ਦੀਵਾਲੀ ਦੇ ਤਿਉਹਾਰ ਤੋਂ ਪਹਿਲਾਂ ਪੰਜਾਬ ਸਰਕਾਰ ਦੀਆਂ ਜਨਤਾ ਨੂੰ ਜ਼ਰੂਰੀ ਹਿਦਾਇਤਾਂ

11/09/2020 8:05:51 PM

ਚੰਡੀਗੜ੍ਹ : ਪੰਜਾਬ ਦੇ ਸਮਾਜਿਕ ਸੁਰੱਖਿਆ, ਮਹਿਲਾ ਤੇ ਬਾਲ ਵਿਕਾਸ ਮੰਤਰੀ ਅਰੁਨਾ ਚੌਧਰੀ, ਖੇਡਾਂ, ਸਿਹਤ ਤੇ ਪਰਿਵਾਰ ਭਲਾਈ ਕਿਰਤ ਮੰਤਰੀ ਬਲਬੀਰ ਸਿੰਘ ਸਿੱਧੂ ਅਤੇ ਯੁਵਕ ਸੇਵਾਵਾਂ ਤੇ ਪਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਅੱਜ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਕੋਵਿਡ-19 ਮਹਾਮਾਰੀ ਦੇ ਮੱਦੇਨਜ਼ਰ ਸੁਰੱਖਿਆ ਉਪਾਵਾਂ ਦੀ ਸਖ਼ਤੀ ਨਾਲ ਪਾਲਣਾ ਕਰਦਿਆਂ ਤਿਉਹਾਰ ਮਨਾਉਣ ਅਤੇ ਵੱਧ ਰਹੇ ਹਵਾ ਪ੍ਰਦੂਸ਼ਣ ਦੇ ਸਨਮੁੱਖ ਤਿਉਹਾਰਾਂ ਦੌਰਾਨ ਪਟਾਕੇ ਚਲਾਉਣ ਤੋਂ ਗੁਰੇਜ਼ ਕਰਨ। ਇਥੇ ਜਾਰੀ ਸਾਂਝੇ ਬਿਆਨ ਵਿਚ ਕੈਬਨਿਟ ਮੰਤਰੀਆਂ ਨੇ ਕਿਹਾ ਕਿ ਕੋਵਿਡ-19 ਮਹਾਮਾਰੀ ਦੌਰਾਨ ਸੁਰੱਖਿਅਤ ਤਿਉਹਾਰ ਮਨਾਉਣਾ ਯਕੀਨੀ ਬਣਾਉਣ ਲਈ ਸਾਨੂੰ ਅਸਾਧਾਰਣ ਸਵੈ-ਅਨੁਸ਼ਾਸਨ ਅਤੇ ਸੰਜਮ ਵਰਤਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸਾਰੇ ਨਾਗਰਿਕਾਂ ਨੂੰ ਕੋਵਿਡ-19 ਸੁਰੱਖਿਆ ਪ੍ਰੋਟੋਕਾਲਾਂ ਦੀ ਸਖ਼ਤੀ ਨਾਲ ਪਾਲਣਾ ਕਰਦਿਆਂ ਜ਼ਿੰਮੇਵਾਰੀ ਨਾਲ ਤਿਉਹਾਰ ਮਨਾਉਣਾ ਚਾਹੀਦਾ ਹੈ। ਮੰਤਰੀਆਂ ਨੇ ਕਿਹਾ ਕਿ ਲੋਕਾਂ ਨੂੰ ਭੀੜ-ਭੜੱਕੇ ਵਾਲੀਆਂ ਥਾਵਾਂ ਤੋਂ ਦੂਰ ਰਹਿ ਕੇ ਆਪਣੇ ਘਰਾਂ ਵਿਚ ਹੀ ਆਪਣੇ ਪਰਿਵਾਰਾਂ ਨਾਲ ਤਿਉਹਾਰ ਦਾ ਅਨੰਦ ਮਾਨਣਾ ਚਾਹੀਦਾ ਹੈ ਅਤੇ ਜੇ ਉਨ੍ਹਾਂ ਨੂੰ ਘਰੋਂ ਬਾਹਰ ਜਾਣ ਦੀ ਲੋੜ ਪੈਂਦੀ ਵੀ ਹੈ ਤਾਂ ਉਹ ਹਰ ਸਮੇਂ ਮਾਸਕ ਜ਼ਰੂਰ ਪਹਿਨਣ।

ਇਹ ਵੀ ਪੜ੍ਹੋ :  ਬਾਦਲ ਪਰਿਵਾਰ 'ਤੇ ਬ੍ਰਹਮਪੁਰਾ ਦਾ ਵੱਡਾ ਹਮਲਾ, ਫਿਰ ਚੁੱਕਿਆ ਸੌਦਾ ਸਾਧ ਦਾ ਮੁੱਦਾ

ਮੰਤਰੀਆਂ ਨੇ ਕਿਹਾ ਕਿ ਸਿਹਤ ਪ੍ਰੋਟੋਕੋਲਾਂ ਅਨੁਸਾਰ ਕੰਟੇਨਮੈਂਟ ਜ਼ੋਨਾਂ ਵਿਚ ਤਿਉਹਾਰ ਸਬੰਧੀ ਕਿਸੇ ਸਮਾਗਮਾਂ ਦੀ ਇਜਾਜ਼ਤ ਨਹੀਂ ਹੈ। ਕੰਟੇਨਮੈਂਟ ਜ਼ੋਨਾਂ ਤੋਂ ਆਉਣ ਵਾਲੇ ਪ੍ਰਬੰਧਕਾਂ/ਸਟਾਫ਼/ਮਹਿਮਾਨਾਂ ਨੂੰ ਸਮਾਗਮਾਂ ਦਾ ਹਿੱਸਾ ਬਣਨ ਦੀ ਵੀ ਇਜਾਜ਼ਤ ਨਹੀਂ ਹੋਵੇਗੀ। ਉਨ੍ਹਾਂ ਅੱਗੇ ਕਿਹਾ ਕਿ ਕੰਟੇਨਮੈਂਟ ਜ਼ੋਨਾਂ ਵਿਚ ਰਹਿਣ ਵਾਲੇ ਲੋਕਾਂ ਨੂੰ ਆਪਣੇ ਘਰਾਂ ਵਿਚ ਤਿਉਹਾਰ ਮਨਾਉਣ ਲਈ ਉਤਸ਼ਾਹਤ ਕੀਤਾ ਜਾਵੇ। ਉਨ੍ਹਾਂ 64 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ, ਹੋਰਨਾਂ ਬੀਮਾਰੀਆਂ ਤੋਂ ਪੀੜਤ ਵਿਅਕਤੀਆਂ, ਗਰਭਵਤੀ ਜਨਾਨੀਆਂ ਅਤੇ 10 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਘਰ ਅੰਦਰ ਹੀ ਰਹਿਣ ਦੀ ਸਲਾਹ ਦਿੱਤੀ।

ਇਹ ਵੀ ਪੜ੍ਹੋ :  ਜਨਮ ਦਿਨ ਮੌਕੇ ਸਾਈਬਰ ਸੈੱਲ ਦੇ ਇੰਸਪੈਕਟਰ ਬਲਦੇਵ ਸਿੰਘ ਦੀ ਮੌਤ

ਪੰਜਾਬ ਵਾਸੀਆਂ ਨੂੰ ਪਟਾਕੇ ਚਲਾਉਣ ਤੋਂ ਗੁਰੇਜ਼ ਕਰਨ ਦੀ ਅਪੀਲ ਕਰਦਿਆਂ ਕੈਬਨਿਟ ਮੰਤਰੀਆਂ ਨੇ ਕਿਹਾ ਕਿ ਦੀਵਾਲੀ ਮੌਕੇ ਪਟਾਕੇ ਚਲਾਉਣ ਨਾਲ ਪ੍ਰਦੂਸ਼ਣ ਦਾ ਪੱਧਰ, ਖ਼ਾਸ ਕਰਕੇ ਸਲਫ਼ਰ ਨਾਈਟ੍ਰੇਟ, ਮੈਗਨੀਸ਼ੀਅਮ ਅਤੇ ਨਾਈਟ੍ਰੋਜਨ ਡਾਈਆਕਸਾਈਡ ਦਾ ਪੱਧਰ ਕਈ ਗੁਣਾਂ ਵੱਧ ਜਾਂਦਾ ਹੈ, ਜੋ ਸਾਡੀ ਸਾਹ ਪ੍ਰਣਾਲੀ ਲਈ ਬਹੁਤ ਹਾਨੀਕਾਰਕ ਹੈ ਅਤੇ ਦਮਾ, ਫੇਫੜਿਆਂ ਦੇ ਕੈਂਸਰ ਅਤੇ ਸਾਹ ਲੈਣ ਵਿਚ ਤਕਲੀਫ਼ ਜਿਹੀਆਂ ਗੰਭੀਰ ਬੀਮਾਰੀਆਂ ਦਾ ਕਾਰਨ ਬਣ ਸਕਦਾ ਹੈ। ਕੈਬਨਿਟ ਮੰਤਰੀਆਂ ਨੇ ਅੱਗੇ ਕਿਹਾ ਕਿ ਹਵਾ ਪ੍ਰਦੂਸ਼ਣ ਦਾ ਪੱਧਰ ਦੇਸ਼ ਵਿਚ ਪ੍ਰਦੂਸ਼ਣ ਦੀ ਤੈਅਸ਼ੁਦਾ ਹੱਦ ਪਾਰ ਕਰ ਗਿਆ ਹੈ, ਜੋ ਮਨੁੱਖੀ ਸਰੀਰ ਲਈ ਹਾਨੀਕਾਰਕ ਹੈ ਅਤੇ ਖ਼ਾਸ ਕਰਕੇ ਦਮਾ ਅਤੇ ਫੇਫੜਿਆਂ ਦੀਆਂ ਬੀਮਾਰੀਆਂ ਤੋਂ ਪੀੜਤ ਲੋਕਾਂ ਨੂੰ ਸਾਹ ਲੈਣ ਵਿਚ ਵੱਡੀਆਂ ਮੁਸ਼ਕਲਾਂ ਪੈਦਾ ਕਰ ਰਿਹਾ ਹੈ।

