ਕੀ ਨਵੇਂ ਨਿਗਮ ’ਚ ਪੁਰਾਣੇ ਕਾਂਗਰਸੀਆਂ ਤੇ ਭਾਜਪਾਈਆਂ ਨੂੰ ਹੀ ਲਿਆਉਣਾ ਚਾਹੁੰਦੀ ਹੈ ‘ਆਪ’ ?
Sunday, Sep 11, 2022 - 11:01 AM (IST)
ਜਲੰਧਰ (ਖੁਰਾਣਾ)– ਆਮ ਆਦਮੀ ਪਾਰਟੀ ਨੇ ਭਾਵੇਂ ਨਗਰ ਨਿਗਮ ਚੋਣਾਂ ਨੂੰ ਲੈ ਕੇ ਅਜੇ ਤੱਕ ਕੋਈ ਖ਼ਾਸ ਤਿਆਰੀ ਨਹੀਂ ਕੀਤੀ ਪਰ ਫਿਰ ਵੀ ਦੂਜੀਆਂ ਪਾਰਟੀਆਂ ਦੇ ਆਗੂਆਂ ਨੂੰ ‘ਆਪ’ ਵਿਚ ਸ਼ਾਮਲ ਕੀਤੇ ਜਾਣ ਦੀਆਂ ਘਟਨਾਵਾਂ ਵਿਚ ਜਿਸ ਤਰ੍ਹਾਂ ਵਾਧਾ ਹੁੰਦਾ ਜਾ ਰਿਹਾ ਹੈ, ਉਸ ਤੋਂ ਲੱਗਦਾ ਹੈ ਕਿ ਨਿਗਮ ਚੋਣਾਂ ਸਬੰਧੀ ਮਾਹੌਲ ਤਿਆਰ ਕੀਤਾ ਜਾ ਰਿਹਾ ਹੈ। ਪਿਛਲੇ ਦਿਨੀਂ ਜਿਸ ਤਰ੍ਹਾਂ ਕਾਂਗਰਸੀ ਆਗੂਆਂ ਨੂੰ ‘ਆਪ’ ਵਿਚ ਸ਼ਾਮਲ ਕਰਵਾਇਆ ਗਿਆ ਅਤੇ ਉਸ ਤੋਂ ਬਾਅਦ ਭਾਜਪਾ ਵਿਚ ਵੀ ਤਖ਼ਤਾ ਪਲਟ ਦੇ ਯਤਨ ਸਿਰੇ ਚੜ੍ਹਾਏ ਗਏ, ਉਸ ਤੋਂ ਸਪੱਸ਼ਟ ਹੋ ਗਿਆ ਹੈ ਕਿ ਆਉਣ ਵਾਲੇ ਸਮੇਂ ਦੌਰਾਨ ਜਲੰਧਰ ਨਿਗਮ ਦੇ ਕਈ ਕਾਂਗਰਸੀ ਅਤੇ ਭਾਜਪਾ ਕੌਂਸਲਰ ਆਮ ਆਦਮੀ ਪਾਰਟੀ ਦੇ ਬੈਨਰ ਹੇਠ ਆਪਣੀ ਅਗਲੀ ਨੇਤਾਗਿਰੀ ਚਮਕਾਉਣਗੇ। ਅਜਿਹੀ ਹਾਲਤ ਪੈਦਾ ਹੋਣ ਤੋਂ ਲੱਗ ਰਿਹਾ ਹੈ ਕਿ ਕੀ ਨਵੇਂ ਨਿਗਮ ਵਿਚ ਪੁਰਾਣੇ ਕਾਂਗਰਸੀਆਂ ਅਤੇ ਪੁਰਾਣੇ ਭਾਜਪਾਈਆਂ ਨੂੰ ਹੀ ਆਮ ਆਦਮੀ ਪਾਰਟੀ ਅੱਗੇ ਲਿਆਉਣਾ ਚਾਹ ਰਹੀ ਹੈ।
ਇਹ ਵੀ ਪੜ੍ਹੋ: ਪੰਜਾਬ ’ਚ ਗੈਂਗਵਾਰ ਰੋਕਣ ਲਈ ਐਕਸ਼ਨ 'ਚ DGP ਗੌਰਵ ਯਾਦਵ , ਅਧਿਕਾਰੀਆਂ ਨੂੰ ਦਿੱਤੀਆਂ ਹਦਾਇਤਾਂ
ਸੰਗਠਨ ਅਤੇ ਸਰਕਾਰ ਦੇ ਵਿਚਕਾਰ ਫਸਿਆ ਹੋਇਆ ਹੈ ‘ਆਪ’ ਦਾ ਕੇਡਰ
ਵੇਖਿਆ ਜਾਵੇ ਤਾਂ ਪੰਜਾਬ ਵਿਚ ਆਮ ਆਦਮੀ ਪਾਰਟੀ ਦਾ ਵਧੇਰੇ ਕੇਡਰ ਅਸੰਤੁਸ਼ਟ ਕਾਂਗਰਸੀਆਂ ਅਤੇ ਨਾਰਾਜ਼ ਭਾਜਪਾਈਆਂ ਦੇ ਸਹਾਰੇ ਹੀ ਟਿਕਿਆ ਹੋਇਆ ਹੈ। ਆਮ ਆਦਮੀ ਪਾਰਟੀ ਦਾ ਜਿਹੜਾ ਆਪਣਾ ਕੇਡਰ ਹੈ, ਉਹ ਵੀ ਇਸ ਸਮੇਂ ਪਾਰਟੀ ਸੰਗਠਨ ਅਤੇ ਸਰਕਾਰ ਦੇ ਵਿਚਕਾਰ ਫਸਿਆ ਹੋਇਆ ਦਿਖਾਈ ਦੇ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ‘ਆਪ’ ਸੰਗਠਨ ਨਾਲ ਜੁੜੇ ਕਈ ਆਗੂਆਂ ਨੇ ਕਈ ਵਾਰਡਾਂ ਤੋਂ ਆਪਣੇ ਚਹੇਤਿਆਂ ਨੂੰ ਟਿਕਟ ਦੇਣ ਦੀ ਤਿਆਰੀ ਕਰ ਲਈ ਹੈ। ਉਥੇ ਹੀ, ਦੂਜੇ ਪਾਸੇ ‘ਆਪ’ ਸਰਕਾਰ ਦੇ ਪ੍ਰਤੀਨਿਧੀਆਂ ਭਾਵ ਵਿਧਾਇਕਾਂ ਨੇ ਵੀ ਕਈਆਂ ਨੂੰ ਅਜਿਹੇ ਲਾਲੀਪਾਪ ਦਿੱਤੇ ਹੋਏ ਹਨ। ਹੁਣ ਦੇਖਣਾ ਹੋਵੇਗਾ ਕਿ ਸੰਗਠਨ ਅਤੇ ਸਰਕਾਰ ਵਿਚੋਂ ਕਿਸ ਦਾ ਪੱਲੜਾ ਭਾਰੀ ਰਹਿੰਦਾ ਹੈ।
ਜੇਕਰ ਪੁਰਾਣੇ ਚਿਹਰੇ ਹੀ ਮੋਹਰੇ ਬਣੇ ਤਾਂ ਨਵੇਂ ਲੱਗ ਜਾਣਗੇ ਖੁੱਡੇਲਾਈਨ
ਕੁਝ ਦਿਨ ਪਹਿਲਾਂ ਡਿਪਟੀ ਮੇਅਰ ਹਰਸਿਮਰਨਜੀਤ ਸਿੰਘ ਬੰਟੀ ਨਾਲ ਕੌਂਸਲਰ ਮਿੰਟੂ ਜੁਨੇਜਾ, ਕੌਂਸਲਰ ਮਿੰਟੂ ਗੁਰਜਰ ਅਤੇ ਕੌਂਸਲਰ ਰੋਹਨ ਸਹਿਗਲ ਨੇ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ ਸੀ। ਦੇਖਿਆ ਜਾਵੇ ਤਾਂ ਡਿਪਟੀ ਮੇਅਰ ਬੰਟੀ ਦੇ ਨਾਲ-ਨਾਲ ਸਾਰੇ ਤਿੰਨੋਂ ਕੌਂਸਲਰ ਦੁਬਾਰਾ ਚੋਣ ਲੜਨ ਦੇ ਇੱਛੁਕ ਦੱਸੇ ਜਾ ਰਹੇ ਹਨ। ਹਾਲ ਹੀ ਵਿਚ ਜਿਹੜੇ ਭਾਜਪਾ ਕੌਂਸਲਰਾਂ ਸ਼ਵੇਤਾ ਧੀਰ, ਚੰਦਰਜੀਤ ਕੌਰ ਸੰਧਾ, ਵਿਰੇਸ਼ ਮਿੰਟੂ ਅਤੇ ਅਨੀਤਾ ਆਦਿ ਨੇ ਭਾਜਪਾ ਨੂੰ ਛੱਡਿਆ ਹੈ, ਉਨ੍ਹਾਂ ਦੇ ਵੀ ਆਮ ਆਦਮੀ ਪਾਰਟੀ ਵਿਚ ਜਾਣ ਦੀਆਂ ਸੰਭਾਵਨਾਵਾਂ ਦਿਸ ਰਹੀਆਂ ਹਨ।
ਜੇਕਰ ਅਜਿਹਾ ਹੁੰਦਾ ਹੈ ਤਾਂ ਇਹੀ ਚਿਹਰੇ ਅਗਲੀਆਂ ਚੋਣਾਂ ਵਿਚ ‘ਆਪ’ ਦੀਆਂ ਟਿਕਟਾਂ ਦੇ ਦਾਅਵੇਦਾਰ ਹੋਣਗੇ। ਫਿਲਹਾਲ ਇਨ੍ਹਾਂ ਵਾਰਡਾਂ ਵਿਚ ‘ਆਪ’ ਦੇ ਆਪਣੇ ਕੇਡਰ ਦੇ ਉਹ ਆਗੂ ਨਿਰਾਸ਼ ਹਨ, ਜਿਹੜੇ ਪਾਰਟੀ ਟਿਕਟ ਦੇ ਚਾਹਵਾਨ ਸਨ ਜਾਂ ਯਤਨ ਕਰ ਰਹੇ ਸਨ। ਆਉਣ ਵਾਲੇ ਸਮੇਂ ਵਿਚ ਵੀ ਜੇਕਰ ਹੋਰ ਕਾਂਗਰਸੀਆਂ ਜਾਂ ਭਾਜਪਾਈਆਂ ਨੂੰ ‘ਆਪ’ ਵਿਚ ਸ਼ਾਮਲ ਕੀਤਾ ਜਾਂਦਾ ਹੈ ਤਾਂ ਨਗਰ ਨਿਗਮ ਦੇ ਅਗਲੇ ਕੌਂਸਲਰ ਹਾਊਸ ’ਚ ਵਧੇਰੇ ਚਿਹਰੇ ਪੁਰਾਣੇ ਹੀ ਦਿਸਣਗੇ।
ਇਹ ਵੀ ਪੜ੍ਹੋ: ਟਾਂਡਾ ਵਿਖੇ ਥਾਣੇ 'ਚ ਲਾਈਵ ਹੋ ਕੇ ASI ਨੇ ਗੋਲ਼ੀ ਮਾਰ ਕੀਤੀ ਖ਼ੁਦਕੁਸ਼ੀ, ਵੀਡੀਓ 'ਚ ਖੋਲ੍ਹੇ SHO ਦੇ ਵੱਡੇ ਰਾਜ਼
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