ਡਾਕਟਰ ਵੱਲੋਂ ਕੀਤੇ ਗਲਤ ਅਾਪ੍ਰੇਸ਼ਨ ਕਾਰਨ ਮਰੀਜ਼ ਦੀ ਹਾਲਤ ਵਿਗੜੀ

08/28/2018 4:06:46 AM

ਮੁਕੰਦਪੁਰ,    (ਸੰਜੀਵ)-  ਹਰਿਆਣਾ ਰਾਜ ਅੰਬਾਲਾ ਸ਼ਹਿਰ ਦੇ ਰਾਜੇਸ਼ ਕੁਮਾਰ ਪੁੱਤਰ ਰੂਪ ਚੰਦ ਹਾਲ ਵਾਸੀ ਮੁਕੰਦਪੁਰ ਨੇ ਐੱਸ.ਐੱਸ.ਪੀ. ਨਵਾਂਸ਼ਹਿਰ ਤੇ ਸਿਵਲ ਸਰਜਨ ਨਵਾਂਸ਼ਹਿਰ ਨੂੰ ਦਿੱਤੀ ਲਿਖਤੀ ਸ਼ਿਕਾਇਤ ਵਿਚ ਦੱਸਿਆ ਕਿ ਮੇਰੇ ਲਡ਼ਕੇ ਰਿਤੇਸ਼ ਕੁਮਾਰ (21) ਦੇ ਪਿੱਤੇ ਵਿਚ 10 ਐੱਮ. ਐੱਮ. ਦੀ ਪੱਥਰੀ ਸੀ ਤਾਂ ਅਸੀਂ ਉਸ ਨੂੰ ਇਲਾਜ ਵਾਸਤੇ ਬੰਗਾ ਦੇ ਇਕ ਚੈਰੀਟੇਬਲ ਹਸਪਤਾਲ ’ਚ ਲਿਆਂਦਾ ਤਾਂ ਉੱਥੇ ਹਾਜ਼ਰ ਡਾਕਟਰ ਡੀ.ਪੀ. ਸੋਨੀ ਨੇ ਪਿੱਤੇ ਦੀ 10 ਐੱਮ. ਐੱਮ. ਪੱਥਰੀ ਦਾ ਅਾਪ੍ਰੇਸ਼ਨ ਕਰਨ ਦੀ ਬਜਾਏ 28 ਜੂਨ ਨੂੰ ਗੁਰਦੇ ਦਾ ਗਲਤ ਅਾਪ੍ਰੇਸ਼ਨ ਕਰਨਾ ਸ਼ੁਰੂ ਕਰ ਦਿੱਤਾ ਉਹ ਵੀ ਅੱਧਾ ਹੀ ਕੀਤਾ ਤੇ 8 ਟਾਂਕੇ ਲਾ ਕੇ ਅਾਪ੍ਰੇਸ਼ਨ ਬੰਦ ਕਰ ਦਿੱਤਾ। 
7 ਦਿਨ ਬੀਤਣ ’ਤੇ ਅਾਪ੍ਰੇਸ਼ਨ ਤੋਂ  ਬਾਅਦ ਰਿਤੇਸ਼ ਦੇ ਜ਼ਖਮ ’ਚੋਂ ਗੰਦਾ ਪਾਣੀ ਆਉਣਾ ਬੰਦ ਨਹੀਂ ਹੋਇਆ ਫਿਰ 5 ਜੁਲਾਈ ਨੂੰ ਜਲੰਧਰ ਦੇ ਇਕ ਨਿੱਜੀ ਹਸਪਤਾਲ ਵਿਚ ਰੈਫਰ ਕਰ ਕੇ ਸਟੰਟ ਪਾਉਣ ਲਈ ਕਿਹਾ  ਅਸੀਂ ਸਟੰਟ ਪਵਾ ਕੇ ਵਾਪਸ ਬੰਗਾ ਦੇ ਉਸੇ ਹਸਪਤਾਲ ਆ ਗਏ।  ਡਾਕਟਰ ਸੋਨੀ ਨੇ ਕਿਹਾ ਕਿ ਤੁਸੀਂ ਰਿਤੇਸ਼ ਨੂੰ ਘਰ ਲੈ ਜਾਓ ਇਹ ਦੋ ਤਿੰਨ ਦਿਨ ਤੱਕ ਠੀਕ ਹੋ ਜਾਵੇਗਾ ਜਦੋਂ ਅਸੀਂ ਡਾਕਟਰ ਦੇ ਕਹੇ ’ਤੇ ਮਰੀਜ਼ ਨੂੰ ਘਰ ਲੈ ਕੇ ਜਾ ਰਹੇ ਸੀ ਤਾਂ ਰਸਤੇ ਵਿਚ ਹੀ ਰਿਤੇਸ਼ (ਮਰੀਜ਼) ਦੀ ਹਾਲਤ ਬਹੁਤ ਖਰਾਬ ਹੋਣ ਲੱਗ ਪਈ ਤਾਂ ਅਸੀਂ ਉਸ ਨੂੰ ਅੰਬਾਲਾ ਦੇ ਇਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾ ਦਿੱਤਾ। ਜਿੱਥੇ  ਟੈਸਟ ਕਰਵਾਏ ਗਏ ਜਿਸ ਵਿਚ ਦੱਸਿਆ ਗਿਆ ਕਿ ਇਸ ਮਰੀਜ਼ ਦਾ ਗੁਰਦਾ ਕਾਫੀ ਖਰਾਬ ਹੋ ਚੁੱਕਾ ਹੈ ਤੇ ਪਿਸ਼ਾਬ ਵਾਲੀ ਨਾਡ਼ੀ ਨੂੰ ਵੀ ਕੱਟ ਕੇ ਗੱਠ ਮਾਰੀ ਹੋਈ ਹੈ ਅਤੇ ਪਿੱਤਾ ਪੱਥਰੀ ਸਮੇਤ ਵਿਚੇ ਹੀ ਹੈ ਅਤੇ ਇਨਫੈਕਸ਼ਨ ਵੀ ਕਾਫੀ  ਜ਼ਿਆਦਾ ਹੋ ਗਈ ਹੈ।
