ਜਲੰਧਰ: 'ਡੋਲੀ' ਵਾਲੀ ਕਾਰ ਲੁੱਟਣ ਦੇ ਮਾਮਲੇ ’ਚ ਨਵਾਂ ਮੋੜ, ਕਾਰ ਚਾਲਕ ਦੇ ਦੋਸਤ ਸਕਿਓਰਿਟੀ ਗਾਰਡ ਨੇ ਕੀਤੀ ਖ਼ੁਦਕੁਸ਼ੀ

Sunday, Nov 28, 2021 - 04:44 PM (IST)

ਜਲੰਧਰ: 'ਡੋਲੀ' ਵਾਲੀ ਕਾਰ ਲੁੱਟਣ ਦੇ ਮਾਮਲੇ ’ਚ ਨਵਾਂ ਮੋੜ, ਕਾਰ ਚਾਲਕ ਦੇ ਦੋਸਤ ਸਕਿਓਰਿਟੀ ਗਾਰਡ ਨੇ ਕੀਤੀ ਖ਼ੁਦਕੁਸ਼ੀ

ਜਲੰਧਰ (ਜ. ਬ., ਸੁਨੀਲ)- ਬੀਤੇ ਦਿਨੀਂ ਬਿਧੀਪੁਰ ਰੇਲਵੇ ਕਰਾਸਿੰਗ ਨੇੜੇ ਇਕ ਡੋਲੀ ਵਾਲੀ ਕਾਰ  ਲੁੱਟਣ ਦੇ ਮਾਮਲੇ ਵਿਚ ਉਸ ਸਮੇਂ ਨਵਾਂ ਮੋੜ ਆ ਗਿਆ ਜਦੋਂ ਡੋਲੀ ਵਾਲੀ ਕਾਰ ਦੇ ਡਰਾਈਵਰ ਦਵਿੰਦਰ ਦੇ ਦੋਸਤ ਪਲਵਿੰਦਰ ਕੁਮਾਰ ਨੇ ਟਰੇਨ ਅੱਗੇ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ, ਜਿਸ ਨੂੰ ਉਹ ਘਟਨਾ ਵਾਲੇ ਦਿਨ ਪੈਸੇ ਦੇਣ ਗਿਆ ਸੀ। ਜਾਣਕਾਰੀ ਮੁਤਾਬਕ ਬੀਤੇ ਦਿਨ ਥਾਣਾ ਮਕਸੂਦਾਂ ਦੀ ਪੁਲਸ ਨੇ ਕਾਰ ਚਾਲਕ ਅਤੇ ਉਸ ਦੇ ਦੋਸਤ ਪਲਵਿੰਦਰ ਕੁਮਾਰ ਨੂੰ ਮੌਕੇ ’ਤੇ ਪਹੁੰਚ ਕੇ ਪੁੱਛਗਿੱਛ ਕੀਤੀ ਸੀ। ਪੁਲਸ ਵੱਲੋਂ ਪੁੱਛੇ ਸਵਾਲਾਂ ਦਾ ਵੀ ਦੋਵੇਂ ਕੋਈ ਤਸੱਲੀਬਖ਼ਸ਼ ਜਵਾਬ ਨਹੀਂ ਦੇ ਸਕੇ ਸਨ। ਦੋਵਾਂ ਤੋਂ ਵੱਖ-ਵੱਖ ਪੁੱਛਗਿੱਛ ’ਚ ਮਾਮਲਾ ਪੁਲਸ ਨੂੰ ਸ਼ੱਕੀ ਲੱਗਾ। ਪੁਲਸ ਨੇ ਪੁੱਛਗਿੱਛ ਤੋਂ ਬਾਅਦ ਦੋਵਾਂ ਨੂੰ ਘਰ ਭੇਜ ਦਿੱਤਾ।

ਇਹ ਵੀ ਪੜ੍ਹੋ: ਪਰਗਟ ਸਿੰਘ ਨੂੰ ਚੈਲੰਜ ਦੇਣ ਲਈ ਤਿਆਰ ਮਨੀਸ਼ ਸਿਸੋਦੀਆ, ਸਿੱਖਿਆ ਮਾਡਲ ਸਬੰਧੀ ਮੁੜ ਕੀਤੇ ਧਮਾਕੇਦਾਰ ਟਵੀਟ

