ਗੋਲੀਆਂ ਮਾਰ ਕੇ ਡਾਕਟਰ ਦੀ ਹੱਤਿਆ
Thursday, Aug 02, 2018 - 12:19 AM (IST)

ਬੱਧਨੀ ਕਲਾਂ, (ਬੱਬੀ)- ਅਣਪਛਾਤੇ ਵਿਅਕਤੀਆਂ ਵੱਲੋਂ ਅੱਜ ਸਵੇਰੇ ਸ਼ਹਿਰ ਦੇ ਇਕ ਡਾਕਟਰ ਦੀ ਗੁਰਦੁਆਰਾ ਭਿਆਣਾ ਸਾਹਿਬ ਦੇ ਨਜ਼ਦੀਕ ਇਕ ਖੇਤ ਦੀ ਮੋਟਰ ’ਤੇ ਗੋਲੀਆਂ ਮਾਰ ਕੇ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ ਅਤੇ ਉਸਦਾ ਲਾਇਸੰਸੀ ਪਿਸਟਲ ਵੀ ਨਾਲ ਲੈ ਗਏ। ਜਾਣਕਾਰੀ ਅਨੁਸਾਰ ਡਾਕਟਰ ਮਨਦੀਪ ਸਿੰਘ ਪੁੱਤਰ ਅਮਰਜੀਤ ਸਿੰਘ ਜੋ ਕਿ ਕਾਫੀ ਸਮੇਂ ਤੋਂ ਰਾਊਕੇ ਰੋਡ ਗੁਰਦੁਆਰਾ ਭਿੰਡਰਾਂ ਵਾਲਾ ਸਾਹਿਬ ਨੇਡ਼ੇ ਆਪਣਾ ਕਲੀਨਿਕ ਚਲਾਉਦਾ ਆ ਰਿਹਾ ਸੀ। ਤਡ਼ਕਸਾਰ 4.30 ਵਜੇ ਦੇ ਕਰੀਬ ਕੁਝ ਵਿਅਕਤੀ ਉਸਦੇ ਘਰ ਆਏ ਅਤੇ ਆਪਣੇ ਕਿਸੇ ਪਰਿਵਾਰਕ ਮੈਂਬਰ ਦੀ ਤਬੀਅਤ ਖਰਾਬ ਹੋਣ ਬਾਰੇ ਦੱਸ ਕੇ ਇਲਾਜ ਲਈ ਉਸਨੂੰ ਨਾਲ ਲੈ ਗਏ ਤੇ ਭਿਆਣਾ ਸਾਹਿਬ ਤੋਂ ਅੱਗੇ ਕੱਚੇ ਰੋਡ ’ਤੇ ਇਕ ਖੇਤ ਵਾਲੀ ਮੋਟਰ ’ਤੇ ਗੋਲੀਆਂ ਮਾਰ ਕੇ ਉਸਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ। ਇਸ ਘਟਨਾ ਦਾ ਪਰਿਵਾਰ ਵਾਲਿਆਂ ਨੂੰ ਕਾਫੀ ਦੇਰ ਬਾਅਦ ਘਟਨਾ ਸਥਾਨ ਨੇਡ਼ੇ ਖੇਤਾਂ ਵਾਲੇ ਲੋਕਾਂ ਵੱਲੋਂ ਕੀਤੀ ਗਈ ਪਹਿਚਾਨ ਉਪਰੰਤ ਦੱਸਣ ’ਤੇ ਪਤਾ ਲੱਗਿਆ।
ਮ੍ਰਿਤਕ ਡਾਕਟਰ ਮਨਦੀਪ ਸਿੰਘ ਜਿਸਦੀ ਉਮਰ 40 ਸਾਲ ਦੇ ਕਰੀਬ ਸੀ। ਉਹ ਆਪਣੀ ਪਤਨੀ ਤੇ ਇਕ 13 ਸਾਲ ਦੇ ਬੱਚੇ ਨੂੰ ਪਿੱਛੇ ਛੱਡ ਗਿਆ ਹੈ। ਇਸ ਘਟਨਾ ਕਾਰਨ ਪੂਰੇ ਇਲਾਕੇ ’ਚ ਸੋਗ ਦੀ ਲਹਿਰ ਬਣ ਗਈ ਹੈ। ਇਸ ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਜ਼ਿਲਾ ਪੁਲਸ ਮੁਖੀ ਗੁਰਪ੍ਰੀਤ ਸਿੰਘ ਤੂਰ, ਡੀ. ਐੱਸ. ਪੀ. ਸਬ-ਡਵੀਜ਼ਨ ਨਿਹਾਲ ਸਿੰਘ ਵਾਲਾ ਸੁਬੇਗ ਸਿੰਘ, ਥਾਣਾ ਬੱਧਨੀ ਕਲਾਂ ਦੇ ਮੁਖ ਅਫਸਰ ਇੰਸਪੈਕਟਰ ਸੁਰਜੀਤ ਸਿੰਘ ਸਮੇਤ ਕਈ ਪੁਲਸ ਅਧਿਕਾਰੀ ਮੌਕੇ ’ਤੇ ਪੁੱਜ ਗਏ ਤੇ ਤਫਤੀਸ਼ ਸ਼ੁਰੂ ਕਰ ਦਿੱਤੀ। ਪੁਲਸ ਨੇ ਲਾਸ਼ ਨੂੰ ਆਪਣੇ ਕਬਜੇ ’ਚ ਲੈ ਕੇ ਸਿਵਲ ਹਸਪਤਾਲ ਮੋਗਾ ਤੋਂ ਪੋਸਟਮਾਰਟਮ ਕਰਵਾਉਣ ਉਪਰੰਤ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ। ਇਸ ਉਪਰੰਤ ਪੁਲਸ ਅਧਿਕਾਰੀਆਂ ਨੇ ਕਿਹਾ ਕਿ ਦੋਸ਼ੀਆਂ ਨੂੰ ਬਹੁਤ ਜਲਦ ਕਾਬੂ ਕਰ ਲਿਆ ਜਾਵੇਗਾ।