 ਇਸ ਦਾ ਜਲਦੀ ਟਰੀਟਮੈਂਟ ਸ਼ੁਰੂ ਨਾ ਕੀਤਾ ਤਾਂ ਇਸ ਦੀ ਜਾਨ ਨੂੰ ਖਤਰਾ ਹੈ। ਫਿਰ ਅਸੀਂ ਡਾਕਟਰ ਸੋਨੀ ਦੇ  ਕਹਿਣ  ’ਤੇ  ਮਰੀਜ਼  ਨੂੰ ਜਲੰਧਰ ਦੇ ਨਿੱਜੀ ਹਸਪਤਾਲ ਲੈ ਆਏ ਪਰ ਡਾਕਟਰ ਨਹੀਂ ਪਹੁੰਚੇ। ਹਸਪਤਾਲ ਦੇ ਡਾਕਟਰ ਤੇ ਸਟਾਫ ਨੇ ਕਿਹਾ ਕਿ ਪਹਿਲਾਂ ਪੈਸੇ ਜਮ੍ਹਾ ਕਰਵਾਓ ਤਾਂ ਹੀ ਮਰੀਜ਼ ਦਾ ਟਰੀਟਮੈਂਟ ਸ਼ੁਰੂ ਹੋਵੇਗਾ।  ਜਲੰਧਰ ਹਸਪਤਾਲ ਦੇ ਡਾ. ਵਿਸ਼ਾਲ ਨੇ ਕਿਹਾ ਕੀ ਤੁਸੀਂ ਇਸ ਨੂੰ ਪੀ.ਜੀ.ਆਈ. ਚੰਡੀਗਡ਼੍ਹ ਲੈ ਜਾਓ ਉੱਥੇ ਇਸ ਦਾ ਇਲਾਜ ਵਧੀਆ ਹੋ ਸਕਦਾ ਹੈ ਅਸੀਂ ਧੱਕੇ ਖਾਂਦੇ ਮਰੀਜ਼ ਰਿਤੇਸ਼ ਨੂੰ ਪੀ.ਜੀ.ਆਈ.  ਲੈ ਗਏ ਉੱਥੇ ਵੀ ਸਾਨੂੰ ਧੱਕੇ ਖਾਣ ਤੋਂ ਇਲਾਵਾ ਕੁਝ ਵੀ ਪ੍ਰਾਪਤ ਨਹੀਂ ਹੋਇਆ ਤਾਂ ਅਸੀਂ  ਕਿਸੇ ਨਿੱਝੀ ਹਸਪਤਾਲ ਵਿਚ ਇਲਾਜ ਕਰਵਾਉਣ ਦਾ ਫੈਸਲਾ ਲੇ ਕੇ ਇਲਾਜ ਸ਼ੁਰੂ ਕਰਵਾ ਦਿੱਤਾ। 
ਪਰਿਵਾਰ  ਵੱਲੋਂ ਐੱਸ. ਐੱਸ. ਪੀ. ਨਵਾਂਸ਼ਹਿਰ ਤੇ ਸਿਵਲ ਸਰਜਨ ਨਵਾਂਸ਼ਹਿਰ ਨੂੰ ਲਿਖਤੀ ਦਰਖਾਸਤ ਦਿੱਤੀ। ਉਨ੍ਹਾਂ  ਕਿਹਾ ਕਿ ਜੇਕਰ ਸਾਨੂੰ ਪ੍ਰਸ਼ਾਸਨ ਤੋਂ ਇਨਸਾਫ ਨਹੀਂ ਮਿਲਿਆ ਤਾਂ ਅਸੀਂ ਇਸ ਮਾਮਲੇ ਨੂੰ ਮਾਣਯੋਗ ਅਦਾਲਤ ਵਿਚ ਲੈ ਕੇ ਜਾਵਾਂਗੇ। 
ਜਦੋਂ ਇਸ ਮਾਮਲੇ ਸਬੰਧੀ ਡੀ.ਐੱਸ.ਪੀ. ਬੰਗਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਤਫਤੀਸ਼ ਕੀਤੀ ਜਾ ਰਹੀ ਹੈ ਜੋ ਵੀ ਦੋਸ਼ੀ ਪਾਇਆ ਗਿਆ ਉਸ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਸਬੰਧਤ ਡਾਕਟਰ ਸੋਨੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੈਂ ਇਸ ’ਤੇ ਕੋਈ ਗੱਲਬਾਤ ਨਹੀਂ ਕਰਨਾ ਚਾਹੁੰਦਾ। ਇਹ ਕੇਸ ਬੋਰਡ ਵਿਚ ਚੱਲ ਰਿਹਾ ਹੈ।


Related News