ਡਾ. ਗਾਂਧੀ ਤੇ ਛੋਟੇਪੁਰ ਨੇ 'ਆਪ' ਦੀ ਏਕਤਾ ਦੇ ਢੰਗ-ਤਰੀਕਿਆਂ 'ਤੇ ਉਠਾਏ ਸਵਾਲ
Thursday, Oct 25, 2018 - 09:20 AM (IST)

ਚੰਡੀਗੜ੍ਹ (ਭੁੱਲਰ)—ਮੈਂਬਰ ਪਾਰਲੀਮੈਂਟ ਡਾ. ਧਰਮਵੀਰ ਗਾਂਧੀ ਅਤੇ 'ਆਪ' ਦੇ ਸਾਬਕਾ ਪ੍ਰਦੇਸ਼ ਪ੍ਰਧਾਨ ਸੁੱਚਾ ਸਿੰਘ ਛੋਟੇਪੁਰ ਨੇ 'ਆਪ' ਦੀ ਪੰਜਾਬ ਇਕਾਈ ਦੇ ਵੱਖ-ਵੱਖ ਗਰੁੱਪਾਂ ਦੀ ਏਕਤਾ ਲਈ ਪਾਰਟੀ ਲੀਡਰਸ਼ਿਪ ਵੱਲੋਂ ਅਪਣਾਏ ਜਾ ਰਹੇ ਢੰਗ-ਤਰੀਕਿਆਂ 'ਤੇ ਸਵਾਲ ਉਠਾਏ ਹਨ। ਇਨ੍ਹਾਂ ਦੋਵਾਂ ਆਗੂਆਂ ਨੇ ਅੱਜ ਇਥੇ ਪੰਜਾਬ ਰਾਜ ਭਵਨ 'ਚ ਇਕ ਮੀਟਿੰਗ 'ਚ ਸ਼ਾਮਿਲ ਹੋਣ ਤੋਂ ਬਾਅਦ ਕਿਹਾ ਕਿ ਕੀਤੇ ਜਾ ਰਹੇ ਯਤਨਾਂ 'ਚ ਗੰਭੀਰਤਾ ਨਹੀਂ ਹੈ ਅਤੇ ਇਸ ਤਰ੍ਹਾਂ ਪਾਰਟੀਆਂ 'ਚ ਏਕੇ ਨਹੀਂ ਹੁੰਦੇ। ਦੋਵਾਂ ਆਗੂਆਂ ਨੇ ਇਹ ਵੀ ਸਾਫ ਕਰ ਦਿੱਤਾ ਹੈ ਕਿ ਉਨ੍ਹਾਂ ਨਾਲ ਪ੍ਰਦੇਸ਼ ਲੀਡਰਸ਼ਿਪ ਵੱਲੋਂ ਏਕਤਾ ਦੀ ਗੱਲਬਾਤ ਲਈ ਕੋਈ ਸਿੱਧਾ ਸੰਪਰਕ ਨਹੀਂ ਕੀਤਾ ਜਾ ਰਿਹਾ।
ਡਾ. ਗਾਂਧੀ ਦਾ ਕਹਿਣਾ ਹੈ ਕਿ ਛੋਟੇਪੁਰ ਦੀ ਅਗਵਾਈ 'ਚ ਪਾਰਟੀ ਨੇ ਕਿਸੇ ਸਮੇਂ ਚੰਗੀ ਚੜ੍ਹਤ ਪ੍ਰਾਪਤ ਕਰ ਲਈ ਸੀ ਪਰ ਬਾਅਦ 'ਚ ਕਈ ਚੰਗੇ ਆਗੂਆਂ ਦੇ ਪਾਰਟੀ 'ਚੋਂ ਬਾਹਰ ਜਾਣ ਨਾਲ ਗਿਰਾਵਟ ਸ਼ੁਰੂ ਹੋਈ। ਸਰਕਾਰ ਬਣਾਉਣ ਜਾ ਰਹੀ ਪਾਰਟੀ 20 ਸੀਟਾਂ 'ਤੇ ਜਾ ਸਿਮਟੀ ਅਤੇ ਉਸ ਤੋਂ ਬਾਅਦ ਤਾਂ ਉਪ ਚੋਣਾਂ 'ਚ ਬਿਲਕੁਲ ਹੀ ਆਧਾਰ ਖਤਮ ਹੁੰਦਾ ਦਿਖਾਈ ਦਿੱਤਾ। ਗਾਂਧੀ ਦਾ ਕਹਿਣਾ ਹੈ ਕਿ ਹਵਾ 'ਚ ਤੀਰ ਮਾਰ ਕੇ ਏਕਤਾ ਨਹੀਂ ਹੋ ਸਕਦੀ ਬਲਕਿ ਪਾਰਟੀ ਦੇ ਗਿਰਾਵਟ 'ਚ ਜਾਣ ਤੋਂ ਪਹਿਲਾਂ ਵਾਲੀਆਂ ਗਲਤੀਆਂ ਦਾ ਗੰਭੀਰਤਾ ਨਾਲ ਵਿਸ਼ਲੇਸ਼ਣ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਪਾਰਟੀ ਪ੍ਰਦੇਸ਼ ਇਕਾਈ ਨੁੰ ਖੁਦਮੁਖਤਿਆਰੀ ਦੇਣਾ ਵੀ ਬਹੁਤ ਜ਼ਰੂਰੀ ਹੈ।
ਸੁੱਚਾ ਸਿੰਘ ਛੋਟੇਪੁਰ ਨੇ ਵੀ ਕਿਹਾ ਕਿ ਸਭ ਤੋਂ ਪਹਿਲਾਂ ਪਾਰਟੀ 'ਤੇ ਦਿੱਲੀ ਦਾ ਗਲਬਾ ਖਤਮ ਕਰਨਾ ਪਵੇਗਾ। ਪਿਛਲੇ ਸਮੇਂ 'ਚ ਕੀਤੀਆਂ ਸਾਰੀਆਂ ਗਲਤੀਆਂ ਦਾ ਪੂਰਾ ਹਿਸਾਬ-ਕਿਤਾਬ ਕਰਕੇ ਲੋਕਾਂ ਦੀ ਜ਼ਿੰਮੇਵਾਰੀ ਫਿਕਸ ਕਰ ਕੇ ਕਾਰਵਾਈ ਹੋਵੇਗੀ। ਉਨ੍ਹਾਂ ਕਿਹਾ ਕਿ ਭਾਵੇਂ ਪਿਛਲੇ ਦਿਨਾਂ 'ਚ ਉਨ੍ਹਾਂ ਨਾਲ 'ਆਪ' ਪੰਜਾਬ ਦੇ ਆਗੂਆਂ ਨੇ ਸੰਪਰਕ ਕਰਕੇ ਗੱਲਬਾਤ ਸ਼ੁਰੂ ਕੀਤੀ ਸੀ ਪਰ ਉਸ ਤੋਂ ਬਾਅਦ ਕੋਈ ਗੱਲ ਅੱਗੇ ਨਹੀਂ ਤੋਰੀ ਗਈ। ਛੋਟੇਪੁਰ ਦਾ ਕਹਿਣਾ ਹੈ ਕਿ ਸ਼ਾਇਦ ਜੋ ਕੌੜੀਆਂ ਗੱਲਾਂ ਉਨ੍ਹਾਂ ਨੇ 'ਆਪ' ਆਗੂਆਂ ਨੂੰ ਏਕਤਾ ਦੀ ਗੱਲ ਅੱਗੇ ਤੋਰਨ ਲਈ ਕਹੀਆਂ ਸਨ, ਉਹ ਉਨ੍ਹਾਂ ਨੂੰ ਚੰਗੀਆਂ ਨਹੀਂ ਲੱਗੀਆਂ ਹੋਣਗੀਆਂ ਜਿਸ ਕਰਕੇ ਬਾਅਦ 'ਚ ਫਿਰ ਤੋਂ ਅਜਿਹਾ ਯਤਨ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪਾਰਟੀ ਆਗੂਆਂ ਵੱਲੋਂ ਗਲਤੀਆਂ ਦਾ ਅਹਿਸਾਸ ਕੀਤੇ ਬਿਨਾਂ ਏਕਤਾ ਸੰਭਵ ਨਹੀਂ।