ਕਿਸਾਨਾਂ ਦਾ ਸੰਘਰਸ਼ ਜ਼ੋਰਾਂ ''ਤੇ, ''ਦੋਰਾਹਾ ਟੋਲ ਪਲਾਜ਼ਾ'' ਕੀਤਾ ਫਰੀ
Tuesday, Oct 13, 2020 - 11:36 AM (IST)
ਦੋਰਾਹਾ (ਵਿਪਨ) : ਕੇਂਦਰ ਸਰਕਾਰ ਦੇ ਕਾਲੇ ਕਾਨੂੰਨਾਂ ਖ਼ਿਲਾਫ਼ ਸੂਬੇ ਅੰਦਰ ਕਿਸਾਨਾਂ ਦਾ ਸੰਘਰਸ਼ ਜ਼ੋਰਾਂ 'ਤੇ ਹੈ। ਜਿੱਥੇ ਕਿਸਾਨਾਂ ਵੱਲੋਂ ਰੇਲਵੇ ਲਾਈਨਾਂ 'ਤੇ ਪੱਕੇ ਡੇਰੇ ਲਾਏ ਗਏ ਹਨ, ਉੱਥੇ ਹੀ ਹੁਣ ਟੋਲ ਪਲਾਜ਼ਿਆਂ ਨੂੰ ਵੀ ਘੇਰਨਾ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਦੇ ਤਹਿਤ ਹੀ ਕਿਸਾਨਾਂ ਵੱਲੋਂ ਅੱਜ ਲੁਧਿਆਣਾ ਤੇ ਰੋਪੜ ਨੂੰ ਜੋੜਦਾ ਦੋਰਾਹਾ ਟੋਲ ਪਲਾਜ਼ਾ ਫਰੀ ਕਰ ਦਿੱਤਾ ਗਿਆ।
ਕਿਸਾਨਾਂ ਵੱਲੋਂ ਪਹਿਲਾਂ ਕੇਂਦਰ ਸਰਕਾਰ ਦੀ ਕਮਾਈ ਵਾਲੇ ਟੋਲ ਪਲਾਜ਼ੇ ਘੇਰੇ ਜਾ ਰਹੇ ਸਨ ਪਰ ਹੁਣ ਪੰਜਾਬ ਸਰਕਾਰ ਦੀ ਆਮਦਨ ਵਾਲੇ ਟੋਲ ਪਲਾਜ਼ਿਆਂ ਨੂੰ ਵੀ ਫਰੀ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਕਾਲੇ ਕਾਨੂੰਨ ਖਤਮ ਨਹੀਂ ਕੀਤੇ ਜਾਂਦੇ, ਉਦੋਂ ਤੱਕ ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ। ਕਿਸਾਨਾਂ ਦਾ ਕਹਿਣਾ ਹੈ ਕਿ ਕਾਂਗਰਸ ਦੀ ਸਰਕਾਰ ਵੀ ਮੋਦੀ ਸਰਕਾਰ ਨਾਲ ਰਲੀ ਹੋਈ ਹੈ ਅਤੇ ਆਉਣ ਵਾਲੀਆਂ ਚੋਣਾਂ 'ਚ ਕਿਸਾਨ ਸਰਕਾਰਾਂ ਨੂੰ ਸਬਕ ਸਿਖਾ ਕੇ ਹਟਣਗੇ।