ਘਰੇਲੂ ਕਲੇਸ਼ ਦੇ ਕਾਰਨ ਸਹੁਰੇ ਪਰਿਵਾਰ ਨੇ ਜਵਾਈ ਦੀ ਕੀਤੀ ਕੁੱਟਮਾਰ

Friday, Jul 10, 2020 - 02:45 PM (IST)

ਘਰੇਲੂ ਕਲੇਸ਼ ਦੇ ਕਾਰਨ ਸਹੁਰੇ ਪਰਿਵਾਰ ਨੇ ਜਵਾਈ ਦੀ ਕੀਤੀ ਕੁੱਟਮਾਰ

ਗੋਨਿਆਣਾ (ਗੋਰਾ ਲਾਲ): ਅੱਜ ਸਿਖਰ ਦੁਪਹਿਰ ਉਸ ਸਮੇਂ ਦਹਿਸ਼ਤ ਦਾ ਮਾਹੌਲ ਫੈਲ ਗਿਆ, ਜਦੋਂ ਇਕ ਸਹੁਰੇ ਪਰਿਵਾਰ ਵਲੋਂ ਘਰੇਲੂ ਕਲੇਸ਼ ਦੇ ਕਾਰਨ ਆਪਣੇ ਜਵਾਈ ਦੀ ਕੁੱਟ-ਮਾਰ ਕਰ ਦਿੱਤੀ ਅਤੇ ਜਾਂਦੇ ਹੋਏ ਹਵਾਈ ਫਾਇਰਿੰਗ ਵੀ ਕਰ ਗਏ।ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਲਗਭਗ ਇਕ ਵਜੇ ਦੇ ਕਰੀਬ ਇਕ ਕਾਰ 'ਤੇ ਸਵਾਰ ਹੋ ਕੇ ਪੰਜ ਲੋਕ ਆਏ, ਰਸਤੇ 'ਚ ਤੁਰੇ ਜਾਂਦੇ ਜਸਵਿੰਦਰ ਸਿੰਘ ਕਾਲਾ ਪੁੱਤਰ ਨਸੀਬ ਚੰਦ ਨੂੰ ਘੇਰ ਕੇ ਕੁੱਟਣਾ ਸ਼ੁਰੂ ਕਰ ਦਿੱਤਾ ਅਤੇ ਘੜੀਸਦੇ ਹੋਏ ਉਸ ਦੇ ਘਰ ਤੱਕ ਲੈ ਗਏ ਅਤੇ ਉਸ ਦੇ ਦਰਵਾਜ਼ੇ 'ਤੇ ਜਾ ਕੇ ਵੀ ਕਾਫ਼ੀ ਜ਼ਿਆਦਾ ਕੁੱਟ-ਮਾਰ ਕੀਤੀ। ਜਦੋਂ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ ਤਾਂ ਇਕ ਹਵਾਈ ਫਾਇਰ ਕਰ ਕੇ ਆਪਣੀ ਗੱਡੀ ਲੈ ਕੇ ਭੱਜ ਨਿਕਲੇ। ਜਦੋਂ ਬਾਜ਼ਾਰਾਂ 'ਚ ਦੀ ਲੰਘਦੇ ਹੋਏ ਭੀੜ-ਭੜਕੇ ਵਾਲੇ ਏਰੀਏ 'ਚ ਜਾਮ ਲੱਗ ਗਿਆ ਤਾਂ ਉਨ੍ਹਾਂ ਪਿੱਛੇ ਆ ਰਹੀ ਭੀੜ ਨੂੰ ਭਜਾਉਣ ਲਈ ਫਿਰ ਦੋ ਹਵਾਈ ਫਾਇਰ ਕੀਤੇ ਅਤੇ ਭੱਜ ਨਿਕਲੇ।

ਇਸ ਪੂਰੇ ਘਟਨਾਕ੍ਰਮ ਦੌਰਾਨ ਜਸਵਿੰਦਰ ਸਿੰਘ ਦਾ ਸਹੁਰਾ ਰਾਜ ਸਿੰਘ ਪੁੱਤਰ ਬਲਬੀਰ ਸਿੰਘ ਵਾਸੀ ਰਾਮਾ ਮੰਡੀ ਨੂੰ ਲੋਕਾਂ ਵਲੋਂ ਕਾਬੂ ਕਰ ਲਿਆ ਗਿਆ, ਜਿਸ ਨੂੰ ਥਾਣਾ ਨੇਹੀਆਂਵਾਲਾ ਦੀ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ। ਜਦੋਂ ਇਸ ਸਬੰਧੀ ਗੋਨਿਆਣਾ ਮੰਡੀ ਚੌਕੀ ਇੰਚਾਰਜ ਹਰਬੰਸ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਕਿਸੇ ਘਰੇਲੂ ਕਲੇਸ਼ ਕਰ ਕੇ ਇਹ ਵਿਵਾਦ ਹੋਇਆ ਹੈ। ਇਸ ਘਟਨਾਕ੍ਰਮ ਦੀ ਪੂਰੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਜਲਦ ਹੀ ਛਾਣਬੀਣ ਕਰ ਕੇ ਇਸ 'ਚ ਦੋਸ਼ੀ ਲੋਕਾਂ ਨੂੰ ਕਾਬੂ ਕਰ ਲਿਆ ਜਾਵੇਗਾ ।


author

Shyna

Content Editor

Related News