ਸ਼ਨੀਵਾਰ ਪੁਲਸ ਮਾਮਲੇ ਦੀ ਜਾਂਚ ’ਚ ਜੁਟੀ ਹੋਈ ਸੀ ਕਿ ਇਸੇ ਦੌਰਾਨ ਪੁਲਸ ਨੂੰ ਸੂਚਨਾ ਮਿਲੀ ਕਿ ਇਸ ਮਾਮਲੇ ’ਚ ਸ਼ਾਮਿਲ ਪਲਵਿੰਦਰ ਕੁਮਾਰ ਨੇ ਪਿੰਡ ਲਿੱਦੜਾਂ ਨੇੜੇ ਰੇਲਵੇ ਟਰੈਕ ’ਤੇ ਰੇਲ ਗੱਡੀ ਅੱਗੇ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ ਹੈ। ਇਸ ਤੋਂ ਬਾਅਦ ਪੁਲਸ ਦੇ ਹੱਥ-ਪੈਰ ਫੁੱਲ ਗਏ। ਹੁਣ ਪੁਲਸ ਲਈ ਇਸ ਮਾਮਲੇ ਨੂੰ ਸੁਲਝਾਉਣਾ ਔਖਾ ਸਾਬਤ ਹੋ ਰਿਹਾ ਹੈ। ਰੇਲ ਗੱਡੀ ਅੱਗੇ ਛਾਲ ਮਾਰ ਕੇ ਖ਼ੁਦਕੁਸ਼ੀ ਕਰਨ ਵਾਲੇ ਪਲਵਿੰਦਰ ਕੁਮਾਰ ਦੀ ਜੇਬ ਵਿਚੋਂ ਜੀ. ਆਰ. ਪੀ. ਪੁਲਸ ਨੂੰ ਇਕ ਸੁਸਾਈਡ ਨੋਟ ਬਰਾਮਦ ਹੋਇਆ ਹੈ, ਜਿਸ ਵਿਚ ਲਿਖਿਆ ਸੀ ਕਿ ਪਿਛਲੇ ਦਿਨੀਂ ਬਿੱਧੀਪੁਰ ਰੇਲਵੇ ਕਰਾਸਿੰਗ ਨੇੜੇ ਹੋਈ ਡੋਲੀ ਵਾਲੀ ਕਾਰ ਦੀ ਲੁੱਟ ਦੇ ਮਾਮਲੇ ਵਿਚ ਪੁਲਸ ਦੀ ਸਖ਼ਤੀ ਨਾਲ ਕੀਤੀ ਪੁੱਛਗਿੱਛ ਕਾਰਨ ਮੈਂ ਪ੍ਰੇਸ਼ਾਨ ਸੀ ਅਤੇ ਦੂਜਾ ਇਹ ਲਿਖਿਆ ਸੀ ਕਿ ਮੈਂ ਲੋਕਾਂ ਤੋਂ ਕਰਜ਼ਾ ਲੈ ਕੇ ਆਪਣੀ ਮੰਗੇਤਰ ਨੂੰ ਵਿਦੇਸ਼ ਭੇਜਿਆ ਸੀ ਅਤੇ ਵਿਦੇਸ਼ ਪਹੁੰਚ ਕੇ ਉਸ ਨੇ ਮੇਰੇ ਨਾਲ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ, ਜਿਸ ਕਾਰਨ ਮੈਂ ਦੁਖ਼ੀ ਸੀ।

ਇਸ ਸਬੰਧੀ ਡੀ. ਐੱਸ. ਪੀ. ਕਰਤਾਰਪੁਰ ਸੁਖਪਾਲ ਸਿੰਘ ਰੰਧਾਵਾ ਨੇ ਦੱਸਿਆ ਕਿ ਪੁਲਸ ਵੱਲੋਂ ਕਾਰ ਲੁੱਟ ਦੇ ਮਾਮਲੇ ਵਿਚ ਉਸ ਕੋਲੋਂ ਹੀ ਜਾਣਕਾਰੀ ਹਾਸਲ ਕੀਤੀ ਗਈ ਸੀ। ਉਸ ਨਾਲ ਇਸ ਤਰ੍ਹਾਂ ਦੀ ਕੋਈ ਸਖ਼ਤੀ ਨਾਲ ਪੁੱਛ-ਪੜਤਾਲ ਨਹੀਂ ਕੀਤੀ ਗਈ, ਜਿਸ ਕਾਰਨ ਉਹ ਪ੍ਰੇਸ਼ਾਨ ਹੋ ਸਕਦਾ ਸੀ।

ਇਹ ਵੀ ਪੜ੍ਹੋ: ਜਲੰਧਰ ਸ਼ਹਿਰ ’ਚ ਓਵਰ ਸਪੀਡ ਵਾਹਨ ਚਲਾਉਣ ਵਾਲੇ ਹੋ ਜਾਣ ਸਾਵਧਾਨ, ਹੋਣਗੇ ਚਲਾਨ ਤੇ ਚੌਂਕਾਂ 'ਚ ਲੱਗਣਗੇ CCTV ਕੈਮਰੇ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News