ਦੋਹਰੇ ਕਤਲ ਕਾਂਡ ਵਿਚ 11 ਨਾਮਜ਼ਦ, 5-6 ਅਣਪਛਾਤੇ ਲੋਕਾਂ ਖਿਲਾਫ ਮਾਮਲਾ ਦਰਜ
Tuesday, Jul 18, 2017 - 05:05 PM (IST)

ਫਿਰੋਜ਼ਪੁਰ/ਗੁਰੂਹਰਸਹਾਏ (ਕੁਮਾਰ,ਮਨਦੀਪ,ਆਵਲਾ) : ਫਿਰੋਜ਼ਪੁਰ ਦੇ ਪਿੰਡ ਚੱਕ ਮੇਘਾ ਰਾਏ ਬੀਤੀ ਸਵੇਰ ਹੋਏ ਦੋਹਰੇ ਕਤਲ ਕਾਂਡ ਵਿਚ ਥਾਣਾ ਗੁਰੂਹਰਸਹਾਏ ਦੀ ਪੁਲਸ ਨੇ ਸ਼ਿਕਾਇਤਕਰਤਾ ਜੱਗ ਸਿੰਘ ਪੁੱਤਰ ਦਲੀਪ ਸਿੰਘ ਵਾਸੀ ਚੱਕ ਮੇਘਾ ਰਾਏ (ਪਾਲੇ ਚੱਕ) ਦੇ ਬਿਆਨਾਂ 'ਤੇ 11 ਲੋਕਾਂ ਨੂੰ ਨਾਮਜ਼ਦ ਕਰਦੇ ਉਨ੍ਹਾਂ ਦੇ 5-6 ਅਣਪਛਾਤੇ ਸਾਥੀਆਂ ਖਿਲਾਫ ਵੀ ਮਾਮਲਾ ਦਰਜ ਕੀਤਾ ਹੈ। ਪੁਲਸ ਵਲੋਂ ਕਾਤਲਾਂ ਨੂੰ ਫੜਨ ਲਈ ਸ਼ੱਕੀ ਸਥਾਨਾਂ 'ਤੇ ਛਾਪਾਮਾਰੀ ਕੀਤੀ ਜਾ ਰਹੀ ਹੈ। ਇਹ ਜਾਣਕਾਰੀ ਦਿੰਦੇ ਹੋਏ ਐਸ.ਪੀ. ਡਿਟੈਕਟਿਵ ਫਿਰੋਜ਼ਪੁਰ ਅਜਮੇਰ ਸਿੰਘ ਬਾਠ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਸ਼ਿਕਾਇਤਕਰਤਾ ਮੁਦੱਈ ਨੇ ਦੱਸਿਆ ਕਿ ਉਸਦਾ ਲੜਕਾ ਲਖਵਿੰਦਰ ਸਿੰਘ ਅਤੇ ਉਸਦੇ ਤਾਏ ਦਾ ਪੋਤਾ ਬੇਅੰਤ ਸਿੰਘ ਪੁੱਤਰ ਬਗੀਚਾ ਸਿੰਘ 16 ਜੁਲਾਈ 2017 ਨੂੰ ਡੇਰਾ ਭਜਨਗੜ੍ਹ, ਪਿੰਡ ਗੋਲੂ ਕਾ ਵਿਚ ਮੇਲਾ ਦੇਖਣ ਲਈ ਗਏ ਸਨ, ਜਿਥੇ ਨਾਮਜ਼ਦ ਨਛੱਤਰ ਸਿੰਘ ਅਤੇ ਉਸਦੇ ਸਾਥੀਆਂ ਦੇ ਨਾਲ ਅਚਾਨਕ ਤਕਰਾਰ ਹੋ ਗਈ। ਸ਼ਿਕਾਇਤਕਰਤਾ ਅਨੁਸਾਰ 17 ਜੁਲਾਈ 2017 ਨੂੰ ਸਵੇਰੇ ਕਰੀਬ ਸਾਢੇ 10 ਵਜੇ ਸ਼ਿਕਾਇਤਕਰਤਾ ਦਾ ਬੇਟਾ ਲਖਵਿੰਦਰ ਸਿੰਘ ਅਤੇ ਉਸਦੇ ਤਾਏ ਦਾ ਪੋਤਾ ਬੇਅੰਤ ਸਿੰਘ ਖੇਤਾਂ ਵਿਚ ਚੱਕਰ ਲਗਾਉਣ ਗਏ, ਜਿਨ੍ਹਾਂ ਨਾਲ ਬਲਜਿੰਦਰ ਸਿੰਘ ਪੁੱਤਰ ਗੁਰਬਚਨ ਸਿੰਘ ਵਾਸੀ ਪਿੰਡੀ ਅਤੇ ਹਰਮਨਦੀਪ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਪਿੰਡ ਨਿਝਰ ਵੀ ਸਨ ਅਤੇ ਜਦ ਉਹ ਨਛੱਤਰ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਦੀ ਮੋਟਰ ਦੇ ਕੋਲੋ ਨਿਕਲਣ ਲੱਗ ਤਾਂ ਨਛੱਤਰ ਸਿੰਘ, ਅਰਸ਼ਦੀਪ ਸਿੰਘ, ਗੁਰਮੀਤ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਨੇ ਆਪਣੀ 12 ਬੋਰ ਦੀ ਰਾਈਫ ਨਾਲ ਇਨ੍ਹਾਂ 'ਤੇ ਜਾਨਲੇਵਾ ਹਮਲਾ ਕਰ ਦਿੱਤਾ ਅਤੇ ਗੋਲੀ ਚਲਾਈ।
ਗੋਲੀ ਲੱਗਣ ਨਾਲ ਲਖਵਿੰਦਰ ਸਿੰਘ ਅਤੇ ਬੇਅੰਤ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਬਲਜਿੰਦਰ ਸਿੰਘ ਅਤੇ ਹਰਮਨਦੀਪ ਸਿੰਘ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਮੈਡੀਕਲ ਕਾਲਜ ਫਰੀਦਕੋਟ ਵਿਚ ਦਾਖਲ ਕਰਵਾਇਆ ਗਿਆ ਹੈ। ਅਜਮੇਰ ਸਿੰਘ ਬਾਠ ਐਸ.ਪੀ. ਡਿਟੈਕਟਿਵ ਫਿਰੋਜ਼ਪੁਰ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਇਸ ਡਬਲ ਮਰਡਰ ਕੇਸ ਵਿਚ ਪੁਲਸ ਨੇ ਨਛੱਤਰ ਸਿੰਘ, ਅਰਸ਼ਦੀਪ ਸਿੰਘ ਪੁੱਤਰ ਹਰਦੀਪ ਸਿੰਘ, ਨਿਸ਼ਾਨ ਸਿੰਘ ਪੁੱਤਰ ਸੂਬਾ ਸਿੰਘ, ਗੁਰਮੀਤ ਸਿੰਘ, ਹਰਜਿੰਦਰ ਸਿੰਘ ਪੁੱਤਰ ਜਸਵੰਤ ਸਿੰਘ, ਗੁਰਦੇਵ ਸਿੰਘ, ਜਸਵੰਤ ਸਿੰਘ, ਸੂਬਾ ਸਿੰਘ, ਮੇਜਰ ਸਿੰਘ ਪੁੱਤਰ ਕਿੱਕਰ ਸਿੰਘ, ਗੁਰਦੀਪ ਸਿੰਘ ਪੁੱਤਰ ਬਲਵੀਰ ਸਿੰਘ, ਜੱਗਾ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਚੱਕ ਮੇਘਾ ਰਾਏ (ਪਾਲੇ ਚੱਕ) ਅਤੇ 5-6 ਅਣਪਛਾਤੇ ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਹੈ।