ਟਰਾਂਸਪੋਰਟ ਵਿਭਾਗ ਦੀ ਕਮਾਈ ਹੋਈ ਦੁੱਗਣੀ, ਮਾਨ ਸਰਕਾਰ ਦੀ ਟੈਕਸ ਚੋਰਾਂ ਨੂੰ ਨੱਥ ਪਾਉਣ ਦੀ ਕਾਰਵਾਈ ਰੰਗ ਲਿਆਈ

Tuesday, Jun 07, 2022 - 07:55 PM (IST)

ਟਰਾਂਸਪੋਰਟ ਵਿਭਾਗ ਦੀ ਕਮਾਈ ਹੋਈ ਦੁੱਗਣੀ, ਮਾਨ ਸਰਕਾਰ ਦੀ ਟੈਕਸ ਚੋਰਾਂ ਨੂੰ ਨੱਥ ਪਾਉਣ ਦੀ ਕਾਰਵਾਈ ਰੰਗ ਲਿਆਈ

ਚੰਡੀਗੜ੍ਹ (ਬਿਊਰੋ) : ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਵੱਲੋਂ ਟੈਕਸ ਚੋਰਾਂ, ਗ਼ੈਰ-ਕਾਨੂੰਨੀ ਗਤੀਵਿਧੀਆਂ ਤੇ ਬਿਨਾਂ ਪਰਮਿਟ ਵਾਲੇ ਬੱਸ ਆਪ੍ਰੇਟਰਾਂ ਨੂੰ ਨੱਥ ਪਾਉਣ ਦੀਆਂ ਕੋਸ਼ਿਸ਼ਾਂ ਸਦਕਾ ਟਰਾਂਸਪੋਰਟ ਵਿਭਾਗ ਦੀ ਕਮਾਈ ਵਿੱਚ ਦੁੱਗਣਾ ਵਾਧਾ ਦਰਜ ਕੀਤਾ ਗਿਆ ਹੈ। ਟਰਾਂਸਪੋਰਟ ਵਿਭਾਗ ਨੂੰ ਮਈ 2021 ਦੌਰਾਨ 91.69 ਕਰੋੜ ਰੁਪਏ ਦੀ ਆਮਦਨ ਹੋਈ ਸੀ, ਜਿਸ ਵਿੱਚ ਵਿਭਾਗ ਨੂੰ ਫ਼ੀਸ, ਕੰਪਾਊਂਡਿੰਗ ਫ਼ੀਸ, ਸੈੱਸ ਅਤੇ ਮੋਟਰ ਵਾਹਨ ਟੈਕਸ ਤੋਂ ਕਮਾਈ ਹੋਈ। ਇਸ ਵਰ੍ਹੇ ਵੱਖ-ਵੱਖ ਮੱਦਾਂ ਤੋਂ ਆਮਦਨ 'ਚ 31 ਮਈ 2022 ਤੱਕ ਦੁੱਗਣਾ ਵਾਧਾ ਦਰਜ ਕੀਤਾ ਗਿਆ ਹੈ, ਜੋ 94 ਫ਼ੀਸਦੀ ਦੇ ਵਾਧੇ ਨਾਲ 178 ਕਰੋੜ ਰੁਪਏ ਬਣਦਾ ਹੈ।

