍ਰੋਮਣੀ ਕਮੇਟੀ ਵੱਲੋਂ ਕੀਤੀ ਜਾਵੇਗੀ। ਸੁਖਬੀਰ ਬਾਦਲ ਨੇ ਕਿਹਾ ਕਿ ਉਹ ਵਿੱਤੀ ਤੌਰ 'ਤੇ ਵੀ ਆਪਣਾ ਯੋਗਦਾਨ ਪਾਉਣ ਲਈ ਤਿਆਰ ਹਨ ਪਰ ਸੈਂਟਰ ਸਰਕਾਰ ਨੂੰ ਹੀ ਖੋਲ੍ਹਣੇ ਪੈਣੇ ਅਤੇ ਡਾਕਟਰਾਂ ਅਤੇ ਨਰਸਾਂ ਦਾ ਇੰਤਜ਼ਾਮ ਕਰਨਾ ਪਵੇਗਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


Babita

Content Editor

Related News