ਜਲੰਧਰ ਨੇੜੇ ਡੀ. ਐੱਮ. ਯੂ. ਟਰੇਨ ਦੇ ਇੰਜਣ ਨੂੰ ਲੱਗੀ ਅੱਗ
Wednesday, May 15, 2019 - 01:18 PM (IST)
ਭੋਗਪੁਰ (ਰਾਣਾ ਭੋਗਪੁਰੀਆ) : ਜਲੰਧਰ ਤੋਂ ਪਠਾਨਕੋਟ ਜਾ ਰਹੀ ਡੀ. ਐੱਮ. ਯੂ. ਟਰੇਨ ਨੰਬਰ 11055 ਦੇ ਇੰਜਣ ਨੂੰ ਅਚਾਨਕ ਅੱਗ ਲੱਗ ਗਈ। ਮੌਕੇ 'ਤੇ ਡਰਾਇਵਰ ਦੀ ਸੂਝ ਬੂਝ ਨਾਲ ਵੱਡਾ ਹਾਦਸਾ ਹੋਣ ਤੋਂ ਟੱਲ ਗਿਆ ਹੈ ਅਤੇ ਸਾਰੀਆਂ ਸਵਾਰੀਆਂ ਭੋਗਪੁਰ ਰੇਲਵੇ ਸਟੇਸ਼ਨ 'ਤੇ ਹੀ ਸੁਰੱਖਿਅਤ ਉਤਾਰ ਦਿੱਤੀਆਂ ਗਈਆਂ। ਸੂਤਰਾਂ ਅਨੁਸਾਰ ਡੀ. ਐੱਮ. ਯੂ. ਟਰੇਨ ਜਲੰਧਰ ਤੋਂ ਸਵੇਰੇ 8.50 ਵਜੇ ਚੱਲ ਕੇ 9.30 ਵਜੇ ਭੋਗਪੁਰ ਪਹੁੰਚਦੀ ਹੈ। ਜਦੋਂ ਟਰੇਨ ਕਾਲੇ ਬਕਰੇ ਕੋਲ ਪੁੱਜੀ ਤਾਂ ਡਰਾਇਵਰ ਨੇ ਦੇਖਿਆ ਕਿ ਇੰਜਣ ਦੇ ਹੇਠਾਂ ਬੈਟਰੀਆਂ ਕੋਲ ਅੱਗ ਲੱਗ ਗਈ ਹੈ। ਡਰਾਇਵਰ ਅਸ਼ਵਨੀ ਕੁਮਾਰ ਨੇ ਤੁਰੰਤ ਅੱਗ ਬੁਝਾਊ ਯੰਤਰ ਨਾਲ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ। ਕਾਲਾ ਬੱਕਰਾ ਵਿਖੇ ਰੇਲਵੇ ਟਰੈਕ ਖਾਲੀ ਨਾ ਹੋਣ ਕਾਰਨ ਉੱਥੇ ਟਰੇਨ ਰੋਕਣੀ ਸੰਭਵ ਨਹੀਂ ਸੀ। ਫਿਰ ਡਰਾਇਵਰ ਨੇ ਫਾਇਰ ਬ੍ਰਿਗੇਡ ਜਲੰਧਰ ਨੂੰ ਸੂਚਿਤ ਕੀਤਾ। ਕਾਲਾ ਬੱਕਰਾ ਤੋਂ ਭੋਗਪੁਰ ਪਹੁੰਚਣ ਤੱਕ ਡਰਾਇਵਰ ਨੇ ਅੱਗ ਬੁਝਾਊ ਯੰਤਰ ਨਾਲ ਫਿਰ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਅਤੇ ਭੋਗਪੁਰ ਰੇਲਵੇ ਸਟੇਸ਼ਨ 'ਤੇ ਆ ਕੇ ਟਰੇਨ ਨੂੰ ਰੋਕ ਕੇ ਸਵਾਰੀਆਂ ਨੂੰ ਟਰੇਨ 'ਚੋਂ ਕੱਢਿਆ ਗਿਆ। ਇੰਨੇ ਨੂੰ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਪਹੁੰਚ ਕੇ ਅੱਗ 'ਤੇ ਕਾਬੂ ਪਾ ਲਿਆ। ਮੌਕੇ 'ਤੇ ਪੁੱਜੇ ਰੇਲਵੇ ਪੁਲਸ ਦੇ ਚੀਫ ਇੰਸਪੈਕਟਰ ਕੁਲਵੀਰ ਸਿੰਘ ਨੇ ਦੱਸਿਆ ਕਿ ਸਾਰੀਆਂ ਸਵਾਰੀਆਂ ਸੁਰੱਖਿਅਤ ਹਨ। ਕੁਝ ਸਮਾਂ ਬਾਅਦ ਹੀ ਡੀ. ਐੱਮ. ਯੂ. ਟਰੇਨ ਪਠਾਨਕੋਟ ਲਈ ਰਵਾਨਾ ਹੋ ਗਈ।