ਪੰਜਾਬ ''ਚ ਕੁੱਤਿਆਂ ਦੀ ਦਹਿਸ਼ਤ, ਹੁਣ ਤੱਕ 1,13,637 ਲੋਕਾਂ ਨੂੰ ਬਣਾਇਆ ਸ਼ਿਕਾਰ
Thursday, Jul 04, 2019 - 08:45 AM (IST)
ਚੰਡੀਗੜ੍ਹ : ਸੂਬੇ 'ਚ ਕੁੱਤਿਆਂ ਵੱਲੋ ਵੱਢਣ ਦੀ ਵਧ ਰਹੀ ਸਮੱਸਿਆ 'ਤੇ ਵਿਚਾਰ-ਵਟਾਂਦਰੇ ਵਾਸਤੇ ਇਕ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਇਸ ਸਮੱਸਿਆ ਦੇ ਖਾਤਮੇ ਲਈ ਭਾਰਤ ਸਰਕਾਰ ਤੋਂ ਸਮਰਥਨ ਪ੍ਰਾਪਤ ਕਰਨ ਵਾਸਤੇ ਸੰਭਾਵਨਾਵਾਂ ਦਾ ਪਤਾ ਲਗਾਉਣ ਲਈ ਮੁੱਖ ਸਕੱਤਰ ਨੂੰ ਨਿਰਦੇਸ਼ ਦਿੱਤੇ ਹਨ । ਇਸ ਦੌਰਾਨ ਪ੍ਰਮੁੱਖ ਸਕੱਤਰ ਪਸ਼ੂ ਪਾਲਣ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਸਾਲ 2017 'ਚ ਕੁੱਤਿਆਂ ਦੇ ਵੱਢਣ ਦੇ 1,12,431 ਮਾਮਲੇ ਸਾਹਮਣੇ ਆਏ, ਜਦੋਂ ਕਿ 2018 ਦੌਰਾਨ 1,13,637 ਮਾਮਲੇ ਸਾਹਮਣੇ ਆਏ।
ਇਨ੍ਹਾਂ 'ਚੋਂਇਕਲੇ ਲੁਧਿਆਣਾ 'ਚ ਕ੍ਰਮਵਾਰ 13,185 ਅਤੇ 15,324 ਘਟਨਾਵਾਂ ਵਾਪਰੀਆਂ। ਉਨ੍ਹਾਂ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਕੁੱਤਿਆਂ ਦੀ ਕੁੱਲ 4.70 ਲੱਖ ਦੀ ਜਨਸੰਖਿਆ 'ਚੋਂ ਅਵਾਰਾ ਕੁੱਤਿਆਂ ਦੀ ਗਿਣਤੀ 3.05 ਲੱਖ ਹੈ। ਮੀਟਿੰਗ 'ਚ ਇਹ ਵੀ ਦੱਸਿਆ ਕਿ ਸਾਲ 2017 'ਚ1,20,000 ਯੂਨਿਟ ਐਂਟੀ ਰੈਬਿਜ ਵੈਕਸੀਨ ਜਾਰੀ ਕੀਤੀ ਗਈ, ਜਦੋਂ ਕਿ 2018 'ਚ1,98,780 ਯੂਨਿਟ ਜਾਰੀ ਕੀਤੇ ਗਏ। ਕੁੱਤਿਆ ਦੇ ਵੱਢਣ ਦੇ ਇਲਾਜ ਲਈ 195 ਐਂਟੀ ਰੈਬਿਜ਼ ਸੈਂਟਰ ਸਥਾਪਿਤ ਕੀਤੇ ਗਏ ਹਨ।
ਅਵਾਰਾ ਕੁੱਤਿਆਂ ਦੀ ਸਮੱਸਿਆ ਨਾਲ ਨਿਪਟਣ ਲਈ ਸਥਾਨਕ ਸਰਕਾਰ ਵਿਭਾਗ ਦੀਆਂ ਸਰਗਰਮੀਆਂ ਦਾ ਉਲੇਖ ਕਰਦੇ ਹੋਏ ਡਾਇਰੈਕਟਰ ਸਥਾਨਕ ਸਰਕਾਰ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਕੁੱਲ 167 ਸ਼ਹਿਰੀ ਸਥਾਨਕ ਸੰਸਥਾਵਾਂ 'ਚੋਂ 110 ਨੇ 30 ਸਤੰਬਰ, 2019 ਤੋਂ ਪਹਿਲਾਂ ਕੁੱਤਿਆਂ ਨੂੰ ਖੱਸੀ ਕਰਨ ਦਾ ਕੰਮ ਸ਼ੁਰੂ ਕਰਨ ਲਈ ਮਤੇ ਪਾਸ ਕੀਤੇ ਹਨ। ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਪਟਿਆਲਾ, ਮੁਹਾਲੀ, ਹੁਸ਼ਿਆਰਪੁਰ, ਪਠਾਨਕੋਟ, ਜ਼ੀਰਕਪੁਰ ਅਤੇ ਮੰਡੀ ਗੋਬਿੰਦਗੜ੍ਹ ਦੀਆਂ ਨੌ ਸ਼ਹਿਰੀ ਸਥਾਨਕ ਸੰਸਥਾਵਾਂ 'ਚ ਕੁੱਤਿਆ ਬਾਰੇ ਵੱਡੀ ਪੱਧਰ 'ਤੇ ਏ. ਬੀ. ਸੀ (ਪਸ਼ੂ ਜਨਮ ਨਿਯੰਤਰਣ) ਪ੍ਰੋਗਰਾਮ ਚੱਲ ਰਿਹਾ ਹੈ।