ਪੰਜਾਬ ''ਚ ਅਵਾਰਾ ਕੁੱਤਿਆਂ ਦਾ ਕਹਿਰ, 4 ਸਾਲਾਂ ਦੌਰਾਨ 4.7 ਲੱਖ ਲੋਕਾਂ ਨੂੰ ਵੱਢਿਆ

01/31/2020 1:54:28 PM

ਚੰਡੀਗੜ੍ਹ : ਸੂਬੇ 'ਚ ਅਵਾਰਾ ਕੁੱਤਿਆਂ ਦੇ ਵੱਢਣ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਜੇਕਰ ਸਾਲ 2019 ਦੀ ਗੱਲ ਕਰੀਏ ਤਾਂ ਕੁੱਤਿਆਂ ਦੇ ਵੱਢਣ ਦੇ 1.35 ਲੱਖ ਮਾਮਲੇ ਸਾਹਮਣੇ ਆ ਚੁੱਕੇ ਹਨ। ਇਹ ਗਿਣਤੀ ਹੋਰ ਵੀ ਵੱਧ ਹੋ ਸਕਦੀ ਹੈ ਕਿਉਂਕਿ ਇਨ੍ਹਾਂ ਮਾਮਲਿਆਂ 'ਚ ਉਹ ਲੋਕ ਸ਼ਾਮਲ ਨਹੀਂ ਹਨ, ਜਿਹੜੇ ਕਿ ਕੁੱਤੇ ਦੇ ਵੱਢਣ 'ਤੇ ਨਿਜੀ ਤੌਰ 'ਤੇ ਇਲਾਜ ਕਰਵਾਉਂਦੇ ਹਨ ਜਾਂ ਫਿਰ ਕਿਤੇ ਵੀ ਇਲਾਜ ਹੀ ਨਹੀਂ ਕਰਾਉਂਦੇ। ਸੂਬੇ 'ਚ ਅਜਿਹੇ ਮਾਮਲੇ ਇਸ ਲਈ ਵੱਧ ਰਹੇ ਹਨ ਕਿਉਂਕਿ 3 ਵਿਭਾਗਾਂ ਸਥਾਨਕ ਸਰਕਾਰਾਂ, ਪੇਂਡੂ ਵਿਕਾਸ ਅਤੇ ਪੰਚਾਇਤ ਤੇ ਪਸ਼ੂ-ਪਾਲਣ ਵਿਚਕਾਰ ਆਪਸੀ ਤਾਲਮੇਲ ਹੀ ਨਹੀਂ ਹੈ।

PunjabKesari

ਅਵਾਰਾ ਕੁੱਤਿਆਂ ਦੇ ਵੱਢਣ ਦਾ ਮੁੱਦਾ ਤਕਰੀਬਨ ਵਿਧਾਨ ਸਭਾ ਦੇ ਹਰੇਕ ਇਜਲਾਸ 'ਚ ਚੁੱਕਿਆ ਗਿਆ ਹੈ। ਪਿਛਲੇ ਸਾਲ ਜੁਲਾਈ ਮਹੀਨੇ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸੂਬੇ 'ਚ ਅਵਾਰਾ ਕੁੱਤਿਆਂ ਦੇ ਵਧ ਰਹੇ ਖਤਰੇ ਨਾਲ ਨਜਿੱਠਣ ਲਈ ਵਧੀਕ ਮੁੱਖ ਸਕੱਤਰ ਦੀ ਅਗਵਾਈ 'ਚ ਇਕ ਕਾਰਜ ਸਮੂਹ ਦਾ ਗਠਨ ਕੀਤਾ ਸੀ, ਪਰ ਇਹ ਵੀ ਨਾਕਾਮ ਰਿਹਾ। ਪਿਛਲੇ 4 ਸਾਲਾਂ ਤੋਂ ਕੁੱਤਿਆਂ ਦੇ ਵੱਢਣ ਦੇ ਮਾਮਲਿਆਂ 'ਚ ਲਗਾਤਾਰ ਵਾਧਾ ਹੋਇਆ ਹੈ।

ਪਿਛਲੇ ਸਾਲ ਸੂਬੇ ਦੇ ਸਰਕਾਰੀ ਹਸਪਤਾਲਾਂ ਵਲੋਂ 1.35 ਲੱਖ ਡਾਗ ਬਾਈਟ ਪੀੜਤਾਂ ਦਾ ਇਲਾਜ ਕੀਤਾ ਗਿਆ ਸੀ, ਜੋ ਕਿ ਸਾਲ 2018 ਦੇ ਮੁਕਾਬਲੇ 20 ਫੀਸਦੀ ਜ਼ਿਆਦਾ ਹੈ। ਕੁੱਲ ਆਂਕੜਿਆਂ ਨੂੰ ਮਿਲਾ ਕੇ ਪਿਛਲੇ 4 ਸਾਲਾਂ 'ਚ ਸਿਰਫ ਸਰਕਾਰੀ ਹਸਪਤਾਲਾਂ 'ਚ ਕੁੱਤਿਆਂ ਦੇ ਵੱਢਣ ਦੇ 4.7 ਲੱਖ ਤੋਂ ਜ਼ਿਆਦਾ ਮਾਮਲੇ ਸਾਹਮਣੇ ਆ ਚੁੱਕੇ ਹਨ। ਜ਼ਿਲਾ ਪੱਧਰ 'ਤੇ ਨਜ਼ਰ ਮਾਰੀਏ ਤਾਂ ਲੁਧਿਆਣਾ 'ਚ ਸਭ ਤੋਂ ਜ਼ਿਆਦਾ 15,000 ਮਾਮਲੇ ਸਾਹਮਣੇ ਆਏ ਹਨ, ਜਦੋਂ ਕਿ ਪਟਿਆਲਾ ਅਤੇ ਜਲੰਧਰ 'ਚ ਇਹ ਮਾਮਲੇ 10,000 ਦੇ ਕਰੀਬ ਹਨ, ਜਦੋਂ ਕਿ ਹੁਸ਼ਿਆਰਪੁਰ 'ਚ 9,000 ਕੁੱਤਿਆਂ ਦੇ ਵੱਢਣ ਦੇ ਮਾਮਲੇ ਦੇਖੇ ਗਏ ਹਨ। ਸਟੇਟ ਰੈਬਿਜ਼ ਕੰਟਰੋਲ ਪ੍ਰੋਗਰਾਮ ਦੀ ਪ੍ਰੋਗਰਾਮ ਅਫਸਰ ਡਾ. ਪ੍ਰੀਤੀ ਥਾਵੇਰ ਨੇ ਕਿਹਾ ਹੈ ਕਿ ਇਨ੍ਹਾਂ ਮਾਮਲਿਆਂ ਦੇ ਵਧਣ ਦਾ ਕਾਰਨ ਕੁੱਤਿਆਂ ਦੀ ਆਬਾਦੀ 'ਚ ਵਾਧਾ ਹੋਣਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਿਹਤ ਵਿਭਾਗ ਦਾ ਕੰਮ ਪੀੜਤਾਂ ਨੂੰ ਇਲਾਜ ਮੁਹੱਈਆ ਕਰਵਾਉਣਾ ਹੈ ਅਤੇ ਸਾਲ 2018 'ਚ ਉਨ੍ਹਾਂ ਵਲੋਂ ਐਂਟੀ ਰੈਬਿਜ਼ ਵੈਕਸੀਨ ਦੇ 2 ਲੱਖ ਯੂਨਿਟ ਮੁਹੱਈਆ ਕਰਵਾਏ ਗਏ ਸਨ। ਸਰਕਾਰੀ ਰਿਪੋਰਟ ਮੁਤਾਬਕ ਸੂਬੇ 'ਚ ਕੁੱਤਿਆਂ ਦੀ ਕੁੱਲ ਆਬਾਦੀ 4.70 ਲੱਖ ਹਨ, ਜਿਨ੍ਹਾਂ 'ਚੋਂ 3.05 ਲੱਖ ਕੁੱਤੇ ਅਵਾਰਾ ਹਨ।


Babita

Content Editor

Related News