ਡਾਕਟਰਾਂ ਵੱਲੋਂ ਔਜਲਾ ਦੇ ਬਾਈਕਾਟ ਦਾ ਐਲਾਨ
Friday, Feb 09, 2018 - 05:30 PM (IST)

ਅੰਮ੍ਰਿਤਸਰ (ਦਲਜੀਤ ਸ਼ਰਮਾ) - ਗੁਰੂ ਨਾਨਕ ਦੇਵ ਹਸਪਤਾਲ ਦੇ ਡਾਕਟਰਾਂ ਨੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਦੇ ਖਿਲਾਫ ਮੋਰਚਾ ਖੋਲ ਦਿੱਤਾ ਹੈ। ਡਾਕਟਰਾਂ ਨੇ ਅੱਜ ਕਾਲੇ ਬਿਲੇ ਲਗਾ ਕੇ ਹਸਪਤਾਲ ਵਿੱਚੋਂ ਰੋਸ ਮਾਰਚ ਕੱਢਦਿਆਂ ਔਜਲਾ ਮੁਰਦਾਬਾਦ ਦੇ ਨਾਅਰੇ ਲਗਾਏ। ਡਾਕਟਰਾਂ ਨੇ ਜਿਥੇ ਔਜਲਾ ਦੀ ਐਂਟਰੀ ਆਪਣੇ ਪੱਧਰ 'ਤੇ ਬੈਨ ਕਰ ਦਿੱਤੀ ਉਥੇ ਹੀ ਹਮੇਸ਼ਾਂ ਲਈ ਬਾਈਕਾਟ ਕਰਨ ਦਾ ਐਲਾਨ ਕੀਤਾ। ਡਾਕਟਰਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਪੰਜਾਬ ਸਟੇਟ ਮੈਡੀਕਲ ਅਤੇ ਡੈਂਟਲ ਟੀਚਰ ਐਸੋਸੀਏਸ਼ਨ ਦੇ ਸਕੱਤਰ ਡਾ. ਕਰਮਜੀਤ ਸਿੰਘ ਨੇ ਕਿਹਾ ਕਿ ਔਜਲਾ ਹਸਪਤਾਲ 'ਚ ਛਾਪੇਮਾਰੀ ਦੇ ਨਾਂ ਤੇ ਡਾਕਟਰਾਂ ਨੂੰ ਤੰਗ ਪ੍ਰੇਸ਼ਾਨ ਕਰਕੇ ਜਲੀਲ ਕਰ ਰਹੇ ਹਨ। ਵਿਜੀਲੈਂਸ ਵਿਭਾਗ ਦੀ ਟੀਮ ਨੂੰ ਹਸਪਤਾਲ 'ਚ ਲਿਆ ਕੇ ਇਸ ਤਰ੍ਹਾਂ ਦੱਬਕੇ ਮਾਰੇ ਜਾ ਰਹੇ ਹਨ ਕਿ ਜਿਵੇਂ ਡਾਕਟਰ ਚੋਰ ਹੋਣ। ਹਸਪਤਾਲ ਵਿਚ ਸਹੂਲਤਾਂ ਦੀ ਵੱਡੇ ਪੱਧਰ 'ਤੇ ਘਾਟ ਹੋਣ ਦੇ ਬਾਵਜੂਦ ਡਾਕਟਰ ਮਰੀਜ਼ਾਂ ਨੂੰ ਬੇਹੱਤਰ ਸੇਵਾਵਾਂ ਦੇਣ ਦੇ ਲਈ ਕੰਮ ਕਰ ਰਹੇ ਹਨ। ਔਜਲਾ ਵੱਲੋਂ ਚਾਰ ਵਾਰ ਹਸਪਤਾਲ ਦਾ ਨਿਰੀਖਣ ਕੀਤਾ ਗਿਆ ਹੈ ਪਰ ਅੱਜ ਤੱਕ ਸੁਧਾਰ ਦੇ ਲਈ ਕੋਈ ਠੋਸ ਉਪਰਾਲਾ ਨਹੀਂ ਕੀਤਾ ਗਿਆ ਹੈ ਬਲਕਿ ਡਾਕਟਰਾਂ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਦੇ ਮੰਤਰੀ ਬ੍ਰਹਮ ਮਹਿੰਦਰਾਂ ਸਰਕਾਰੀ ਮੈਡੀਕਲ ਕਾਲਜ ਦੇ ਅਧੀਨ ਚੱਲਣ ਵਾਲੇ ਉੱਕਤ ਹਸਪਤਾਲ ਦਾ ਨਾਂ ਹੋਰ ਰੌਸ਼ਨ ਕਰਨ ਦੇ ਲਈ ਯਤਨਸ਼ੀਲ ਹਨ ਪਰ ਔਜਲਾ ਛਾਪੇਮਾਰੀ ਦੇ ਨਾਂ 'ਤੇ ਸੰਸਥਾਂ ਦੇ ਨਾਮ ਨੂੰ ਬਦਨਾਮ ਕਰ ਰਹੇ ਹਨ। ਹੋਰਨਾਂ ਡਾਕਟਰਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਹਸਪਤਾਲ 'ਚ ਦਵਾਈਆਂ ਦੀ ਵੱਡੇ ਪੱਧਰ 'ਤੇ ਘਾਟ ਹੈ ਤੇ ਮਰੀਜ਼ਾਂ ਦੀ ਐਮਰਜੈਂਸੀ ਨੂੰ ਮੱਦੇਨਜ਼ਰ ਰੱਖਦਿਆਂ ਡਾਕਟਰਾਂ ਨੂੰ ਮਜ਼ਬੂਰ ਹੋ ਕੇ ਜੈਨਰਿਕ ਦਵਾਈਆਂ ਦਵਾਈਆਂ ਲਿੱਖੀਆਂ ਜਾਂਦੀਆਂ ਹਨ। ਸਰਕਾਰ ਖੁਦ ਤਾਂ ਦਵਾਈਆਂ ਦੀ ਘਾਟ ਪੂਰੀ ਕਰਦੀ ਨਹੀਂ ਉੱਲਟਾ ਡਾਕਟਰਾਂ ਨੂੰ ਉਹੀ ਦਵਾਈਆਂ ਲਿੱਖਣ ਲਈ ਕਹਿ ਰਹੀ ਹੈ ਜੋ ਸਰਕਾਰੀ ਸਟੋਰ 'ਚ ਪਿਛਲੇ ਲੰਬੇ ਸਮੇਂ ਤੋਂ ਖਤਮ ਹੋਈਆਂ ਪਈਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰੀ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਡਾਕਟਰ ਤੇਜਬੀਰ ਸਿੰਘ ਦੇ ਜਰੀਏ ਮੰਤਰੀ ਬ੍ਰਹਮ ਮਹਿੰਦਰਾਂ ਨੂੰ ਮੰਗ ਪੱਤਰ ਵੀ ਭੇਜਿਆ ਗਿਆ ਹੈ ਅਤੇ ਸਪੱਸ਼ਟ ਕੀਤਾ ਗਿਆ ਹੈ ਕਿ ਔਜਲਾਂ ਦੀ ਐਂਟਰੀ ਹਸਪਤਾਲ 'ਚ ਬੈਨ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੀ ਮੰਗਾਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਉਹ ਪੰਜਾਬ ਵਿਚ ਸਿਹਤ ਸੇਵਾਵਾਂ ਅਣਮਿੱਥੇ ਸਮੇਂ ਲਈ ਠੱਪ ਕਰ ਦੇਣਗੇ।
