ਕਣਕ ਦੇ ਨਾੜ ਨੂੰ ਅੱਗ ਨਾ ਲਗਾਈ ਜਾਵੇ: ਡਾ. ਨਾਜਰ ਸਿੰਘ
Wednesday, May 15, 2019 - 02:04 PM (IST)
ਜਲੰਧਰ—ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਜਲੰਧਰ ਵੱਲੋਂ ਜ਼ਿਲਾ ਭਰ ਦੇ ਕਿਸਾਨ ਵੀਰ ਨੂੰ ਅਪੀਲ ਕਰਦਿਆ ਡਾਂ. ਨਾਜਰ ਸਿੰਘ, ਮੁੱਖ ਖੇਤੀਬਾੜੀ ਅਫਸਰ, ਜਲੰਧਰ ਨੇ ਕਿਹਾ ਕਿ ਕਣਕ ਦੀ ਵਾਢੀ ਤੋਂ ਬਾਅਦ ਬਚੇ ਨਾੜ ਨੂੰ ਅੱਗ ਨਾ ਲਗਾਈ ਜਾਵੇ ਬਲਕਿ ਇਸ ਨਾੜ ਨੂੰ ਜ਼ਮੀਨ ਵਿੱਚ ਹੀ ਵਾਹ ਕੇ ਜ਼ਮੀਨ ਦੀ ਉਪਜਾਊ ਸ਼ਕਤੀ ਵਿੱਚ ਵਾਧਾ ਕੀਤਾ ਜਾਵੇ। ਪਿੰਡ ਪਚਰੰਗਾਂ ਬਲਾਕ ਭੋਗਪੁਰ ਵਿਖੇ ਸ. ਜਤਿੰਦਰ ਸਿੰਘ ਦੇ ਖੇਤਾਂ ਵਿੱਚ ਕਣਕ ਦੇ ਨਾੜ ਨੂੰ ਜ਼ਮੀਨ ਵਿੱਚ ਵਾਹੁਣ ਬਾਰੇ ਲਗਾਏ ਗਏ 'ਖੇਤ ਦਿਵਸ' ਦੌਰਾਨ ਤਵੀਆ ਅਤੇ ਰੋਟਾਵੇਟਰ ਰਾਹੀਂ ਕਣਕ ਦੇ ਨਾੜ ਨੂੰ ਜ਼ਮੀਨ ਵਿੱਚ ਵਾਹ ਕੇ ਦਿਖਾਇਆ ਗਿਆ।
ਡਾਂ. ਨਾਜਰ ਸਿੰਘ ਨੇ ਮੌਕੇ 'ਤੇ ਹਾਜ਼ਿਰ ਕਿਸਾਨ ਸ. ਰਣਜੋਧ ਸਿੰਘ ਪਿੰਡ ਕੋਟਲੀ ਸਜ਼ਾਵਰ, ਸ. ਲਖਵਿੰਦਰ ਸਿੰਘ ਪਿੰਡ ਜਮਾਲਪੁਰ, ਸ. ਗੁਰਿੰਦਰਜੀਤ ਸਿੰਘ ਪਿੰਡ ਤਲਵੰਡੀ ਆਬਦਾਰ, ਸ. ਮਨਵੀਰ ਸਿੰਘ, ਸ. ਮਨਕਰਨ ਸਿੰਘ, ਸ. ਸੁਰਿੰਦਰ ਸਿੰਘ, ਸ. ਹਰਜਿੰਦਰ ਸਿੰਘ ਪਿੰਡ ਕੋਟਲੀ ਜ਼ਿਲਾ ਜਲੰਧਰ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਕਣਕ ਦੀ ਵਾਢੀ ਤੋਂ ਬਾਅਦ ਅਤੇ ਝੋਨੇ ਦੀ ਲਵਾਈ ਤੋਂ ਪਹਿਲਾਂ ਕਿਸਾਨ ਕਾਹਲੀ ਨਾ ਕਰਨ ਅਤੇ ਨਾੜ ਨੂੰ ਜ਼ਮੀਨ ਵਿੱਚ ਵਾਹ ਕੇ ਝੋਨੇ ਜਾਂ ਮੱਕੀ ਦੀ ਕਾਸ਼ਤ ਕਰਨ ਤਾਂ ਜੋ ਜ਼ਮੀਨ ਦੀ ਉਪਜਾਊ ਸ਼ਕਤੀ ਵਿੱਚ ਵਾਧਾ ਕੀਤਾ ਜਾ ਸਕੇ। ਉਨ੍ਹਾਂ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਕਣਕ ਦੀ ਕਾਸ਼ਤ ਹੇਠ ਜ਼ਿਲਾ ਜਲੰਧਰ ਵਿੱਚ 1.69 ਲੱਖ ਹੈਕਟੇਅਰ ਰਕਬਾ ਬੀਜਿਆ ਜਾਂਦਾ ਹੈ। ਜ਼ਿਲਾ ਭਰ ਦੇ ਕਿਸਾਨਾਂ ਵੱਲੋਂ ਕਣਕ ਦੀ ਲਗਭਗ 70 ਫੀਸਦੀ ਨਾੜ ਨੂੰ ਤੂੜੀ ਵੱਜੋਂ ਚਾਰੇ ਲਈ ਵਰਤ ਲਿਆ ਜਾਂਦਾ ਹੈ ਅਤੇ ਬਚੇ ਨਾੜ ਨੂੰ ਅੱਗ ਲਗਾ ਕੇ ਸਾੜਨ ਨਾਲ ਜ਼ਹਿਰੀਲੀਆਂ ਗੈਸਾਂ ਜਿਵੇਂ ਕਾਰਬਨ ਡਾਈਆਕਸਾਈਡ, ਕਾਰਬਨ ਮੋਨੋਆਕਸਾਈਡ ਆਦਿ ਪੈਦਾ ਹੁੰਦੀਆਂ ਹਨ, ਜਿਸ ਕਾਰਨ ਮਨੁੱਖਾਂ ਵਿੱਚ ਸਾਹ, ਅੱਖਾਂ ਵਿੱਚ ਜਲਣ ਅਤੇ ਚਮੜੀ ਦੇ ਰੋਗਾਂ ਦਾ ਖਤਰਾ ਪੈਦਾ ਹੋ ਜਾਂਦਾ ਹੈ।
ਉਨ੍ਹਾਂ ਕਿਸਾਨ ਵੀਰਾਂ ਨੂੰ ਬੇਨਤੀ ਕਰਦਿਆਂ ਆਖਿਆ ਹੈ ਕਿ ਕਣਕ ਦੇ ਪ੍ਰਤੀ ਟਨ ਨਾੜ ਵਿੱਚ ਲਗਭਗ 4 ਤੋਂ 5.5 ਕਿਲੋ ਨਾਈਟਰੋਜਨ, 2 ਕਿਲੋ ਫਾਸਫੋਰਸ, 15 ਕਿਲੋ ਪੋਟਾਸ਼, 1.2 ਕਿਲੋ ਗੰਧਕ, 250 ਤੋਂ 400 ਕਿਲੋ ਜੈਵਿਕ ਕਾਰਬਨ ਹੁੰਦੇ ਹਨ। ਇਸ ਨਾੜ ਨੂੰ ਸਾੜਨ ਨਾਲ ਜਿੱਥੇ ਅਸੀਂ ਇਹ ਖੁਰਾਕੀ ਤੱਤਾਂ ਤੋਂ ਜ਼ਮੀਨ ਨੂੰ ਵਾਝਿਆ ਕਰ ਬੈਠਦੇ ਹਾਂ, ਉੱਥੇ ਅਸੀਂ ਜ਼ਮੀਨ ਵਿੱਚ ਮੌਜੂਦ ਸੂਖਮ ਜੀਵ, ਮਿੱਤਰ ਕੀੜੇ ਮਾਰ ਬੈਠਦੇ ਹਾਂ। ਜ਼ਮੀਨ ਨੂੰ ਤੰਦੂਰ ਬਣਾਉਣ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਘੱਟ ਜਾਂਦੀ ਹੈ। ਪਸ਼ੂ-ਪੰਛੀਆਂ, ਪੇੜ-ਪੌਦੇ, ਡੰਗਰਾਂ ਆਦਿ ਹਰੇਕ ਜੀਵ ਨਾੜ ਦੇ ਸਾੜਨ ਕਰਕੇ ਪੈਦਾ ਹੋਏ ਧੂੰਏ ਨਾਲ ਪ੍ਰਭਾਵਿਤ ਹੁੰਦਾ ਹੈ।
ਇਸ ਮੌਕੇ 'ਤੇ ਸ. ਜਤਿੰਦਰ ਸਿੰਘ ਪਿੰਡ ਕੋਟਲੀ ਸਜਾਵਰ ਨੇ ਆਪਣੇ ਤਜਰਬੇ ਸਾਂਝੇ ਕਰਦੇ ਹੋਏ ਕਿਹਾ ਹੈ ਕਿ ਝੋਨੇ ਜਾਂ ਕਣਕ ਦੇ ਨਾੜ ਨੂੰ ਜ਼ਮੀਨ ਵਿੱਚ ਵਾਹੁਣ ਨਾਲ ਉਪਜਾਊ ਸ਼ਕਤੀ ਵਿੱਚ ਵਾਧਾ ਹੁੰਦਾ ਹੈ ਅਤੇ ਨਾਲ ਹੀ ਅਜਿਹੇ ਖੇਤਾਂ ਵਿੱਚ ਨਦੀਨਾਂ ਦਾ ਵੀ ਹਮਲਾ ਘੱਟ ਹੁੰਦਾ ਹੈ। ਨਾੜ ਨੂੰ ਜ਼ਮੀਨ ਵਿੱਚ ਵਾਹੁਣ ਨਾਲ ਨਾੜ ਕੱਦੂ ਕੀਤੇ ਗਏ ਖੇਤ ਵਿੱਚ ਪਾਣੀ 'ਤੇ ਨਹੀਂ ਤੈਰਦਾ ਅਤੇ ਝੋਨੇ ਦੀ ਲਵਾਈ ਤੋਂ ਪਹਿਲਾਂ ਜ਼ਮੀਨ ਵਿੱਚ ਗਲ ਜਾਂਦਾ ਹੈ।
ਡਾਂ. ਨਾਜਰ ਸਿੰਘ ਨੇ ਮੌਕੇ 'ਤੇ ਕਿਸਾਨ ਵੀਰਾਂ ਨੂੰ ਜਾਣਕਾਰੀ ਦਿੰਦੇ ਹੋਏ ਆਖਿਆ ਹੈ ਝੋਨੇ ਦੀ ਲਵਾਈ ਤੋਂ ਪਹਿਲਾਂ ਢਾਂਚੇ ਦੀ ਫਸਲ ਦੀ ਬੀਜਾਈ ਵੀ ਕੀਤੀ ਜਾ ਸਕਦੀ ਹੈ। ਇਸ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਦੂਣ ਸਵਾਈ ਹੋ ਸਕਦੀ ਹੈ ਅਤੇ ਰਸਾਇਣਕ ਖਾਦਾਂ ਦੀ ਵਰਤੋਂ ਘਟਦੀ ਹੈ ਅਤੇ ਖਰਚਾ ਵੀ ਬੱਚਦਾ ਹੈ ਅਤੇ ਢਾਂਚੇ ਦਾ ਬੀਜ ਖੇਤੀਬਾੜੀ ਵਿਭਾਗ ਦੇ ਸਮੂਹ ਬਲਾਕ ਅਫਸਰਾਂ ਕੋਲ ਕਿਸਾਨਾਂ ਲਈ ਵਿਭਾਗ ਵੱਲੋਂ ਉਪਲੱਬਧ ਕਰਵਾਇਆ ਜਾ ਚੁੱਕਿਆ ਹੈ। ਇਸ ਮੌਕੇ ਸ੍ਰੀ ਗੁਰਭਗਤ ਸਿੰਘ ਖੇਤੀਬਾੜੀ ਵਿਸਥਾਰ ਅਫਸਰ ਭੋਗਪੁਰ, ਸ੍ਰੀ ਸੁਖਪਾਲ ਸਿੰਘ ਖੇਤੀਬਾੜੀ ਉਪਨਿਰੀਖਕ, ਸ੍ਰੀ ਬਲਜਿੰਦਰ ਸਿੰਘ ਖੇਤੀਬਾੜੀ ਉਪ ਨਿਰੀਖਕ, ਸ੍ਰੀ ਸੈਮੂਅਲ ਵੀ ਹਾਜ਼ਰ ਸਨ।
* ਡਾਂ. ਸੰਪਰਕ ਅਫਸਰ
* ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