ਪਾਲਤੂ ਕੁੱਤੇ ਨੇ ਬੱਚੇ ਨੂੰ ਵੱਢਿਆ, ਮਾਲਕ ਖ਼ਿਲਾਫ਼ ਮਾਮਲਾ ਦਰਜ
Monday, Mar 03, 2025 - 12:31 PM (IST)

ਚੰਡੀਗੜ੍ਹ (ਸੁਸ਼ੀਲ) : ਘਰ ਦੇ ਬਾਹਰ ਖੇਡ ਰਹੇ ਬੱਚੇ ਨੂੰ ਸੈਕਟਰ-47 'ਚ ਪਾਲਤੂ ਕੁੱਤੇ ਨੇ ਵੱਢ ਲਿਆ। ਬੱਚੇ ਨੂੰ ਸੈਕਟਰ-45 ਦੇ ਸਿਵਲ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ। ਬੱਚੇ ਦੀ ਮਾਂ ਰਿਤੂ ਸੂਦ ਨੇ ਇਸ ਮਾਮਲੇ ਦੀ ਸ਼ਿਕਾਇਤ ਪੁਲਸ ਨੂੰ ਕੀਤੀ। ਸੈਕਟਰ-31 ਥਾਣੇ ਦੀ ਪੁਲਸ ਨੇ ਤਿੰਨ ਮਹੀਨਿਆਂ ਬਾਅਦ ਹੁਣ ਮਾਮਲੇ ਦੀ ਜਾਂਚ ਕਰ ਕੁੱਤੇ ਦੇ ਮਾਲਕ ਨਵਾਬ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਮੁਲਜ਼ਮ ਮਾਲਕ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਸ਼ਿਕਾਇਤਕਰਤਾ ਰਿਤੂ ਸੂਦ ਨੇ ਆਪਣੀ ਸ਼ਿਕਾਇਤ 'ਚ ਪੁਲਸ ਨੂੰ ਦੱਸਿਆ ਕਿ ਉਸਦਾ ਪੁੱਤਰ 21 ਨਵੰਬਰ 2024 ਨੂੰ ਘਰ ਦੇ ਬਾਹਰ ਖੇਡ ਰਿਹਾ ਸੀ। ਇਸ ਦੌਰਾਨ ਇੱਕ ਪਾਲਤੂ ਕੁੱਤਾ ਆਇਆ ਅਤੇ ਪੁੱਤਰ ਨੂੰ ਵੱਢ ਲਿਆ। ਜਦੋਂ ਪੁੱਤਰ ਦੇ ਕੱਟੇ ਹੋਏ ਹਿੱਸੇ ਤੋਂ ਖੂਨ ਵਹਿਣ ਲੱਗਾ ਤਾਂ ਉਸ ਨੂੰ ਸੈਕਟਰ-45 ਦੇ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਸਬੰਧੀ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਸੀ। ਤਿੰਨ ਮਹੀਨਿਆਂ ਬਾਅਦ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਪੁਲਸ ਨੇ ਕੁੱਤੇ ਦੇ ਮਾਲਕ ਨਵਾਬ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।