ਬੁੱਢੇ ਨਾਲੇ ਦੀ ਤਰਜ਼ ''ਤੇ ਤੁੰਗ ਢਾਬ ਡਰੇਨ ਨੂੰ ਪ੍ਰਦੂਸ਼ਣ-ਮੁਕਤ ਕਰਨ ਦਾ ਪ੍ਰਾਜੈਕਟ ਉਲੀਕੇਗ ਸਰਕਾਰ : ਡਾ. ਨਿੱਝਰ

Thursday, Nov 24, 2022 - 11:17 PM (IST)

ਬੁੱਢੇ ਨਾਲੇ ਦੀ ਤਰਜ਼ ''ਤੇ ਤੁੰਗ ਢਾਬ ਡਰੇਨ ਨੂੰ ਪ੍ਰਦੂਸ਼ਣ-ਮੁਕਤ ਕਰਨ ਦਾ ਪ੍ਰਾਜੈਕਟ ਉਲੀਕੇਗ ਸਰਕਾਰ : ਡਾ. ਨਿੱਝਰ

ਚੰਡੀਗੜ੍ਹ : ਲੋਕਾਂ ਨੂੰ ਸਾਫ਼-ਸੁਥਰਾ ਤੇ ਰਹਿਣਯੋਗ ਮਾਹੌਲ ਮੁਹੱਈਆ ਕਰਾਉਣ ਦੀ ਆਪਣੀ ਵਚਨਬੱਧਤਾ ਤਹਿਤ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਫ਼ੈਸਲਾ ਕੀਤਾ ਹੈ ਕਿ ਬੁੱਢੇ ਨਾਲੇ ਦੀ ਤਰਜ਼ 'ਤੇ ਅੰਮ੍ਰਿਤਸਰ ਦੀ ਤੁੰਗ ਢਾਬ ਡਰੇਨ ਨੂੰ ਪ੍ਰਦੂਸ਼ਣ ਮੁਕਤ ਕਰਨ ਦਾ ਪ੍ਰਾਜੈਕਟ ਉਲੀਕਿਆ ਜਾਵੇਗਾ। ਡਰੇਨ ਨੂੰ ਪ੍ਰਦੂਸ਼ਣ ਮੁਕਤ ਕਰਕੇ ਇਸ ਦੇ ਸੁੰਦਰੀਕਰਨ ਲਈ ਪ੍ਰਾਜੈਕਟ ਉਲੀਕਣ ਸਬੰਧੀ ਅਹਿਮ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ. ਇੰਦਰਬੀਰ ਸਿੰਘ ਨਿੱਝਰ ਨੇ ਕਿਹਾ ਕਿ ਸੂਬੇ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਇੱਥੋਂ ਦੇ ਦਰਿਆਵਾਂ, ਨਦੀਆਂ ਅਤੇ ਮੌਸਮੀ ਨਾਲਿਆਂ ਦੀ ਸਾਫ਼-ਸਫ਼ਾਈ ਵੱਲ ਉਚੇਚਾ ਧਿਆਨ ਦਿੱਤਾ ਜਾਣਾ ਸਮੇਂ ਦੀ ਲੋੜ ਹੈ।

ਇਹ ਵੀ ਪੜ੍ਹੋ : ਅਕਾਲੀ ਦਲ ਨੇ ਪ੍ਰੈੱਸ ਕਾਨਫਰੰਸ ਦੌਰਾਨ ਘੇਰੀ ਸੂਬਾ ਸਰਕਾਰ, ਪੰਜਾਬ ਦੀ ਮੌਜੂਦਾ ਹਾਲਤ ਨੂੰ ਲੈ ਕੇ ਕਹੀਆਂ ਇਹ ਗੱਲਾਂ

