ਐਮਰਜੈਂਸੀ ’ਚ ਮੁੰਡੇ ਦੇ ਕਤਲ ਤੋਂ ਬਾਅਦ ਡਾਕਟਰਾਂ ਨੇ ਦਿੱਤੀ ਚਿਤਾਵਨੀ, ਸੁਰੱਖਿਆ ਵਧਾਉਣ ਦੀ ਕੀਤੀ ਮੰਗ
Monday, Jul 18, 2022 - 03:16 PM (IST)
ਲੁਧਿਆਣਾ(ਰਾਜ) : ਸਿਵਲ ਹਸਪਤਾਲ ਦੀ ਐਮਰਜੈਂਸੀ ’ਚ ਨੌਜਵਾਨ ਦੇ ਕਤਲ ਤੋਂ ਬਾਅਦ ਡਾਕਟਰ ਤੇ ਪੈਰਾ ਮੈਡੀਕਲ ਸਟਾਫ਼ ’ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਰੋਜ਼ਾਨਾ ਸੈਂਕੜੇ ਲੋਕ ਮੈਡੀਕਲ ਕਰਵਾਉਣ ਆਉਂਦੇ ਹਨ, ਜੋ ਸ਼ਰੇਆਮ ਧੱਕੇਸ਼ਾਹੀ ਕਰਦੇ ਹਨ। ਤਿੰਨ ਦਿਨ ਪਹਿਲਾਂ ਤਾਂ ਹੱਦ ਹੀ ਹੋ ਗਈ, ਬਦਮਾਸ਼ਾਂ ਨੇ ਨੌਜਵਾਨ ਨੂੰ ਸ਼ਰੇਆਮ ਵੱਢ-ਟੁੱਕ ਕੇ ਕਤਲ ਕਰ ਦਿੱਤਾ। ਉਨ੍ਹਾਂ ਦਾ ਕਹਿਣਾ ਹੈ ਕਿ ਰਾਤ ਵੇਲੇ ਹਸਪਤਾਲ 'ਚ ਇਕ ਹੀ ਪੁਲਸ ਮੁਲਾਜ਼ਮ ਹੁੰਦਾ ਹੈ ਹਾਲਾਂਕਿ ਉਨ੍ਹਾਂ ਕੋਲ ਸੁਰੱਖਿਆ ਗਾਰਡ ਹੈ, ਜੋ ਸੁਰੱਖਿਆ ਪੱਖੋਂ ਨਾਕਾਫ਼ੀ ਹੈ। ਹਸਪਤਾਲ ਦੇ ਡਾਕਟਰਾਂ ਅਤੇ ਪੈਰਾ ਮੈਡੀਕਲ ਸਟਾਫ਼ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਹਸਪਤਾਲ ਦੀ ਸੁਰੱਖਿਆ ਨਾ ਵਧਾਈ ਗਈ ਤਾਂ ਉਹ ਹੜਤਾਲ ’ਤੇ ਚਲੇ ਜਾਣਗੇ।
ਇਹ ਵੀ ਪੜ੍ਹੋ- ਚਿੰਤਾਜਨਕ ਹਾਲਾਤ ’ਚ ਪੰਜਾਬ ਦੀਆਂ ਜੇਲ੍ਹਾਂ, 40 ਫੀਸਦੀ ਤੋਂ ਵੱਧ ਕੈਦੀ ਨਸ਼ੇ ਦੀ ਦਲਦਲ ’ਚ
ਅਸਲ ’ਚ ਸਿਵਲ ਹਸਪਤਾਲ ਵਿਚ ਨਾ ਤਾਂ ਸੁਰੱਖਿਆ ਮੁਲਾਜ਼ਮ ਹਨ ਅਤੇ ਨਾ ਹੀ ਕੋਈ ਚੈਕਿੰਗ। ਸਾਰਿਆਂ ਲਈ ਐਟਰੀ ਖੁੱਲ੍ਹੀ ਹੈ। ਅੰਕੜਿਆਂ ਦੀ ਗੱਲ ਕਰੀਏ ਤਾਂ ਹਸਪਤਾਲ ’ਚ ਕਰੀਬ 3 ਹਜ਼ਾਰ ਮਰੀਜ਼ਾਂ ਦਾ ਆਉਣਾ-ਜਾਣਾ ਹੈ। ਇਨ੍ਹਾਂ ’ਚੋਂ ਕਈ ਦਾਖਲ ਵੀ ਹਨ। ਇਨ੍ਹਾਂ ’ਤੇ ਸਿਰਫ਼ 25 ਸੁਰੱਖਿਆ ਮੁਲਾਜ਼ਮ ਹਨ, ਜੋ ਵੱਖ-ਵੱਖ ਸ਼ਿਫਟਾਂ ਅਤੇ ਥਾਵਾਂ ’ਤੇ ਡਿਊਟੀ ਦੇ ਰਹੇ ਹਨ। ਇਸ ਦੇ ਉਲਟ ਜੇਕਰ ਪੁਲਸ ਮੁਲਾਜ਼ਮਾਂ ਦੀ ਗੱਲ ਕਰੀਏ ਤਾਂ ਚੌਕੀ ’ਚ ਸਿਰਫ਼ 3 ਮੁਲਾਜ਼ਮ ਹਨ। ਇਨ੍ਹਾਂ ’ਚੋਂ ਇਕ ਰਾਤ ਨੂੰ ਕਰਮਚਾਰੀ ਸਿਵਲ ਹਸਪਤਾਲ ’ਚ ਤਾਇਨਾਤ ਹੁੰਦਾ ਹੈ। ਕਈ ਵਾਰ ਅਜਿਹਾ ਵੀ ਨਹੀਂ ਹੁੰਦਾ, ਜਿਸ ਕਾਰਨ ਪੁਲਸ ਚੌਕੀ ਹੋਣ ਦੇ ਬਾਵਜੂਦ ਹਸਪਤਾਲ ’ਚ ਗੁੰਡਾਗਰਦੀ ਹੋ ਰਹੀ ਹੈ, ਜਿਸ ਕਾਰਨ ਹਸਪਤਾਲ ਦਾ ਸਟਾਫ਼ ਅਤੇ ਮਰੀਜ਼ ਵੀ ਡਰੇ ਹੋਏ ਹਨ।
ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।