ਦੇਖਿਓ ਕਿਤੇ ਘੋੜੀ ਚੜ੍ਹਨ ਤੋਂ ਪਹਿਲਾਂ ਹੀ ਨਾ ਟੁੱਟ ਜਾਣ ਸੁਪਨੇ!

Monday, Jul 23, 2018 - 11:17 AM (IST)

ਦੇਖਿਓ ਕਿਤੇ ਘੋੜੀ ਚੜ੍ਹਨ ਤੋਂ ਪਹਿਲਾਂ ਹੀ ਨਾ ਟੁੱਟ ਜਾਣ ਸੁਪਨੇ!

ਚੰਡੀਗੜ੍ਹ : ਹਰ ਮੁੰਡਾ ਆਪਣੇ ਦਿਲ 'ਚ ਵਿਆਹ ਨੂੰ ਲੈ ਕੇ ਹਜ਼ਾਰਾਂ ਸੁਪਨੇ ਸਜਾ ਕੇ ਰੱਖਦਾ ਹੈ ਤੇ ਜਿਸ ਦਿਨ ਉਸ ਨੇ ਘੋੜੀ ਚੜ੍ਹਨਾ ਹੁੰਦਾ ਹੈ, ਉਸ ਦਿਨ ਤਾਂ ਉਸ ਨੂੰ ਗੋਡੇ-ਗੋਡੇ ਚਾਅ ਹੁੰਦਾ ਹੈ ਪਰ ਧਿਆਨ ਨਾਲ, ਕਿਤੇ ਘੋੜੀ ਚੜ੍ਹਨ ਤੋਂ ਪਹਿਲਾਂ ਹੀ ਨਾ ਸਾਰੇ ਸੁਪਨੇ ਟੁੱਟ ਜਾਣ ਕਿਉਂਕਿ ਹੁਣ ਘੋੜੀ ਚੜ੍ਹਨ ਤੋਂ ਪਹਿਲਾਂ ਮੁੰਡਿਆਂ ਨੂੰ 'ਡੋਪ ਟੈਸਟ' ਕਰਾਉਣਾ ਪੈ ਸਕਦਾ ਹੈ।  ਜੇਕਰ 'ਡੋਪ ਟੈਸਟ' ਪਾਜ਼ਿਟਿਵ ਆ ਜਾਂਦਾ ਹੈ ਤਾਂ ਰਿਸ਼ਤਾ ਤਾਂ ਟੁੱਟੇਗਾ ਹੀ ਕਿਉਂਕਿ ਕੋਈ ਵੀ ਮਾਂ-ਪਿਓ ਆਪਣੀ ਧੀ ਨੂੰ ਕਿਸੇ ਨਸ਼ੇੜੀ ਨਾਲ ਕਦੇ ਨਹੀਂ ਤੋਰੇਗਾ। ਚੰਡੀਗੜ੍ਹ ਪ੍ਰਸ਼ਾਸਨ ਵਿਆਹ ਤੋਂ ਪਹਿਲਾਂ ਨੌਜਵਾਨਾਂ ਦੇ 'ਡੋਪ ਟੈਸਟ' ਕਰਾਉਣ ਲਈ ਤਿਆਰ ਹੈ, ਹਾਲਾਂਕਿ ਇਸ ਦੀ ਮਨਜ਼ੂਰੀ ਲਾੜੇ ਦੀ ਹੀ ਇੱਛਾ 'ਤੇ ਛੱਡੀ ਗਈ ਹੈ।
ਅਸਲ 'ਚ ਜਸਟਿਸ ਰਿਤੂ ਬਾਹਰੀ ਨੇ ਨਸ਼ਿਆਂ ਨਾਲ ਸਬੰਧਿਤ ਇਕ ਮਾਮਲੇ ਦੀ ਸੁਣਵਾਈ ਦੌਰਾਨ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਨੂੰ ਨਿਰਦੇਸ਼ ਦਿੱਤਾ ਸੀ ਕਿ ਸਿਵਲ ਹਸਪਤਾਲਾਂ ਅਜਿਹੀ ਵਿਵਸਥਾ ਕਿਉਂ ਨਹੀਂ ਕੀਤੀ ਜਾ ਰਹੀ ਕਿ ਘੋੜੀ ਚੜ੍ਹਨ ਤੋਂ ਪਹਿਲਾਂ ਲਾੜਿਆਂ ਦਾ 'ਡੋਪ ਟੈਸਟ' ਕਰਾਇਆ ਜਾਵੇ। ਉਨ੍ਹਾਂ ਦਾ ਕਹਿਣਾ ਸੀ ਕਿ ਅਦਾਲਤ 'ਚ ਆਉਣ ਵਾਲੇ ਜ਼ਿਆਦਾਤਰ ਪਰਿਵਾਰਕ ਵਿਵਾਦਾਂ 'ਚ ਨਸ਼ਿਆਂ ਦਾ ਸੇਵਨ ਪਰਿਵਾਰਾਂ ਨੂੰ ਤੋੜਨ ਦਾ ਕਾਰਨ ਬਣਦਾ ਹੈ। ਅਜਿਹੇ 'ਚ ਵਿਆਹ ਤੋਂ ਪਹਿਲਾਂ ਇਹ ਜਾਂਚ ਲੈਣਾ ਕਿ ਲਾੜਾ ਨਸ਼ਾ ਕਰਦਾ ਹੈ ਜਾਂ ਨਹੀਂ, ਬਹੁਤ ਜ਼ਰੂਰੀ ਹੈ। ਇਹ ਪਰਿਵਾਰਾਂ ਨੂੰ ਟੁੱਟਣ ਤੋਂ ਬਚਾਉਣ ਲਈ ਮਦਦਗਾਰ ਸਾਬਿਤ ਹੋ ਸਕਦਾ ਹੈ। ਇਸ ਤੋਂ ਬਾਅਦ ਯੂ. ਟੀ. ਪ੍ਰਸ਼ਾਸਨ ਦੇ ਵਕੀਲ ਸੁਕਾਂਤ ਗੁਪਤਾ ਨੇ ਅਦਾਲਤ ਨੂੰ ਸੂਚਿਤ ਕੀਤਾ ਕਿ ਟੈਸਟ ਕਰਾਉਣ 'ਚ ਕੋਈ ਸਮੱਸਿਆ ਨਹੀਂ ਹੈ ਪਰ ਸ਼ਰਤ ਇਹ ਹੈ ਕਿ ਲਾੜੇ ਦੀ ਵੀ ਸਹਿਮਤੀ ਹੋਣੀ ਚਾਹੀਦੀ ਹੈ।


Related News