ਡਾਕਟਰਾਂ ਨੇ ਕਿਹਾ ਕਿ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਸੋਚੀ ਸਮਝੀ ਸਾਜਿਸ਼ ਦੇ ਤਹਿਤ ਹਸਪਤਾਲ 'ਚ ਛਾਪੇਮਾਰੀ ਕਰ ਰਹੇ ਹਨ। ਔਜਲਾ ਅਸਲੀਅਤ 'ਚ ਆਪਣੇ ਕੁਝ ਚਹੇਤਿਆਂ ਨੂੰ ਹਸਪਤਾਲ ਦੇ ਸਰਕਾਰੀ ਕੰਮਾਂ ਵਿਚ ਲਾਭ ਦਿਵਾਉਣਾ ਚਾਹੁੰਦੇ ਹਨ। ਇਸੇ ਲਈ ਡਾਕਟਰਾਂ 'ਤੇ ਦਬਾਅ ਬਣਾਉਣ ਦੇ ਲਈ ਛਾਪੇਮਾਰੀ ਕਰ ਰਹੇ ਹਨ। ਉਨ੍ਹਾਂ ਦੇ ਕੁਝ ਚਹੇਤੇ ਗਲਤ ਸੰਦੇਸ਼ ਦੇ ਕੇ ਡਾਕਟਰਾਂ ਦੀ ਕਾਰਗੁਜ਼ਾਰੀ ਪ੍ਰਤੀ ਉਨ੍ਹਾਂ ਨੂੰ ਗੁੰਮਰਾਹ ਕਰ ਰਹੇ ਹਨ। ਔਜਲਾਂ ਕਦੇ ਵੀ ਉਨ੍ਹਾਂ ਨਾਲ ਹਸਪਤਾਲ ਦੀ ਸਮੱਸਿਆਵਾਂ ਨੂੰ ਲੈ ਕੇ ਟੇਬਲ ਟਾਕ ਕਰ ਸਕਦੇ ਹਨ।
ਹੁਣ ਵੀ ਔਜਲਾ ਨੇ ਕੀਤੀ ਛਾਪੇਮਾਰੀ ਤਾਂ ਡਾਕਟਰ ਕਰਨਗੇ ਬਾਈਕਾਟ
ਡਾਕਟਰਾਂ ਨੇ ਕਿਹਾ ਕਿ ਔਜਲਾ ਨੂੰ ਹਸਪਤਾਲ ਦੀ ਸਿੱਧੇ ਤੌਰ 'ਤੇ ਚੈਕਿੰਗ ਕਰਕੇ ਡਾਕਟਰਾਂ ਨੂੰ ਪਰੇਸ਼ਾਨ ਕਰਨ ਦਾ ਕੋਈ ਹੱਕ ਨਹੀਂ ਹੈ ਜੇਕਰ ਕਿਸੇ ਡਾਕਟਰ ਖਿਲਾਫ ਉਨ੍ਹਾਂ ਕੋਲ ਸ਼ਿਕਾਇਤ ਹੈ ਤਾਂ ਉਹ ਵਿਭਾਗ ਦੇ ਮੰਤਰੀ ਨੂੰ ਕਰ ਸਕਦੇ ਹਨ ਨਾਂ ਕਿ ਖੁਦ ਹੀ ਮੰਤਰੀ ਬਣ ਕੇ ਡਾਕਟਰਾਂ ਨੂੰ ਨੀਵਾਂ ਵਿਖਾਉਣ। ਡਾਕਟਰਾਂ ਨੇ ਕਿਹਾ ਕਿ ਜੇਕਰ ਔਜਲਾ ਨੇ ਹੁਣ ਵੀ ਛਾਪੇਮਾਰੀ ਕੀਤੀ ਤਾਂ ਹਸਪਤਾਲ ਦਾ ਕੋਈ ਵੀ ਡਾਕਟਰ ਉਨ੍ਹਾਂ ਦੇ ਨਾਲ ਨਹੀਂ ਜਾਵੇਗਾ ਅਤੇ ਉਹ ਔਜਲਾ ਦੀ ਛਾਪੇਮਾਰੀ ਦਾ ਬਾਈਕਾਟ ਕਰਨਗੇ।
ਮੁੱਖ ਮੰਤਰੀ ਸਮੇਤ ਕਾਂਗਰਸ ਹਾਈ ਕਮਾਂਡ ਨੂੰ ਭੇਜੀਆਂ ਸ਼ਿਕਾਇਤ
ਰੋਸ ਮੁਜਾਹਰਾਂ ਨੂੰ ਸੰਬੋਧਨ ਕਰਦਿਆਂ ਡਾਕਟਰਾਂ ਨੇ ਕਿਹਾ ਕਿ ਉਨ੍ਹਾਂ ਔਜਲਾ ਵੱਲੋਂ ਹਸਪਤਾਲ ਦੇ ਕੰਮਾਂ ਵਿਚ ਬੇਲੋੜੀ ਦਖਲਅੰਦਾਜ਼ੀ ਦੇ ਸੰਬੰਧ ਵਿਚ ਮੁੱਖ ਮੰਤਰੀ ਅਤੇ ਕਾਂਗਰਸ ਹਾਈ ਕਮਾਂਡ ਨੂੰ ਸ਼ਿਕਾਇਤ ਭੇਜੀ ਹੈ ਅਤੇ ਸਪੱਸ਼ਟ ਕੀਤਾ ਹੈ ਕਿ ਸਰਕਾਰੀ ਕੰਮਾਂ ਵਿਚ ਦਖਲਅੰਦਾਜ਼ੀ 'ਤੇ ਰੋਕ ਲਗਾਈ ਜਾਵੇ ਅਤੇ ਬਿਨ੍ਹਾਂ ਵਜਾ ਡਾਕਟਰਾਂ ਨੂੰ ਪਰੇਸ਼ਾਨ ਨਾ ਕੀਤਾ ਜਾਵੇ।
ਡਾਕਟਰਾਂ ਦਾ ਮਾਨ ਸਨਮਾਨ ਰਹੇਗਾ ਕਾਇਮ - ਬ੍ਰਹਮ ਮਹਿੰਦਰਾਂ
ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਦੇ ਮੰਤਰੀ ਬ੍ਰਹਮ ਮਹਿੰਦਰਾਂ ਦਾ ਸੰਦੇਸ਼ ਲੈ ਕੇ ਡਾਕਟਰਾਂ ਦੇ ਰੋਸ ਮੁਜਾਹਰਾ ਵਿਚ ਪੁੱਜੇ ਸਰਕਾਰੀ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਡਾਕਟਰ ਤੇਜਬੀਰ ਸਿੰਘ ਨੇ ਕਿਹਾ ਕਿ ਮੰਤਰੀ ਸਾਹਿਬ ਨੇ ਕਿਹਾ ਕਿ ਡਾਕਟਰਾਂ ਨੂੰ ਕੰਮ ਛੱਡਣ ਦੀ ਕੋਈ ਜ਼ਰੂਰਤ ਨਹੀਂ ਉਹ ਉਨ੍ਹਾਂ ਦੀ ਮੰਗਾਂ ਦੀ ਸਮੀਖਿਆ ਕਰ ਰਹੇ ਹਨ। ਡਾਕਟਰਾਂ ਦਾ ਮਾਨ ਸਨਮਾਨ ਕਾਇਮ ਰੱਖਿਆ ਜਾਵੇਗਾ। ਹਸਪਤਾਲ ਵਿਚ ਦਖਲਅੰਦਾਜ਼ੀ ਠੀਕ ਨਹੀਂ ਹੈ। ਡਾ. ਤੇਜਬੀਰ ਸਿੰਘ ਨੇ ਕਿਹਾ ਮੰਤਰੀ ਸਾਹਿਬ ਖੁਦ ਸਾਰੇ ਮਾਮਲੇ ਦੀ ਜਾਂਚ ਪੜਤਾਲ ਖੁਦ ਕਰ ਰਹੇ ਹਨ।
ਇਸ ਮੌਕੇ ਡਾ. ਐੱਚ. ਐੱਸ ਸੋਹਲ, ਡਾ. ਸ਼ਿਵਚਰਨ, ਡਾ. ਬਲਜੀਤ ਸਿੰਘ, ਡਾ. ਨੇਕੀ, ਡਾ. ਮਨਜੀਤ ਸਿੰਘ ਖਾਲਸਾ, ਡਾ. ਜੇ. ਐੱਸ. ਖੁੱਲਰ, ਡਾ. ਜਸਪ੍ਰੀਤ ਸਿੰਘ, ਡਾ. ਗਰੋਵਰ, ਡਾ. ਏ. ਪੀ ਕਟਾਰੀਆਂ, ਡਾ. ਅਸ਼ੋਕ ਚਾਨਣਾ, ਡਾ. ਰਮੇਸ਼ ਚੰਦਰ, ਡਾ. ਸੁਜਾਤਾ ਸ਼ਰਮਾ, ਡਾ. ਜਸਵੰਤ, ਡਾ. ਰਮਨ ਸ਼ਰਮਾ, ਡਾ. ਅੰਮ੍ਰਿਤ ਕੌਰ, ਡਾ. ਹਰਪ੍ਰੀਤ, ਡਾ. ਮਨਦੀਪ, ਡਾ. ਰਵੀ, ਡਾ. ਨਵੀਨ ਪਾਂਧੀ, ਡਾ. ਐੱਨ. ਸੀ. ਕਾਜਲ ਆਦਿ ਮੌਜ਼ੂਦ ਸਨ।
