ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਹੱਥੋਂ ਜਾ ਸਕਦੀ ਹੈ ਅਸਾਮ ਦੀ ਰਾਜ ਸਭਾ ਸੀਟ

05/05/2019 12:27:59 PM

ਜਲੰਧਰ (ਚੋਪੜਾ)— ਕਾਂਗਰਸ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਅਸਾਮ ਤੋਂ ਰਾਜ ਸਭਾ ਲਈ ਉਮੀਦਵਾਰ ਬਣਾਉਣ ਦੀ ਸੰਭਾਵਨਾ ਨਹੀਂ ਰੱਖਦੀ ਕਿÀਉਂਕਿ ਇਸ ਵਾਰ ਸੀਟ ਜਿੱਤਣ ਲਈ ਕਾਂਗਰਸ ਕੋਲ ਸੂਬਾ ਵਿਧਾਨ ਸਭਾ 'ਚ ਢੁੱਕਵੀਂ ਤਾਕਤ ਨਹੀਂ। ਡਾ. ਮਨਮੋਹਨ ਸਿੰਘ ਜੋ ਕਿ ਸਾਲ 1991 ਤੋਂ ਰਾਜ ਸਭਾ 'ਚ ਲਗਾਤਾਰ ਅਸਾਮ ਦੀ ਨੁਮਾਇੰਦਗੀ ਕਰ ਰਹੇ ਹਨ ਅਤੇ ਉਨ੍ਹਾਂ ਦਾ ਮੌਜੂਦਾ ਕਾਰਜਕਾਲ 14 ਜੂਨ ਨੂੰ ਖਤਮ ਹੋ ਰਿਹਾ ਹੈ। ਓਧਰ ਦੂਜੇ ਪਾਸੇ ਸੱਤਾਧਾਰੀ ਗੱਠਜੋੜ ਕੋਲ ਜਿਥੇ ਡਾ. ਮਨਮੋਹਨ ਸਿੰਘ ਦੀ ਸੀਟ ਜਿੱਤਣ ਲਈ ਢੁੱਕਵੀਂ ਗਿਣਤੀ ਨਹੀਂ, ਉਥੇ ਕਾਂਗਰਸ ਦੀ ਦੂਸਰੀ ਰਾਜ ਸਭਾ ਦੀ ਗੱਠਜੋੜ ਦੀ ਪਕੜ 'ਚ ਦਿਖਾਈ ਦੇ ਰਹੀ ਹੈ। ਅਸਾਮ ਤੋਂ ਕਾਂਗਰਸ ਨੇ 2 ਰਾਜ ਸਭਾ ਮੈਂਬਰਾਂ ਡਾ. ਮਨਮੋਹਨ ਸਿੰਘ ਅਤੇ ਸ਼ਾਂਤਿਉਜ ਕੁਜੂਰ ਦਾ 6 ਸਾਲ ਦਾ ਕਾਰਜਕਾਲ ਜੂਨ ਦੇ ਮੱਧ 'ਚ ਖਤਮ ਹੋ ਰਿਹਾ ਹੈ ਅਤੇ ਇਸ ਤੋਂ ਪਹਿਲਾਂ ਚੋਣਾਂ ਸੰਪੰਨ ਹੋਈਆਂ ਹਨ। ਸਿਆਸੀ ਪਾਰਟੀਆਂ ਨੂੰ ਆਪਣੇ ਉਮੀਦਵਾਰ ਨੂੰ ਸੀਟ ਜਿਤਾਉਣ ਲਈ 43 ਅਤੇ 2 ਸੀਟਾਂ ਲਈ 86 ਵੋਟਾਂ ਚਾਹੀਦੀਆਂ ਹਨ ਜਦ ਕਿ ਭਾਜਪਾ ਦੀ ਅਗਵਾਈ ਵਾਲੇ ਸੱਤਾਧਾਰੀ ਗੱਠਜੋੜ ਕੋਲ 88 ਸੀਟਾਂ ਹਨ। ਇਥੇ ਭਾਜਪਾ ਦੀਆਂ 61, ਅਗਪ ਦੀਆਂ 14 ਅਤੇ ਬੀ. ਏ. ਐੱਫ.ਦੀਆਂ 12 ਸੀਟਾਂ ਤੋਂ ਇਲਾਵਾ ਆਜ਼ਾਦ ਵਿਧਾਇਕ ਭੁਭੇਨ ਪੇਗੂ ਹਨ।
ਦੂਜੇ ਪਾਸੇ ਕਾਂਗਰਸ ਕੋਲ 25 ਸੀਟਾਂ ਹਨ ਅਤੇ ਏ. ਆਈ. ਯੂ. ਡੀ. ਐੱਫ. ਕੋਲ 13 ਵਿਧਾਇਕ ਹਨ। ਲੋਕ ਸਭਾ ਚੋਣਾਂ ਦੌਰਾਨ ਹੀ ਦੋਵਾਂ ਰਾਜ ਸਭਾ ਸੀਟਾਂ ਲਈ ਸੱਤਾਧਾਰੀ ਗੱਠਜੋੜ 'ਚ ਲਾਬਿੰਗ ਸ਼ੁਰੂ ਹੋ ਗਈ ਹੈ। ਸੂਤਰਾਂ ਅਨੁਸਾਰ ਇਕ ਸੀਟ ਏ. ਜੀ. ਪੀ. ਕੋਲ ਆ ਸਕਦੀ ਹੈ, ਜਦਕਿ ਭਾਜਪਾ ਦੀ ਕੇਂਦਰੀ ਅਗਵਾਈ ਚੋਣਾਂ ਦੀਆਂ ਤਰੀਕਾਂ ਨੂੰ ਆਰਡੀਨੈਂਸ ਦੇ ਬਾਅਦ ਹੀ ਦੂਜੀ ਸੀਟ ਲਈ ਉਮੀਦਵਾਰ ਦੀ ਚੋਣ ਕਰੇਗੀ।
ਵਰਣਨਯੋਗ ਹੈ ਕਿ ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ ਜਦੋਂ ਏ. ਜੀ. ਪੀ. ਭਾਜਪਾ ਦੀ ਅਗਵਾਈ ਵਾਲੇ ਗੱਠਜੋੜ ਵਿਚ ਵਾਪਸ ਸ਼ਾਮਲ ਹੋ ਗਈ ਸੀ ਤਾਂ ਭਾਜਪਾ ਨੇ ਇਹ ਭਰੋਸਾ ਦਿੱਤਾ ਸੀ ਕਿ ਜੂਨ 'ਚ ਖਾਲੀ ਹੋ ਰਹੀਆਂ ਦੋ ਰਾਜ ਸਭਾ ਸੀਟਾਂ 'ਚੋਂ ਇਕ 'ਤੇ ਉਹ ਆਪਣਾ ਉਮੀਦਵਾਰ ਖੜ੍ਹਾ ਕਰ ਸਕਦੀ ਹੈ। ਕਾਂਗਰਸ ਦੇ ਉਚ ਸੂਤਰਾਂ ਅਨੁਸਾਰ ਪਾਰਟੀ ਨੇ ਰਾਜ ਸਭਾ ਸੀਟ ਤੋਂ ਡਾ. ਮਨਮੋਹਨ ਸਿੰਘ ਨੂੰ ਮੈਦਾਨ 'ਚ ਨਾ ਉਤਾਰਨ ਦਾ ਫੈਸਲਾ ਕੀਤਾ ਹੈ, ਕਿਉਂਕਿ ਸੂਬਾ ਵਿਧਾਨ ਸਭਾ 'ਚ ਅਨੁਮਾਨਿਤ ਤਾਕਤ ਦੀ ਘਾਟ 'ਚ ਉਨ੍ਹਾਂ ਦੀ ਹਾਰ ਲਗਭਗ ਤੈਅ ਹੈ।
ਵਰਣਨਯੋਗ ਹੈ ਕਿ ਡਾ. ਮਨਮੋਹਨ ਸਿੰਘ ਪਹਿਲੀ ਵਾਰ 1991 'ਚ ਅਸਾਮ ਤੋਂ ਰਾਜ ਸਭਾ ਲਈ ਚੁਣੇ ਗਏ ਸਨ, ਜਿਸ ਤੋਂ ਬਾਅਦ ਉਹ 1995, 2001 ਅਤੇ 2007 ਤੋਂ ਲਗਾਤਾਰ ਇਥੋਂ ਰਾਜ ਸਭਾ 'ਚ ਜਾਂਦੇ ਰਹੇ ਹਨ। ਅਸਾਮ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਦੇ ਕੌਮੀ ਨੇਤਾਵਾਂ ਅਤੇ ਕਾਂਗਰਸ ਦੇ ਸੀਨੀਅਰ ਨੇਤਾਵਾਂ ਵੱਲੋਂ ਲਗਾਤਾਰ ਦੌਰਿਆਂ ਨਾਲ ਲੋਕ ਸਭਾ ਚੋਣਾਂ ਲਈ ਹਾਈ ਵੋਲਟੇਜ ਚੋਣ ਮੁਹਿੰਮ ਦੇਖੀ ਗਈ ਹੈ ਪਰ 1991 ਤੋਂ ਰਾਜ ਸਭਾ ਵਿਚ ਸੂਬੇ ਦੀ ਲਗਾਤਾਰ ਨੁਮਾਇੰਦਗੀ ਕਰਦੇ ਆ ਰਹੇ ਡਾ. ਮਨਮੋਹਨ ਸਿੰਘ ਨੂੰ ਅਸਾਮ 'ਚ ਇਕ ਵੀ ਰੈਲੀ ਨੂੰ ਸੰਬੋਧਨ ਕਰਨ ਲਈ ਨਹੀਂ ਬੁਲਾਇਆ ਗਿਆ।


shivani attri

Content Editor

Related News