ਇਹ ਵੀ ਪੜ੍ਹੋ : ਕਰਜ਼ੇ ਤੋਂ ਪ੍ਰੇਸ਼ਾਨ ਨੌਜਵਾਨ ਨੇ ਜ਼ਹਿਰ ਖਾ ਕੇ ਕੀਤੀ ਖੁਦਕੁਸ਼ੀ

ਸੂਬਾ ਸਰਕਾਰ ਦੇ ਵਿਭਾਗ ਦੀ ਆਮਦਨ ਵਧਾਉਣ ਦੇ ਯਤਨਾਂ ਸਦਕਾ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਪੀ.ਆਰ.ਟੀ.ਸੀ.) ਨੇ ਵੀ ਇਸ ਵਰ੍ਹੇ ਦੁੱਗਣਾ ਵਾਧਾ ਦਰਜ ਕੀਤਾ ਹੈ। ਪੀ.ਆਰ.ਟੀ.ਸੀ. ਨੂੰ ਪਿਛਲੇ ਵਰ੍ਹੇ ਮਈ ਮਹੀਨੇ ਦੌਰਾਨ 23.28 ਕਰੋੜ ਦੀ ਆਮਦਨ ਹੋਈ ਸੀ, ਜੋ ਇਸ ਵਰ੍ਹੇ ਦੇ ਮਈ ਮਹੀਨੇ ਵਿੱਚ ਵੱਧ ਕੇ 42.05 ਕਰੋੜ ਰੁਪਏ ਰਿਕਾਰਡ ਕੀਤੀ ਗਈ ਹੈ। ਇਸੇ ਤਰ੍ਹਾਂ ਇਸ ਅਰਸੇ ਦੌਰਾਨ ਪੰਜਾਬ ਰੋਡਵੇਜ਼/ਪਨਬੱਸ ਨੂੰ ਵੀ ਦੁੱਗਣੇ ਨਾਲੋਂ ਵੀ ਵੱਧ ਆਮਦਨ ਹੋਈ ਹੈ। ਮਈ 2021 ਦੌਰਾਨ ਪੰਜਾਬ ਰੋਡਵੇਜ਼/ਪਨਬੱਸ ਨੂੰ 26.63 ਕਰੋੜ ਰੁਪਏ ਦੀ ਆਮਦਨ ਹੋਈ, ਜੋ ਮਈ 2022 ਦੌਰਾਨ ਵੱਧ ਕੇ 57.03 ਕਰੋੜ ਰੁਪਏ ਹੋਈ ਹੈ। ਇਹ ਫ਼ਰਕ ਮਈ 2021 ਮਹੀਨੇ ਦੀ ਕੁੱਲ ਆਮਦਨ ਦਾ 119 ਫ਼ੀਸਦੀ ਬਣਦਾ ਹੈ।

ਇਹ ਵੀ ਪੜ੍ਹੋ : ਪਾਣੀ ਲੈਣ ਉੱਤਰਿਆ ਯਾਤਰੀ, ਚੱਲਦੀ ਟ੍ਰੇਨ ’ਚ ਸਵਾਰ ਹੁੰਦੇ ਸਮੇਂ ਪੈਰ ਫਿਸਲਣ ਕਾਰਨ ਗਈ ਜਾਨ

ਮਈ 2021 ਦੌਰਾਨ ਪੀ.ਆਰ.ਟੀ.ਸੀ. ਵੱਲੋਂ ਔਰਤਾਂ ਨੂੰ 9.49 ਕਰੋੜ ਰੁਪਏ ਅਤੇ ਪੰਜਾਬ ਰੋਡਵੇਜ਼/ਪਨਬੱਸ ਵੱਲੋਂ 10.09 ਕਰੋੜ ਰੁਪਏ ਦੀ ਲਾਗਤ ਨਾਲ ਮੁਫ਼ਤ ਸਫ਼ਰ ਸਹੂਲਤ ਮੁਹੱਈਆ ਕਰਵਾਈ ਗਈ, ਜਦਕਿ ਮਈ 2022 ਦੌਰਾਨ ਇਹ ਰਾਸ਼ੀ ਕ੍ਰਮਵਾਰ 29.40 ਕਰੋੜ ਤੇ 22.90 ਕਰੋੜ ਰੁਪਏ ਰਹੀ। ਇਸੇ ਦੌਰਾਨ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਅਤੇ ਵਿਭਾਗਾਂ ਦੀ ਆਮਦਨ ਵਧਾਉਣ ਲਈ ਟੈਕਸ ਚੋਰਾਂ ਵਿਰੁੱਧ ਸਖ਼ਤੀ ਕਰਨ ਦੇ ਦਿੱਤੇ ਸਪੱਸ਼ਟ ਨਿਰਦੇਸ਼ਾਂ ਸਦਕਾ ਇਹ ਸੰਭਵ ਹੋਇਆ ਹੈ। ਉਨ੍ਹਾਂ ਦੱਸਿਆ ਕਿ ਇਸ ਸਮੇਂ ਪੀ.ਆਰ.ਟੀ.ਸੀ. ਅਤੇ ਪੰਜਾਬ ਰੋਡਵੇਜ਼/ਪਨਬੱਸ ਦੀਆਂ ਕਰੀਬ 3500 ਬੱਸਾਂ ਸੂਬੇ ਦੀਆਂ ਸੜਕਾਂ 'ਤੇ ਚੱਲ ਰਹੀਆਂ ਹਨ।

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

Mukesh

Content Editor

Related News