ਲੋਕ ਭਲਾਈ ਲਈ ਨਿਰੀਖਣ ਰਹੇਗਾ ਜਾਰੀ - ਗੁਰਜੀਤ ਸਿੰਘ ਔਜਲਾਂ
ਇਸ ਸਬੰਧੀ ਗੁਰਜੀਤ ਸਿੰਘ ਔਜਲਾਂ ਨੇ ਕਿਹਾ ਕਿ ਉਹ ਲੋਕ ਸਭਾ ਮੈਂਬਰ ਹਨ ਅਤੇ ਆਪਣੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਹੋਇਆ ਉਹ ਹਸਪਤਾਲ ਦਾ ਨਿਰੀਖਣ ਕਰਨ ਗਏ ਸਨ। ਉਨ੍ਹਾਂ ਕਿਸੇ ਵੀ ਡਾਕਟਰ ਨੂੰ ਜਲੀਲ ਨਹੀਂ ਕੀਤਾ ਹੈ ਅਤੇ ਨਾ ਹੀ ਅਜਿਹੀ ਕੋਈ ਮਨਸ਼ਾ ਹੈ। ਹਸਪਤਾਲ ਦੇ ਕੁੱਝ ਡਾਕਟਰਾਂ ਦੀ ਕਾਰਗੁਜ਼ਾਰੀ ਰੋਜ਼ਾਨਾ ਹੀ ਮੀਡਿਆ 'ਚ ਛਾਈ ਰਹਿੰਦੀ ਹੈ। ਡਾਕਟਰਾਂ ਨੂੰ ਉੱਕਤ ਤਰੁੱਟੀਆਂ ਦੂਰ ਕਰਨ ਦੇ ਲਈ ਕਦੇ ਉਪਰਾਲਾ ਕੀਤਾ ਨਹੀਂ ਬਲਕਿ ਜੋ ਲੋਕ ਭਲਾਈ ਲਈ ਅੱਗੇ ਆ ਕੇ ਕੰਮਾਂ ਦਾ ਨਿਰੀਖਣ ਕਰਦਾ ਹੈ ਤਾਂ ਉਸਨੂੰ ਇਹ ਡਾਕਟਰ ਗਲਤ ਰੰਗਤ ਦੇ ਕੇ ਮਾਮਲੇ ਨੂੰ ਗੁੰਮਰਾਹ ਕਰਨਾ ਚਾਹੁੰਦੇ ਹਨ। ਮੰਤਰੀ ਸਾਹਿਬ ਨੂੰ ਉਨ੍ਹਾਂ ਵੱਲੋਂ ਸਾਰੀ ਰਿਪੋਰਟ ਸਮੇਂ ਸਮੇਂ 'ਤੇ ਦਿੱਤੀ ਜਾ ਰਹੀ ਹੈ। ਪੰਜਾਬ ਸਰਕਾਰ ਦਾ ਉਹ ਇਕ ਅੰਗ ਹਨ ਅਤੇ ਜੇਕਰ ਅਖਬਾਰਾਂ ਵਿਚ ਹਸਪਤਾਲ ਦੇ ਖਿਲਾਫ ਕੋਈ ਖਬਰ ਲੱਗਦੀ ਹੈ ਤਾਂ ਸਰਕਾਰ ਦੇ ਅੰਗ ਹੋਣ ਦੇ ਨਾਤੇ ਉਹ ਨਿਰੀਖਣ ਕਰਨ ਜਾ ਸਕਦੇ ਹਨ। ਔਜਲਾ ਨੇ ਕਿਹਾ ਕਿ ਹਸਪਤਾਲ ਦੇ ਕੁੱਝ ਡਾਕਟਰ ਬੀ. ਜੇ. ਪੀ ਦੇ ਇਸ਼ਾਰੇ 'ਤੇ ਕੰਮ ਕਰ ਰਹੇ ਹਨ। ਬੀ. ਜੇ. ਪੀ ਦੇ ਸਾਬਕਾ ਮੰਤਰੀ ਅਨਿਲ ਜੋਸ਼ੀ ਦੇ ਇਸ਼ਾਰੇ 'ਤੇ ਹੀ ਇਸ ਮਾਮਲੇ ਨੂੰ ਗਲਤ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਲੋਕਾਂ ਦੇ ਸੇਵਾਦਾਰ ਹਨ ਅਤੇ ਲੋਕਾਂ ਦੀ ਭਲਾਈ ਲਈ ਉਹ ਹਸਪਤਾਲ ਦਾ ਨਿਰੀਖਣ ਕਰਦੇ ਰਹਿਣਗੇ।