6 ਮਹੀਨੇ ਪਹਿਲਾਂ ਦੋਰਾਹਾ ਤੋਂ ਕੈਨੇਡਾ ਗਈ ਲੜਕੀ ਦੀ ਭੇਤਭਰੀ ਹਾਲਤ 'ਚ ਮੌਤ
Thursday, Apr 07, 2022 - 01:10 PM (IST)
ਦੋਰਾਹਾ (ਵਿਨਾਇਕ) : ਕੈਨੇਡਾ 'ਚ ਸਟੱਡੀ ਵੀਜ਼ਾ 'ਤੇ ਦੋਰਾਹਾ ਤੋਂ ਕਰੀਬ 6 ਮਹੀਨੇ ਪਹਿਲਾਂ ਗਈ ਪੰਜਾਬੀ ਲੜਕੀ ਸੈਂਜੂਲਾ ਵੈਦ (ਚੈਰੀ) ਦੀ ਪਹਿਲੇ ਨਵਰਾਤਰੇ ਮੌਕੇ ਭੇਤਭਰੀ ਹਾਲਤ ਵਿਚ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜੋ ਕਿ ਆਪਣੇ ਐਡਮਿੰਟਨ ਘਰ 'ਚ ਸਵੇਰ ਸਮੇਂ ਮ੍ਰਿਤਕ ਪਾਈ ਗਈ।
ਇਹ ਵੀ ਪੜ੍ਹੋ : ਡਾ. ਵੇਰਕਾ ਦੇ ਦੋਸ਼ਾਂ ਤੋਂ ਬਾਅਦ ਸੁਨੀਲ ਜਾਖੜ ਨੇ ਦਿੱਤਾ ਸਪੱਸ਼ਟੀਕਰਨ
ਮ੍ਰਿਤਕਾ ਦੀ ਉਮਰ 18 ਸਾਲ ਦੇ ਕਰੀਬ ਸੀ, ਜੋ ਕਿ ਨਾਰਕੁਏਸਟ ਕਾਲਜ 'ਚ ਪੜ੍ਹਦੀ ਸੀ ਤੇ ਐਡਮਿੰਟਨ 'ਚ ਕਿਰਾਏ ਦੇ ਮਕਾਨ ਦੀ ਬੇਸਮੈਂਟ 'ਚ ਰਹਿੰਦੀ ਸੀ। ਉਸ ਦੇ ਪਿਤਾ ਰਜੀਵ ਕੁਮਾਰ ਵੈਦ ਉਰਫ ਬੌਬੀ ਸਰ ਜੋ ਕਿ ਸ਼ਕਤੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੋਰਾਹਾ ਵਿਖੇ ਮੈਥ ਲੈਕਚਰਾਰ ਤੇ ਮਾਤਾ ਨਿਵੇਦਤਾ ਜੋਸ਼ੀ ਜੋ ਕਿ ਏ. ਐੱਸ. ਸੀਨੀਅਰ ਸੈਕੰਡਰੀ ਸਕੂਲ ਖੰਨਾ ਵਿਖੇ ਬਤੌਰ ਐੱਸ. ਐੱਸ. ਲੈਕਚਰਾਰ ਸੇਵਾ ਨਿਭਾ ਰਹੇ ਹਨ, ਨੇ ਦੱਸਿਆ ਕਿ ਉਨ੍ਹਾਂ ਦੀ ਬੇਟੀ ਹਰੇਕ ਨਵਰਾਤਰੇ ਮੌਕੇ ਮੰਦਰ 'ਚ ਜਾ ਕੇ ਮਾਤਾ ਦੀ ਪੂਜਾ-ਅਰਚਨਾ ਕਰਦੀ ਹੁੰਦੀ ਸੀ ਪਰ ਪਹਿਲੇ ਨਵਰਾਤਰੇ ਮੌਕੇ ਉਸ ਦੀ ਮੌਤ ਦੀ ਮਨਹੂਸ ਖ਼ਬਰ ਨੇ ਸਾਨੂੰ ਝੰਜੋੜ ਕੇ ਰੱਖ ਦਿੱਤਾ ਹੈ, ਜਿਸ ਕਾਰਨ ਸਾਰਾ ਪਰਿਵਾਰ ਡੂੰਘੇ ਸਦਮੇ 'ਚ ਹੈ। ਉਨ੍ਹਾਂ ਦੀ ਬੇਟੀ ਦਾ ਅਜੇ ਇਹ ਪਹਿਲਾ ਸਮੈਸਟਰ ਹੀ ਸੀ।
ਖ਼ਬਰ ਇਹ ਵੀ : ਪੜ੍ਹੋ ਅੱਜ ਦੀਆਂ ਵੱਡੀਆਂ ਖ਼ਬਰਾਂ
ਉਨ੍ਹਾਂ ਦੱਸਿਆ ਕਿ ਇਸ ਘਟਨਾ ਸਬੰਧੀ ਕੈਨੇਡਾ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਪਰ ਪੁਲਸ ਨੂੰ ਅਜੇ ਤੱਕ ਲੜਕੀ ਦੇ ਮ੍ਰਿਤਕ ਹੋਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਲਾਸ਼ ਨੂੰ ਭਾਰਤ ਲਿਆਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਪੋਸਟਮਾਰਟਮ ਕਰਨ ਉਪਰੰਤ ਹੀ ਲਾਸ਼ ਭਾਰਤ ਆ ਸਕੇਗੀ। ਮ੍ਰਿਤਕਾ ਦਾ ਅੰਤਿਮ ਸੰਸਕਾਰ ਦੋਰਾਹਾ ਵਿਖੇ ਕੀਤਾ ਜਾਵੇਗਾ। ਇਸ ਮੌਕੇ ਵੱਖ-ਵੱਖ ਸਿੱਖਿਅਕ, ਰਾਜਨੀਤਿਕ ਅਤੇ ਸਮਾਜਿਕ ਆਗੂਆਂ ਨੇ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ।