ਡਾਕਟਰ ਦੀ ਸ਼ਰਮਨਾਕ ਕਰਤੂਤ, ਔਰਤ ਨੂੰ ਬੇਹੋਸ਼ੀ ਦਾ ਟੀਕਾ ਲਗਾ ਕੇ ਟੱਪੀਆਂ ਹੱਦਾਂ
Wednesday, Mar 21, 2018 - 05:39 PM (IST)

ਨਵਾਂਸ਼ਹਿਰ (ਤ੍ਰਿਪਾਠੀ) : ਇਲਾਜ ਕਰਵਾਉਣ ਆਈ 22 ਸਾਲਾ ਦੀ ਵਿਆਹੁਤਾ ਲੜਕੀ ਨੂੰ ਡਾਕਟਰ ਵਲੋਂ ਨਸ਼ੇ ਦਾ ਟੀਕਾ ਲਗਾ ਕੇ ਦੁਸ਼ਕਰਮ ਕਰਨ ਦਾ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਥਾਣਾ ਸਦਰ ਬੰਗਾ ਦੇ ਆਧੀਨ ਪੈਂਦੇ ਇਕ ਪਿੰਡ ਦੀ ਰਹਿਣ ਵਾਲੀ ਅਰਾਧਨਾ (ਕਾਲਪਨਿਕ ਨਾਮ) ਨੇ ਦੱਸਿਆ ਕਿ ਕਰੀਬ 2 ਸਾਲ ਪਹਿਲਾਂ ਉਸਦਾ ਵਿਆਹ ਯੂ.ਪੀ. ਵਾਸੀ ਰਮਾਕਾਂਤ (ਕਾਲਪਨਿਕ ਨਾਮ) ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਉਹ ਆਪਣੇ ਪਤੀ ਨਾਲ ਪੰਜਾਬ ਆ ਗਈ ਅਤੇ ਪਿਛਲੇ ਕਰੀਬ 5-6 ਮਹੀਨਿਆਂ ਤੋਂ ਉਹ ਉਕਤ ਪਿੰਡ 'ਚ ਆਪਣੇ ਪਤੀ ਨਾਲ ਕਿਰਾਏ ਦੇ ਮਕਾਨ ਵਿਚ ਰਹਿ ਰਹੀ ਹੈ। ਉਸਨੇ ਦੱਸਿਆ ਕਿ ਵਿਆਹ ਤੋਂ ਬਾਅਦ ਉਸਨੇ ਵੱਡੇ ਆਪ੍ਰੇਸ਼ਨ ਤੋਂ ਬਾਅਦ ਇਕ ਲੜਕੀ ਨੂੰ ਜਨਮ ਦਿੱਤਾ ਸੀ ਪਰ ਆਪ੍ਰੇਸ਼ਨ ਕਾਰਣ ਉਸਦੇ ਟਾਂਕੇ ਪੱਕ ਗਏ ਸਨ ਜਿਸਦੀ ਦਵਾਈ ਉਹ ਪਹਿਲਾਂ ਸਰਕਾਰੀ ਹਸਪਤਾਲ ਬੰਗਾ ਤੋਂ ਲੈ ਰਹੀ ਸੀ ਅਤੇ ਦਵਾਈ ਖਤਮ ਹੋਣ 'ਤੇ ਕਈ ਵਾਰ ਪਿੰਡ ਦੇ ਹੀ ਡਾਕਟਰ ਮੇਹਰ ਚੰਦ ਕੋਲੋਂ ਦਵਾਈ ਲੈ ਲੈਂਦੀ ਸੀ।
