ਸਾਵਧਾਨ! ਦੀਵਾਲੀ ਮੌਕੇ ਸੈਨੀਟਾਈਜ਼ਰ ਦੀ ਵਰਤੋਂ ਹੋ ਸਕਦੀ ਹੈ ਹਾਨੀਕਾਰਕ, ਜਾਣੋ ਕਿਵੇਂ
Saturday, Nov 14, 2020 - 09:09 AM (IST)
ਜਲੰਧਰ (ਬਿਊਰੋ) : ਸੈਨੀਟਾਈਜ਼ਰ ਜੋ ਪਹਿਲਾਂ ਬਹੁਤ ਘੱਟ ਵਰਤਿਆ ਜਾਂਦਾ ਸੀ ਪਰ ਕੋਰੋਨਾ ਆਫ਼ਤ ਦੌਰਾਨ ਇਸ ਦੀ ਵਰਤੋਂ ਬਹੁਤ ਹੀ ਜ਼ਿਆਦਾ ਹੋਣ ਲੱਗੀ। ਹੱਥਾਂ ਤੇ ਵਸਤਾਂ ਆਦਿ ਨੂੰ ਰੋਗਾਣੂ ਮੁਕਤ ਕਰਨ ਲਈ ਸੈਨੀਟਾਈਜ਼ਰ ਦੀ ਵਰਤੋਂ ਕੀਤੀ ਜਾਂਦੀ ਹੈ ਪਰ ਤੁਹਾਨੂੰ ਪਤਾ ਹੈ ਕਿ ਕੁਝ ਥਾਵਾਂ ਅਜਿਹੀਆਂ ਹਨ, ਜਿਥੇ ਇਸ ਦੀ ਵਰਤੋਂ ਕੀਤੇ ਜਾਣਾ ਹਾਨੀਕਾਰਕ ਸਿੱਧ ਹੋ ਸਕਦਾ ਹੈ। ਜੀ ਹਾਂ, ਅਸੀਂ ਤੁਹਾਨੂੰ ਦੱਸਦੇ ਹਾਂ ਕਿ ਸੈਨੀਟਾਈਜ਼ਰ ਦੀ ਵਰਤੋਂ ਕਦੇ ਭੁੱਲ ਕੇ ਵੀ ਅੱਗ ਵਾਲੀਆਂ ਥਾਵਾਂ 'ਤੇ ਨਾ ਕਰੋ। ਜਿਵੇਂ ਕਿ ਹੁਣ ਤਿਉਹਾਰਾਂ ਦਾ ਸੀਜ਼ਨ ਹੈ ਤਾਂ ਇਸ ਦੌਰਾਨ ਦੀਵੇ ਜਗਾਉਣੇ ਅਤੇ ਪਟਾਕੇ ਚਲਾਉਨੇ ਹਰ ਇਕ ਨੂੰ ਪਸੰਦ ਹੁੰਦੇ ਹਨ। ਇਸ ਦੌਰਾਨ ਹੱਥਾਂ ਨੂੰ ਸੈਨੀਟਾਈਜ਼ ਕਰਨ ਤੋਂ ਬਚਾਅ ਰੱਖੋ।
ਵਰਤੋਂ ਹੋ ਸਕਦੀ ਹੈ ਹਾਨੀਕਾਰਕ
ਅੱਗ ਵਾਲੀ ਥਾਂ ਦੇ ਕੋਲ ਵੀ ਸੈਨੀਟਾਈਜ਼ਰ ਨੂੰ ਰੱਖਣ ਤੋਂ ਪਰਹੇਜ਼ ਕਰੋ ਕਿਓਂਕਿ ਸੈਨੀਟਾਈਜ਼ਰ ਅੱਗ ਜਲਦੀ ਫੜ੍ਹਦਾ ਹੈ। ਬੀਤੇ ਕੁਝ ਸਮੇਂ ਤੋਂ ਸੈਨੀਟਾਈਜ਼ਰ ਦੀ ਵਧੇਰੇ ਵਰਤੋਂ ਹੋਈ ਹੈ ਅਤੇ ਅਜਿਹੇ 'ਚ ਕੁਝ ਮਾਮਲੇ ਅਜਿਹੇ ਵੀ ਸਾਹਮਣੇ ਆਏ ਹਨ, ਜਿਥੇ ਹੱਥਾਂ ਨੂੰ ਸੈਨੀਟਾਈਜ਼ਰ ਕਰਨ ਤੋਂ ਬਾਅਦ ਅੱਗ ਕੋਲ ਜਾਣ ਨਾਲ ਉਕਤ ਵਿਅਕਤੀ ਨੂੰ ਅੱਗ ਲੱਗ ਗਈ ਸੀ। ਇਸ ਤੋਂ ਇਲਾਵਾ ਇਕ ਹੋਰ ਵੀਡੀਓ ਵਾਇਰਲ ਹੋਈ ਸੀ, ਜਿਸ 'ਚ ਮੋਟਰਸਾਈਕਲ ਨੂੰ ਸੈਨੀਟਾਈਜ਼ ਕਰਦੇ ਸਮੇਂ ਉਸ ਨੂੰ ਅੱਗ ਲੱਗੀ ਸੀ। ਸੋ ਇਨ੍ਹਾਂ ਗੱਲਾਂ ਨੂੰ ਧਿਆਨ 'ਚ ਰੱਖਦੇ ਤੁਹਾਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਤੁਸੀਂ ਵੀ ਅਜਿਹਾ ਕਰਨ ਤੋਂ ਗੁਰੇਜ਼ ਕਰੋ ਤਾਂ ਜੋ ਕਿਸੇ ਵੱਡੀ ਘਟਨਾ ਦੇ ਸ਼ਿਕਾਰ ਹੋਣ ਤੋਂ ਬਚਾਅ ਕੀਤਾ ਜਾ ਸਕੇ।
ਦੱਸਣਯੋਗ ਹੈ ਕਿ ਦੀਵਾਲੀ ਲਾਈਟਾਂ ਅਤੇ ਮਠਿਆਈਆਂ ਦਾ ਤਿਉਹਾਰ ਹੈ ਪਰ ਹੁਣ ਰੁਝਾਨ ਬਦਲਿਆ ਗਿਆ ਹੈ ਅਤੇ ਪਟਾਕੇ ਦੀਵਾਲੀ ਦੇ ਜਸ਼ਨਾਂ ਦਾ ਜ਼ਰੂਰੀ ਹਿੱਸਾ ਬਣ ਗਏ ਹਨ। ਅੱਜਕੱਲ੍ਹ ਦੇ ਬੱਚੇ ਪਟਾਕੇ ਚਲਾਉਣਾ ਕਾਫ਼ੀ ਪਸੰਦ ਕਰਦੇ ਹਨ ਤਾਂ ਮਾਪਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਇਹ ਸੁਨਿਸ਼ਚਿਤ ਕਰਨ ਕਿ ਉਹ ਦੀਵਾਲੀ ਸੁਰੱਖਿਅਤ ਹੀ ਮਨਾਉਣ। ਮਾਪਿਆਂ ਨੂੰ ਵਧੇਰੇ ਸੁਚੇਤ ਹੋਣ ਦੀ ਜ਼ਰੂਰਤ ਹੈ ਕਿਉਂਕਿ ਉਨ੍ਹਾਂ ਨੂੰ ਆਪਣੇ ਵਾਰਡਾਂ ਨੂੰ ਇਹ ਦੱਸਣ ਦੀ ਜ਼ਰੂਰਤ ਹੈ ਕਿ ਪਟਾਕੇ ਸਾੜਨ ਤੋਂ ਪਹਿਲਾਂ ਹੈਂਡ ਸੈਨੀਟਾਈਜ਼ਰ ਦੀ ਵਰਤੋਂ ਨਾ ਕਰੋ।