ਡਾ. ਨਿੱਝਰ ਨੇ ਡਰੇਨ ਦੀ ਸਫ਼ਾਈ ਲਈ ਗਠਿਤ ਸ਼ਹਿਰੀ ਤੇ ਪੇਂਡੂ ਖੇਤਰ ਦੀਆਂ ਕਮੇਟੀਆਂ ਨਾਲ ਮੀਟਿੰਗ ਦੌਰਾਨ ਤੁੰਗ ਢਾਬ ਡਰੇਨ ਨੂੰ ਸਾਫ਼ ਕਰਨ ਲਈ ਵੱਖ-ਵੱਖ ਪਹਿਲੂਆਂ 'ਤੇ ਧਿਆਨ ਕੇਂਦਰਿਤ ਕਰਦਿਆਂ ਕਿਹਾ ਕਿ ਇਸ ਪ੍ਰਾਜੈਕਟ ਨੂੰ ਤਿੰਨ ਹਿੱਸਿਆਂ 'ਚ ਵੰਡ ਕੇ ਸਨਅਤੀ, ਡੇਅਰੀ ਅਤੇ ਘਰੇਲੂ ਵੇਸਟ ਨੂੰ ਵੱਖੋ-ਵੱਖ ਟਰੀਟ ਕਰਕੇ ਹੀ ਡਰੇਨ ਦੀ ਸਫ਼ਾਈ ਯਕੀਨੀ ਬਣਾਈ ਜਾ ਸਕਦੀ ਹੈ। ਅਧਿਕਾਰੀਆਂ ਨੇ ਕੈਬਨਿਟ ਮੰਤਰੀ ਨੂੰ ਦੱਸਿਆ ਕਿ ਸ਼ਹਿਰ ਵਿੱਚੋਂ ਲੰਘਦੀ ਕੁੱਲ 20 ਕਿਲੋਮੀਟਰ ਲੰਮੀ ਇਸ ਡਰੇਨ 'ਚ 39 ਸਨਅਤਾਂ ਮੌਜੂਦ ਹਨ, ਜਿਨ੍ਹਾਂ ਵਿੱਚੋਂ 19 ਪ੍ਰਦੂਸ਼ਤ ਪਾਣੀ ਵਾਲੀਆਂ ਸਨਅਤਾਂ ਹਨ ਅਤੇ ਇਨ੍ਹਾਂ ਦਾ 28 ਐਮ.ਐਲ.ਡੀ. ਸਨਅਤੀ ਵੇਸਟ ਪਾਣੀ ਤੁੰਗ ਡਰੇਨ ਵਿੱਚ ਪੈ ਰਿਹਾ ਹੈ। ਇਸੇ ਤਰ੍ਹਾਂ 17 ਪਿੰਡਾਂ ਦਾ ਘਰੇਲੂ ਸੀਵਰੇਜ ਡਰੇਨ ਵਿੱਚ ਡਿੱਗ ਰਿਹਾ ਹੈ। ਇਸ ਤੋਂ ਇਲਾਵਾ 176 ਡੇਅਰੀਆਂ 'ਚੋਂ ਪਸ਼ੂਆਂ ਦਾ ਗੋਹਾ ਅਤੇ ਹੋਰ ਰਹਿੰਦ-ਖੂੰਹਦ, ਜੋ ਕਰੀਬ 550 ਕੇ.ਐਲ.ਡੀ. ਬਣਦਾ ਹੈ, ਤੁੰਗ ਡਰੇਨ ਵਿੱਚ ਸੁੱਟਿਆ ਜਾ ਰਿਹਾ ਹੈ।

