ਵਿਅਾਹੁਤਾ ਨੂੰ ਜ਼ਖ਼ਮੀ ਹਾਲਤ ’ਚ ਪੇਕੇ  ਘਰ ਦੇ ਬਾਹਰ ਛੱਡ ਗਏ ਦਾਜ ਦੇ ਲੋਭੀ

08/25/2018 5:27:00 AM

ਲੁਧਿਆਣਾ, (ਵਰਮਾ)- ਹਰ ਬੇਟੀ ਆਪਣੇ ਮਾਤਾ-ਪਿਤਾ ਅਤੇ ਭਰਾ ਦੀ ਲਾਡਲੀ ਹੁੰਦੀ ਹੈ। ਮਾਤਾ-ਪਿਤਾ ਜਨਮ ਤੋਂ ਉਸ ਦਾ ਵਿਆਹ ਹੋਣ ਤਕ ਉਸ ਦੇ ਹਰ ਅਰਮਾਨ ਨੂੰ ਪੂਰਾ ਕਰਦੇ ਹਨ ਪਰ ਕੁੱਝ ਦਾਜ ਦੇ ਲੋਭੀ ਲੋਕ ਬਹੁ-ਬੇਟੀਆਂ ਦਾ ਆਦਰ ਨਾ ਕਰਦੇ ਹੋਏ ਪੈਸੇ ਨੂੰ ਹੀ ਮੁੱਖ ਰੱਖਦੇ ਹਨ। ਇਸ ਤਰ੍ਹਾਂ ਦਾ ਹੀ ਇਕ ਮਾਮਲਾ ਲੁਧਿਆਣਾ ਦੀ ਰਹਿਣ ਵਾਲੀ ਹਰਸ਼ਲੀਲਾ ਨਿਵਾਸੀ ਜੀ. ਆਰ. ਅਸਟੇਟ ਚੰਡੀਗਡ਼੍ਹ ਰੋਡ ਦੇ ਨਾਲ ਹੋਇਆ। ਦਾਜ ਲਈ ਤੰਗ-ਪ੍ਰੇਸ਼ਾਨ ਅਤੇ ਕੁੱਟ-ਮਾਰ ਦੀ ਸ਼ਿਕਾਰ ਹਰਸ਼ਲੀਲਾ ਨੇ ਥਾਣਾ ਵੂਮੈਨ ਦੀ ਪੁਲਸ ਨੂੰ 18 ਜਨਵਰੀ 2018 ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਸ ਦਾ ਵਿਆਹ 17 ਫਰਵਰੀ 2016 ਨੂੰ ਮਨਮੋਹਨ ਵਰਮਾ ਨਿਵਾਸੀ ਜਨਤਾ ਨਗਰ ਸੰਗਰੂਰ ਨਾਲ ਹੋਇਆ ਸੀ। ਵਿਆਹ ਤੋਂ ਕੁੱਝ ਦਿਨ ਬਾਅਦ ਹੀ ਉਸ ਦਾ ਪਤੀ, ਸੱਸ, ਨਨਾਣ ਅਤੇ ਨਨਦੋਈ ਦਾਜ ਲਈ ਮਾਨਸਿਕ ਅਤੇ ਸਰੀਰਕ ਤੌਰ ’ਤੇ ਤੰਗ-ਪ੍ਰੇਸ਼ਾਨ ਕਰਨ ਲੱਗੇ।  ਪੀਡ਼ਤਾ ਦੇ ਭਰਾ ਹਰਦੀਪ ਸਿੰਘ ਨੇ ਦੱਸਿਆ ਕਿ ਉਸ ਦੀ ਭੈਣ ਦਾ ਵਿਆਹ ਬਹੁਤ ਧੂਮਧਾਮ ਨਾਲ ਕੀਤਾ ਗਿਆ ਸੀ। ਤੋਹਫੇ ਵਜੋਂ ਗੱਡੀ ਦੇ ਨਾਲ-ਨਾਲ ਹੋਰ ਕੀਮਤੀ ਸਾਮਾਨ ਵੀ ਦਿੱਤਾ ਸੀ ਪਰ ਦਾਜ ਦੇ ਲੋਭੀਅਾਂ ਦੀ ਪਿਆਸ ਨਹੀਂ ਬੁਝੀ ਅਤੇ ਉਹ ਉਸ ਦੀ ਭੈਣ ਨੂੰ ਦਾਜ ਹੋਰ ਲਿਆਉਣ ਲਈ ਤੰਗ-ਪ੍ਰੇਸ਼ਾਨ ਕਰਨ ਲੱਗ ਪਏ। ਇਕ ਵਾਰ ਤਾਂ ਉਨ੍ਹਾਂ ਨੇ ਉਸਦੀ ਭੈਣ ਦੇ ਦੋਵੇਂ ਹੱਥਾਂ ਦੀਆਂ ਨਸਾਂ ਵੀ ਕੱਟ ਦਿੱਤੀਆਂ ਅਤੇ ਹਸਪਤਾਲ ਲਿਜਾਣ ਦੀ ਬਜਾਏ ਉਸ ਨੂੰ ਨਸ਼ੇ ਵਾਲੀ ਚੀਜ ਦੇ ਕੇ ਘਰ ਵਿਚ ਹੀ ਕੈਦ ਕਰ ਕੇ ਰੱਖਿਆ। ਇਸ ਸਬੰਧ ਵਿਚ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਅਤੇ ਥੋਡ਼੍ਹੇ ਦਿਨ ਬਾਅਦ ਉਸ ਦੀ ਭੈਣ ਨੂੰ ਮਾਪੇ ਘਰ ਦੇ ਬਾਹਰ ਜ਼ਖ਼ਮੀ ਹਾਲਤ ਵਿਚ ਛੱਡ ਕੇ ਚਲੇ ਗਏ। ਹਰਦੀਪ ਨੇ ਦੱਸਿਆ ਕਿ ਉਨ੍ਹਾਂ ਨੇ ਭੈਣ ਦਾ ਇਲਾਜ ਕਰਵਾਇਆ ਅਤੇ ਪੁਲਸ ਕਮਿਸ਼ਨਰ ਨੂੰ ਸ਼ਿਕਾਇਤ ਦਿੱਤੀ। ਜਾਂਚ ਅਧਿਕਾਰੀ ਮੀਤ ਕੁਮਾਰ ਨੇ ਦੱਸਿਆ ਕਿ ਕਾਰਵਾਈ ਉਪਰੰਤ ਪੀਡ਼ਤਾ ਦੇ ਪਤੀ ਮਨਮੋਹਨ ਵਰਮਾ, ਸੱਸ ਵੀਨਾ ਰਾਣੀ, ਨਨਾਣ ਸ਼ਿਵਾਨੀ ਅਤੇ ਨਨਦੋਈ ਮਨਪ੍ਰੀਤ ਸਿੰਘ ਨਿਵਾਸੀ ਸੈਣੀ ਮੁਹੱਲਾ ਪਿੰਜੌਰ ਹਰਿਆਣਾ ਖਿਲਾਫ ਦਾਜ ਲਈ ਤੰਗ- ਪ੍ਰੇਸ਼ਾਨ ਅਤੇ ਕੁੱਟ-ਮਾਰ ਕਰਨ ਦਾ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। 


Related News