ਨਾਗਰਿਕਤਾ ਸੋਧ ਬਿੱਲ ਦਾ ਵਿਰੋਧ ਕਰ ਰਹੇ ਡਾ. ਗਾਂਧੀ ਨੂੰ ਦਿੱਲੀ ਪੁਲਸ ਨੇ ਲਿਆ ਹਿਰਾਸਤ 'ਚ
Thursday, Dec 19, 2019 - 12:47 PM (IST)

ਪਟਿਆਲਾ (ਪਰਮੀਤ): ਸਾਬਕਾ ਮੈਂਬਰ ਪਾਰਲੀਮੈਂਟ ਡਾਕਟਰ ਧਰਮਵੀਰ ਗਾਂਧੀ ਜੋ ਕਿ ਨਾਗਰਿਕਤਾ ਸੰਸ਼ੋਧਨ ਕਾਨੂੰਨ (311) ਅਤੇ ਨੈਸ਼ਨਲ ਰਜਿਸਟਰ ਸਿਟੀਜ਼ਨ (ਐਨ.ਆਰ.ਸੀ.) ਦੇ ਵਿਰੋਧ 'ਚ ਅੱਜ ਦਿੱਲੀ ਦੇ ਲਾਲ ਕਿਲਾ 'ਚ ਧਰਨਾ ਦੇਣ ਲੱਗੇ ਸਨ ਤਾਂ ਉਨ੍ਹਾਂ ਨੂੰ ਸਵਰਾਜ ਇੰਡੀਆ ਪਾਰਟੀ ਦੇ ਪ੍ਰਧਾਨ ਯੋਗਿੰਦਰ ਯਾਦਵ ਸਮੇਤ ਅਨੇਕਾਂ ਬੁੱਧੀਜੀਵੀਆਂ, ਧਰਮ ਨਿਰਪੱਖ ਅਤੇ ਜਮਹੂਰੀਅਤ ਪਸੰਦ ਆਗੂਆਂ ਤੇ ਸਮਾਜਕ ਕਾਰਕੁੰਨਾ ਨੂੰ ਦਿੱਲੀ ਪੁਲਸ ਨੇ ਤਾਨਾਸ਼ਾਹ ਢੰਗ ਨਾਲ ਜ਼ੋਰ ਜ਼ਬਰਦਸਤੀ ਨਾਲ ਹਿਰਾਸਤ 'ਚ ਲੈ ਲਿਆ ਹੈ।
ਡਾਕਟਰ ਗਾਂਧੀ ਨੇ ਦਿੱਲੀ ਤੋਂ ਫੋਨ ਤੇ ਗੱਲ ਕਰਦਿਆਂ ਕਿਹਾ ਕਿ ਇਹ ਕਾਨੂੰਨ ਭਾਰਤ ਦੇ ਸੰਵਿਧਾਨ ਦੇ ਖਿਲਾਫ ਹੈ ਅਤੇ ਆਪਸੀ ਭਾਈਚਾਰੇ ਧਾਰਮਿਕ ਵਿਤਕਰੇ ਅਤੇ ਫਿਰਕੂ ਆਧਾਰ ਤੇ ਸਮਾਜ ਨੂੰ ਫੁੱਟ, ਨਫਰਤ ਅਤੇ ਹਿੰਸਾ ਵੱਲ ਧੱਕ ਵੱਲ ਧੱਕਦਾ ਹੋਇਆ ਦੇਸ਼ ਵਿਚ ਫਾਸੀਵਾਦੀ ਮਾਹੌਲ ਪੈਦਾ ਕਰ ਰਿਹਾ ਹੈ। ਮੋਦੀ ਸਰਕਾਰ ਦੀਆਂ ਫਿਰਕੂ ਨੀਤੀਆਂ ਦਾ ਲਗਾਤਾਰ ਵਿਰੋਧ ਕਰਦੇ ਆ ਰਹੇ ਡਾਕਟਰ ਗਾਂਧੀ ਨੇ ਕਿਹਾ ਸਰਕਾਰ ਰਾਮ ਮੰਦਰ, ਨਾਗਰਿਕਾਂ ਦਾ ਰਾਸ਼ਟਰੀ ਰਜਿਸਟਰ ਅਤੇ ਨਾਗਰਿਕਤਾ ਕਾਨੂੰਨ ਵਰਗੇ ਫਿਰਕੂ ਮੁੱਦਿਆਂ ਰਾਹੀਂ ਦੇਸ਼ 'ਚ ਡਰ ਅਤੇ ਨਫਰਤ ਦਾ ਮਹੌਲ ਪੈਦਾ ਕਰ ਰਹੀ ਹੈ। ਉਨ੍ਹਾਂ ਨੇ ਸਮੁੱਚੀਆਂ ਇਨਕਲਾਬੀ ਜਮਹੂਰੀ ਤੇ ਲੋਕ ਪੱਖੀ ਸ਼ਕਤੀਆ ਅਤੇ ਦੇਸ਼ ਦੇ ਹਰ ਇਕ ਨਾਗਰਿਕ ਨੂੰ ਇਸ ਫਾਸੀਵਾਦੀ ਕਾਨੂੰਨ ਦਾ ਵਿਰੋਧ ਕਰਨ ਦੀ ਅਪੀਲ ਕੀਤੀ ਅਤੇ ਇਸ ਦੇ ਵਿਰੋਧ ਵਿੱਚ ਵਿਸ਼ਾਲ ਲਾਮਬੰਦੀ ਤੇ ਜਨਤਕ ਲਹਿਰ ਖੜ੍ਹੀ ਕਰਨ ਦਾ ਸੱਦਾ ਦਿੱਤਾ ਹੈ।
ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਦੇਸ਼ ਦੀ ਸਰਕਾਰ ਆਰਥਿਕ ਮੰਦਹਾਲੀ, ਬੇਰੋਜ਼ਗਾਰੀ, ਵੱਧ ਰਿਹਾ ਸਰਕਾਰੀ ਕਰਜ਼ਾ, ਬੈਂਕਾਂ ਦਾ ਕੰਗਾਲ ਹੋਣਾ ਜਿਹੇ ਅਸਲ ਮੁੱਦਿਆਂ ਤੋਂ ਲੋਕਾਂ ਦਾ ਧਿਆਨ ਹਟਾਉਣ ਲਈ ਅਜਿਹੇ ਕਾਰੇ ਕਰ ਰਹੀ ਹੈ ਜਿਹੜਾ ਕਿ ਬਹੁਤ ਸ਼ਰਮਨਾਕ ਹੈ।