ਉਸਨੇ ਦੱਸਿਆ ਕਿ 23 ਫਰਵਰੀ ਨੂੰ ਉਸ ਦੇ ਪਤੀ ਨੇ ਡਾਕਟਰ ਮਹੇਰ ਚੰਦ ਨੂੰ ਫੋਨ ਕਰਕੇ ਦਵਾਈ ਦੇਣ ਲਈ ਉਸਦੇ ਕੋਲ ਘਰ ਭੇਜਿਆ ਸੀ। ਡਾਕਟਰ ਦੇ ਪੁੱਛਣ 'ਤੇ ਉਸਨੇ ਦੱਸਿਆ ਕਿ ਉਸਦੇ ਢਿੱਡ 'ਚ ਜਿੱਥੇ ਟਾਂਕੇ ਲੱਗੇ ਹਨ ਦਰਦ ਹੋ ਰਹੀ ਹੈ। ਉਸਨੇ ਦੱਸਿਆ ਕਿ ਡਾਕਟਰ ਨੇ ਉਸਨੂੰ ਇਕ ਟੀਕਾ ਲਗਾਇਆ ਜਿਸਦੇ ਬਾਅਦ ਉਹ ਬੇਹੋਸ਼ ਹੋ ਗਈ। ਕਰੀਬ ਅੱਧੇ ਘੰਟੇ ਬਾਅਦ ਜਦੋਂ ਉਹ ਹੋਸ਼ 'ਚ ਆਈ ਤਾਂ ਉਸਦੇ ਸਰੀਰ 'ਤੇ ਕਪੜੇ ਨਹੀਂ ਸਨ। ਡਾਕਟਰ ਨੇ ਉਸਨੂੰ ਧਮਕੀ ਦਿੰਦੇ ਹੋਏ ਕਿਹਾ ਕਿ ਉਹ ਇਸ ਸਬੰਧ 'ਚ ਕਿਸੇ ਨੂੰ ਕੁੱਝ ਨਾ ਦੱਸੇ। ਅਰਾਧਨਾ ਨੇ ਦੱਸਿਆ ਕਿ ਉਸਨੇ ਉਸ ਸਮੇਂ ਆਪਣੇ ਪਤੀ ਨੂੰ ਪੂਰੀ ਗੱਲ ਫੋਨ 'ਤੇ ਦੱਸੀ।
ਉਸਨੇ ਦੱਸਿਆ ਕਿ ਮਾਮਲਾ ਪੰਚਾਇਤ ਕੋਲ ਜਾਣ 'ਤੇ ਉਕਤ ਡਾਕਟਰ ਨੇ ਆਪਣੀ ਗਲਤੀ ਮੰਨ ਲਈ। ਉਸਨੇ ਦੱਸਿਆ ਕਿ ਪੰਚਾਇਤ ਨੇ ਉਨ੍ਹਾਂ ਨੂੰ ਡਾਕਟਰ ਨੂੰ ਮੁਆਫ ਕਰਨ ਲਈ ਕਿਹਾ ਅਤੇ ਪੰਤਵੰਤੇ ਲੋਕਾਂ ਦੇ ਭਰੋਸੇ ਤੋਂ ਬਾਅਦ ਉਹ ਸ਼ਾਂਤ ਹੋ ਗਏ ਪਰ ਡਾਕਟਰ ਵਲੋਂ ਮੁੜ ਪ੍ਰੇਸ਼ਾਨ ਨਾ ਕਰਨ ਦੇ ਲਿਖਤ ਵਿਚ ਦਿੱਤੇ ਭਰੋਸੇ ਤੋਂ ਬਾਅਦ ਵੀ ਉਸਨੂੰ ਧਮਕਾਉਣ ਲੱਗਾ ਤਾਂ ਉਨ੍ਹਾਂ ਨੇ ਪੁਲਸ ਨੂੰ ਇਸ ਦੀ ਸ਼ਿਕਾਇਤ ਦਿੱਤੀ। ਥਾਣਾ ਸਦਰ ਬੰਗਾ ਦੀ ਪੁਲਸ ਨੇ ਵਿਆਹੁਤਾ ਦੀ ਸ਼ਿਕਾਇਤ 'ਤੇ ਦੋਸ਼ੀ ਡਾਕਟਰ ਮੇਹਰ ਚੰਦ ਖਿਲਾਫ ਦੁਸ਼ਕਰਮ ਦਾ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।