ਆਵਾਰਾ ਕੁੱਤਿਆਂ ਦਾ ਕਹਿਰ, ਭੇਡਾਂ ਦੇ ਵਾੜੇ ''ਤੇ ਹਮਲਾ

Saturday, Apr 21, 2018 - 06:21 AM (IST)

ਕੌਹਰੀਆਂ(ਸ਼ਰਮਾ)-ਪਿੰਡ ਭਾਈ ਕੀ ਪਿਸ਼ੌਰ ਵਿਖੇ ਜਗਸੀਰ ਸਿੰਘ ਪੁੱਤਰ ਪ੍ਰਗਟ ਸਿੰਘ ਦੇ ਭੇਡਾਂ ਦੇ ਵਾੜੇ 'ਤੇ ਖੂੰਖਾਰ ਆਵਾਰਾ ਕੁੱਤਿਆਂ ਨੇ ਹਮਲਾ ਕਰ ਦਿੱਤਾ, ਜਿਸ ਕਾਰਨ 13 ਭੇਡਾਂ, 14 ਲੇਲਿਆਂ ਦੀ ਮੌਤ ਹੋ ਗਈ ਅਤੇ 6 ਭੇਡਾਂ ਗੰਭੀਰ ਜ਼ਖਮੀ ਹੋ ਗਈਆਂ, ਜਿਨ੍ਹਾਂ ਦੇ ਬਚਣ ਦੀ ਆਸ ਵੀ ਨਾਂਹ ਦੇ ਬਰਾਬਰ ਹੀ ਹੈ। ਜਗਸੀਰ ਸਿੰਘ ਨੇ ਦੱਸਿਆ ਕਿ ਕੁੱਤਿਆਂ ਵੱਲੋਂ ਰਾਤ ਸਮੇਂ ਹਮਲਾ ਕੀਤਾ ਜਾਂਦਾ ਹੈ ਅਤੇ ਅੱਜ ਲਗਾਤਾਰ ਦੂਜੀ ਰਾਤ ਹਮਲਾ ਕੀਤਾ ਗਿਆ ਹੈ। ਪਹਿਲੇ ਦਿਨ 12-13 ਅਤੇ ਅੱਜ 14-15 ਭੇਡਾਂ ਅਤੇ ਲੇਲਿਆਂ ਦੀ ਮੌਤ ਹੋ ਗਈ। ਹਮਲਾ ਕਰਨ ਵਾਲੇ ਕੁੱਤਿਆਂ ਦੀ ਗਿਣਤੀ 20-25 ਦੇ ਕਰੀਬ ਸੀ, ਜਿਨ੍ਹਾਂ ਤੋਂ ਉਸ ਨੇ ਵੀ ਭੱਜ ਕੇ ਆਪਣੀ ਜਾਨ ਬਚਾਈ। ਜਗਸੀਰ ਨੇ ਕਿਹਾ ਕਿ ਉਸ ਦਾ ਕਰੀਬ ਦੋ-ਢਾਈ ਲੱਖ ਰੁਪਏ ਦਾ ਨੁਕਸਾਨ ਹੋ ਗਿਆ। ਜਦੋਂ ਪਿੰਡ 'ਚ ਜਾ ਕੇ ਦੇਖਿਆ ਗਿਆ ਤਾਂ ਉਥੇ ਦਹਿਸ਼ਤ ਦਾ ਮਾਹੌਲ ਸੀ ਅਤੇ ਡਰ ਦੇ ਮਾਰੇ ਸਭ ਨੇ ਆਪਣੇ ਘਰਾਂ ਦੇ ਦਰਵਾਜ਼ੇ ਬੰਦ ਕੀਤੇ ਹੋਏ ਸਨ। ਮੌਕੇ 'ਤੇ ਪਹੁੰਚੀ ਵੈਟਰਨਰੀ ਡਾਕਟਰਾਂ ਦੀ ਟੀਮ : ਪਤਾ ਲੱਗਦੇ ਹੀ ਵੈਟਰਨਰੀ ਅਫਸਰ ਡਾ. ਰਮਨ ਕੁਮਾਰ ਦੀ ਅਗਵਾਈ ਵਿਚ ਡਾਕਟਰਾਂ ਦੀ ਟੀਮ ਤੁਰੰਤ ਮੌਕੇ 'ਤੇ ਪਹੁੰਚੀ ਅਤੇ ਜ਼ਖਮੀ ਭੇਡਾਂ ਦਾ ਇਲਾਜ ਸ਼ੁਰੂ ਕੀਤਾ।
ਪੰਚਾਇਤ ਨਹੀਂ ਗੰਭੀਰ : ਆਵਾਰਾ ਕੁੱਤਿਆਂ ਨੇ ਲਗਾਤਾਰ ਦੂਜੇ ਦਿਨ ਹਮਲਾ ਕੀਤਾ ਪਰ ਦੋ ਦਿਨ ਲੰਘਣ 'ਤੇ ਵੀ ਪੰਚਾਇਤ ਇਸ ਮਸਲੇ 'ਤੇ ਕਥਿਤ ਗੰਭੀਰ ਦਿਖਾਈ ਨਹੀਂ ਦੇ ਰਹੀ ਕਿਉਂਕਿ ਜਦੋਂ ਪਿੰਡ ਦੇ ਸਰਪੰਚ ਨਿਰੰਜਣ ਸਿੰਘ ਅਤੇ ਪੰਚਾਇਤ ਮੈਂਬਰ ਕੁਲਵੰਤ ਸਿੰਘ ਨਾਲ ਗੱਲ ਕੀਤੀ ਕਿ ਉਨ੍ਹਾਂ ਨੇ ਕੁੱਤਿਆਂ ਦੇ ਹੱਲ ਲਈ ਕਿਸ ਅਧਿਕਾਰੀ ਨਾਲ ਗੱਲ ਕੀਤੀ ਹੈ ਤਾਂ ਉਨ੍ਹਾਂ ਕਿਹਾ ਕਿ ਕਿਸੇ ਨਾਲ ਵੀ ਨਹੀਂ ਕੀਤੀ ਪਰ ਅੱਜ ਡੀ. ਸੀ. ਸਾਹਿਬ ਨੂੰ ਮਿਲਣ ਦਾ ਪ੍ਰੋਗਰਾਮ ਬਣਾ ਰਹੇ ਹਾਂ।


Related News