PunjabKesari

ਡਾ. ਨਿੱਝਰ ਨੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜ਼ਹਿਰੀਲੇ ਕੈਮੀਕਲ ਵਾਲੀ ਸਨਅਤੀ ਵੇਸਟ ਨੂੰ ਡਰੇਨ 'ਚ ਪੈਣ ਤੋਂ ਸਖ਼ਤੀ ਨਾਲ ਰੋਕਿਆ ਜਾਵੇ ਅਤੇ ਸਨਅਤਾਂ ਦੀ ਨਿਰੰਤਰ ਚੈਕਿੰਗ ਯਕੀਨੀ ਬਣਾਈ ਜਾਵੇ। ਉਨ੍ਹਾਂ ਕਿਹਾ ਕਿ ਸਨਅਤੀ ਖੇਤਰ 'ਚ ਲੋੜ ਅਨੁਸਾਰ ਕਾਮਨ ਐਫਲੂਐਂਟ ਟਰੀਟਮੈਂਟ ਪਲਾਂਟ ਲਾਏ ਜਾਣ। ਮੰਤਰੀ ਨੇ ਪੰਜਾਬ ਲਘੂ ਉਦਯੋਗ ਤੇ ਐਕਸਪੋਰਟ ਕਾਰਪੋਰੇਸ਼ਨ (ਪੀ.ਐਸ.ਆਈ.ਈ.ਸੀ.) ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸਨਅਤਾਂ ਲਈ ਕਾਮਨ ਐਫਲੂਐਂਟ ਟਰੀਟਮੈਂਟ ਪਲਾਂਟ ਲਈ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਤੁਰੰਤ ਜ਼ਮੀਨ ਮੁਹੱਈਆ ਕਰਾਉਣ ਲਈ ਕਾਰਵਾਈ ਅਰੰਭੀ ਜਾਵੇ। ਇਸੇ ਤਰ੍ਹਾਂ ਉਨ੍ਹਾਂ ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਦੇ ਅਧਿਕਾਰੀਆਂ ਨੂੰ ਸ਼ਹਿਰ ਵਿੱਚ ਚਲ ਰਹੇ ਦੋ ਸੀਵਰੇਜ ਟਰੀਟਮੈਂਟ ਪਲਾਂਟਾਂ ਦੇ ਵਿਸਥਾਰ ਸਬੰਧੀ ਕਾਰਵਾਈ ਅਰੰਭਣ ਲਈ ਵੀ ਕਿਹਾ।

ਇਹ ਵੀ ਪੜ੍ਹੋ : ਫੂਡ ਐਂਡ ਸਪਲਾਈਜ਼ ਵਿਭਾਗ ਦੀ ਵੱਡੀ ਕਾਰਵਾਈ : ਗੈਰ-ਕਾਨੂੰਨੀ ਢੰਗ ਨਾਲ UP ਤੋਂ ਲਿਆਂਦਾ ਜਾ ਰਿਹਾ ਝੋਨਾ ਫੜਿਆ

ਸਥਾਨਕ ਸਰਕਾਰਾਂ ਬਾਰੇ ਮੰਤਰੀ ਨੇ ਡੇਅਰੀਆਂ ਦੀ ਵੇਸਟ ਡਰੇਨ 'ਚ ਪੈਣ ਤੋਂ ਰੋਕਣ ਲਈ ਨਗਰ ਨਿਗਮ ਅਤੇ ਪੇਂਡੂ ਵਿਕਾਸ ਵਿਭਾਗ ਦੇ ਅਧਿਕਾਰੀਆਂ ਨੂੰ ਡੇਅਰੀਆਂ ਤੋਂ ਗੋਹਾ ਤੇ ਹੋਰ ਵੇਸਟ ਇਕੱਤਰ ਕਰਨ ਦੀ ਹਦਾਇਤ ਕੀਤੀ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਬਾਇਉ-ਗੈਸ ਪਲਾਂਟ ਲਾਉਣ ਲਈ ਤਜਵੀਜ਼ ਵੀ ਬਣਾਈ ਜਾਵੇ ਤਾਂ ਜੋ ਡੇਅਰੀਆਂ 'ਚੋਂ ਗੋਹਾ ਤੇ ਹੋਰ ਵੇਸਟ ਤੋਂ ਗੈਸ ਪੈਦਾ ਕਰਕੇ ਇਸ ਦੀ ਘਰੇਲੂ ਵਰਤੋਂ ਯਕੀਨੀ ਬਣਾਈ ਜਾ ਸਕੇ। ਉਨ੍ਹਾਂ ਦੱਸਿਆ ਕਿ ਨਗਰ ਨਿਗਮ ਤੋਂ ਗਿੱਲੇ ਕੂੜੇ ਨੂੰ ਵੀ ਇਸ ਪਲਾਂਟ ਵਿੱਚ ਵਰਤਿਆ ਜਾ ਸਕੇਗਾ। ਡਾ. ਨਿੱਜਰ ਨੇ ਪਿੰਡਾਂ ਦੀ ਸੀਵਰੇਜ ਨੂੰ ਡਰੇਨ 'ਚ ਪੈਣ ਤੋਂ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੇਂਡੂ ਵਿਕਾਸ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਪਾਬੰਦ ਕੀਤਾ।

