ਡਬਲ ਮਰਡਰ ਕੇਸ : ਕੇ. ਜੇ. ਸਿੰਘ ਤੇ ਉਸਦੀ ਮਾਂ ਦੇ ਹੱਤਿਆਰੇ ਆਖਿਰ ਕਦੋਂ ਆਉਣਗੇ ਪੁਲਸ ਦੀ ਪਕੜ ''ਚ
Wednesday, Oct 11, 2017 - 09:07 AM (IST)

ਮੋਹਾਲੀ (ਰਾਣਾ)-ਜਰਨਲਿਸਟ ਕੇ. ਜੇ. ਸਿੰਘ ਤੇ ਉਸਦੀ ਮਾਂ ਗੁਰਚਰਨ ਕੌਰ ਦੀ ਹੱਤਿਆ ਨੂੰ 16 ਦਿਨ ਬੀਤ ਚੁੱਕੇ ਹਨ ਪਰ ਇਸ ਦੌਰਾਨ ਪੰਜਾਬ ਦੇ ਸੀ. ਐੈੱਮ. ਵਲੋਂ ਬਣਾਈ ਗਈ ਐੱਸ. ਆਈ. ਟੀ. ਵੀ ਹੱਤਿਆ ਕਰਨ ਵਾਲੇ ਮੁਲਜ਼ਮਾਂ ਦਾ ਕੋਈ ਸੁਰਾਗ ਨਹੀਂ ਲਾ ਸਕੀ, ਜਦੋਂਕਿ ਪੁਲਸ ਨੂੰ ਇਕ ਗੱਲ ਸਪੱਸ਼ਟ ਹੋ ਚੁੱਕੀ ਹੈ ਕਿ ਹੱਤਿਆ ਕੇ. ਜੇ. ਦੇ ਕਿਸੇ ਨਜ਼ਦੀਕੀ ਨੇ ਹੀ ਕਰਵਾਈ ਹੈ ਪਰ ਪੁਲਸ ਦੇ ਹੱਥ ਉਸਦੇ ਖਿਲਾਫ ਹੁਣ ਤਕ ਕੋਈ ਠੋਸ ਸਬੂਤ ਨਹੀਂ ਲੱਗਾ ਹੈ। ਉਥੇ ਹੀ ਪੁਲਸ ਦੀ ਜਾਂਚ ਹੁਣ ਇਕ ਮਹਿੰਦਰਾ ਸਕਾਰਪੀਓ ਐੱਸ. ਯੂ. ਵੀ. 'ਤੇ ਟਿਕੀ ਹੋਈ ਹੈ ਕਿਉਂਕਿ ਪੁਲਸ ਦੇ ਹੱਥ ਇਕ ਸੀ. ਸੀ. ਟੀ. ਵੀ. ਫੁਟੇਜ ਲੱਗੀ ਹੈ, ਜਿਸ 'ਚ ਮਹਿੰਦਰਾ ਸਕਾਰਪੀਓ ਐੱਸ. ਯੂ. ਵੀ. ਕੇ. ਜੇ. ਸਿੰਘ ਦੇ ਘਰ ਨੇੜੇ ਘੁੰਮਦੀ ਹੋਈ ਦਿਖਾਈ ਦਿੱਤੀ ਹੈ।
ਗੱਡੀ 'ਚ 3 ਵਿਅਕਤੀ ਬੈਠੇ ਦਿਖਾਈ ਦੇ ਰਹੇ ਹਨ
ਜਾਣਕਾਰੀ ਮੁਤਾਬਿਕ ਫੁਟੇਜ 'ਚ ਗੱਡੀ ਅੰਦਰ 3 ਵਿਅਕਤੀ ਬੈਠੇ ਹੋਏ ਨਜ਼ਰ ਆ ਰਹੇ ਹਨ। ਫੁਟੇਜ 'ਚ ਚਿੱਟੇ ਰੰਗ ਦੀ ਗੱਡੀ ਸਾਫ ਨਜ਼ਰ ਆ ਰਹੀ ਹੈ, ਜੋ ਕੇ. ਜੇ. ਸਿੰਘ ਦੇ ਘਰ ਨੇੜੇ ਆ ਕੇ ਰੁਕੀ। ਇਸਦੇ ਬਾਅਦ ਤਿੰਨੇ ਸ਼ੱਕੀ ਕਾਰ 'ਚੋਂ ਉਤਰ ਕੇ ਵੱਖਰੀ-ਵੱਖਰੀ ਡਾਇਰੈਕਸ਼ਨ 'ਚ ਗਏ।
100 ਲੋਕਾਂ ਤੋਂ ਹੋ ਚੁੱਕੀ ਹੈ ਪੁੱਛਗਿੱਛ
ਪੁਲਸ ਨੇ ਹੱਤਿਆ ਵਾਲੀ ਰਾਤ ਦਾ ਕੇ. ਜੇ. ਸਿੰਘ ਦੇ ਘਰ ਨੇੜੇ ਦਾ ਡੰਪ ਡਾਟਾ ਲਿਆ ਹੈ, ਜਿਸ 'ਚ ਕਰੀਬ 100 ਲੋਕਾਂ ਦੀ ਲੋਕੇਸ਼ਨ ਸੀ, ਜਿਸ ਕਾਰਨ ਉਨ੍ਹਾਂ ਸਾਰਿਆਂ ਨੂੰ ਪੁਲਸ ਥਾਣੇ 'ਚ ਬੁਲਾ ਕੇ ਪੁੱਛਗਿੱਛ ਕੀਤੀ ਗਈ। ਉਨ੍ਹਾਂ 'ਚੋਂ ਕੁਝ ਲੋਕਾਂ 'ਤੇ ਪੁਲਸ ਨੂੰ ਸ਼ੱਕ ਵੀ ਹੈ ਤੇ ਉਨ੍ਹਾਂ 'ਤੇ ਪੁਲਸ ਨੇ ਨਜ਼ਰ ਰੱਖੀ ਹੋਈ ਹੈ। ਪੁਲਸ ਜਾਂਚ ਵਿਚ ਹੁਣ ਤਕ ਇਕ ਗੱਲ ਤਾਂ ਸਪੱਸ਼ਟ ਹੋ ਚੁੱਕੀ ਹੈ ਕਿ ਮਰਡਰ ਕਰਵਾਉਣ ਲਈ ਹਤਿਆਰੇ ਬਾਹਰੋਂ ਬੁਲਾਏ ਗਏ ਸਨ। ਉਹ ਕਿਸ ਨੇ ਬੁਲਾਏ ਸਨ, ਉਸਦੀ ਭਾਲ ਪੁਲਸ ਕਰ ਰਹੀ ਹੈ।
ਕੇਸ ਦੀ ਬਹੁਤ ਹੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਨੂੰ ਕੇਸ ਨਾਲ ਜੁੜੇ ਕਾਫੀ ਸਬੂਤ ਮਿਲੇ ਹਨ, ਜਿਨ੍ਹਾਂ 'ਤੇ ਕੰਮ ਕੀਤਾ ਜਾ ਰਿਹਾ ਹੈ। ਕੇਸ 'ਚ ਜਿਸ 'ਤੇ ਵੀ ਸ਼ੱਕ ਹੈ, ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। —ਕੁਲਦੀਪ ਸਿੰਘ ਚਾਹਲ, ਐੱਸ. ਐੱਸ. ਪੀ. ਮੋਹਾਲੀ