ਇਹ ਵੀ ਪੜ੍ਹੋ : ਪੰਜਾਬ ਪੁਲਸ ਦੀ ਵੱਡੀ ਕਾਰਵਾਈ : ਗੈਂਗਸਟਰ ਰਾਜਨ ਭੱਟੀ ਦੇ ਦੋ ਸਾਥੀ ਨਾਜਾਇਜ਼ ਹਥਿਆਰਾਂ ਸਣੇ ਬਠਿੰਡਾ ਤੋਂ ਗ੍ਰਿਫ਼ਤਾਰ

ਮੰਤਰੀ ਨੇ ਡਰੇਨੇਜ ਵਿਭਾਗ ਦੇ ਅਧਿਕਾਰੀਆਂ ਨੂੰ ਡਰੇਨ ਵਿੱਚ ਸਾਫ਼ ਪਾਣੀ ਛੱਡਣ ਲਈ ਛੇਤੀ ਤੋਂ ਛੇਤੀ ਤਜਵੀਜ਼ ਦੇਣ ਦੇ ਨਿਰਦੇਸ਼ ਦਿੰਦਿਆਂ ਆਖਿਆ ਕਿ ਇਹ ਵਿਧੀ ਡਰੇਨ ਦੀ ਸਫ਼ਾਈ ਨੂੰ ਪ੍ਰਦੂਸ਼ਣ-ਮੁਕਤ ਕਰਨ ਲਈ ਕਾਰਗਰ ਸਾਬਤ ਹੋਵੇਗੀ। ਉਨ੍ਹਾਂ ਸਥਾਨਕ ਸਰਕਾਰਾਂ ਵਿਭਾਗ ਦੇ ਸਕੱਤਰ ਨੂੰ ਡਰੇਨ ਦੇ ਸਫ਼ਾਈ ਸਬੰਧੀ ਪ੍ਰਾਜੈਕਟ ਨੂੰ ਨੇਪਰੇ ਚਾੜ੍ਹਨ ਲਈ ਮੁਕਾਮੀ ਲੋੜਾਂ ਦੀ ਪੂਰਤੀ ਅਤੇ ਸਮੱਸਿਆਵਾਂ ਦੇ ਹੱਲ ਲਈ ਜ਼ਿਲ੍ਹਾ ਪੱਧਰੀ ਸਾਂਝੀ ਕਮੇਟੀ ਬਣਾਉਣ ਦੇ ਨਿਰਦੇਸ਼ ਵੀ ਦਿੱਤੇ। ਮੀਟਿੰਗ ਦੌਰਾਨ ਅੰਮ੍ਰਿਤਸਰ ਤੋਂ ਸੰਸਦ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ, ਅੰਮ੍ਰਿਤਸਰ ਉੱਤਰੀ ਤੋਂ ਵਿਧਾਇਕ ਕੁੰਵਰ ਵਿਜੈ ਪ੍ਰਤਾਪ ਸਿੰਘ, ਵਿਭਾਗ ਦੇ ਸਕੱਤਰ ਸ੍ਰੀ ਵਿਵੇਕ ਪ੍ਰਤਾਪ, ਪੀ.ਐਮ.ਆਈ.ਡੀ.ਸੀ. ਅਤੇ ਪੰਜਾਬ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਦੀ ਸੀ.ਈ.ਓ. ਸ੍ਰੀਮਤੀ ਈਸ਼ਾ ਕਾਲੀਆ, ਅੰਮ੍ਰਿਤਸਰ ਨਗਰ ਨਿਗਮ ਦੇ ਮੇਅਰ ਕਰਮਜੀਤ ਸਿੰਘ ਤੇ ਕਮਿਸ਼ਨਰ ਕੁਮਾਰ ਸੌਰਭ ਰਾਜ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ।


author

Mandeep Singh

Content Editor

Related News