ਇਹ ਵੀ ਪੜ੍ਹੋ :  ਆਮ ਆਦਮੀ ਪਾਰਟੀ ਨੇ ਅਨਮੋਲ ਗਗਨ ਮਾਨ ਨੂੰ ਸੌਂਪੀ ਵੱਡੀ ਜ਼ਿੰਮੇਵਾਰੀ

ਪੰਜਾਬ ਦੇ ਮੰਤਰੀਆਂ ਨੇ ਅਪੀਲ ਕੀਤੀ ਕਿ ਲੋਕਾਂ ਨੂੰ ਸਿਰਫ਼ ਐੱਫ. ਐੱਸ. ਐੱਸ. ਏ. ਆਈ. ਲਾਇਸੰਸਸ਼ੁਦਾ ਜਾਂ ਰਜਿਸਟਰਡ ਦੁਕਾਨਾਂ ਤੋਂ ਹੀ ਮਠਿਆਈਆਂ ਅਤੇ ਹੋਰ ਖ਼ੁਰਾਕ ਪਦਾਰਥ ਖ਼ਰੀਦਣ ਨੂੰ ਤਰਜੀਹ ਦੇਣੀ ਚਾਹੀਦੀ ਹੈ। ਲੋਕਾਂ ਨੂੰ ਅਜਿਹੀਆਂ ਵਸਤਾਂ, ਮਿਆਦ ਪੁੱਗਣ ਦੀ ਤਰੀਕ ਵੇਖ ਕੇ ਹੀ ਖ਼ਰੀਦਣੀਆਂ ਚਾਹੀਦੀਆਂ ਹਨ ਅਤੇ ਰੰਗਾਂ ਵਾਲੀਆਂ ਮਿਠਾਈਆਂ ਖ਼ਰੀਦਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ ਲੋਕਾਂ ਨੂੰ ਘਟੀਆ ਖੋਏ ਨਾਲ ਬਣੀਆਂ ਮਠਿਆਈਆਂ ਨਹੀਂ ਖ਼ਰੀਦਣੀਆਂ ਚਾਹੀਦੀਆਂ ਅਤੇ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਸਾਰੀਆਂ ਮਠਿਆਈਆਂ ਚੰਗੀ ਤਰ੍ਹਾਂ ਅਤੇ ਸੁਰੱਖਿਅਤ ਢੰਗ ਨਾਲ ਤਿਆਰ ਕੀਤੀਆਂ ਹੋਣ। ਉਨ੍ਹਾਂ ਕਿਹਾ ਕਿ ਜ਼ਿਆਦਾ ਤਲੇ ਹੋਏ ਭੋਜਨ ਪਦਾਰਥਾਂ ਖ਼ਾਸ ਤੌਰ 'ਤੇ ਫ਼ਰੋਜਨ ਖਾਦ-ਪਦਾਰਥਾਂ ਅਤੇ ਘਰਾਂ ਤੇ ਦੁਕਾਨਾਂ 'ਤੇ ਦੁਬਾਰਾ ਵਰਤੇ ਤੇਲ ਨਾਲ ਬਣੇ ਪਦਾਰਥਾਂ ਤੋਂ ਸਖ਼ਤੀ ਨਾਲ ਪਰਹੇਜ਼ ਕਰਨਾ ਚਾਹੀਦਾ ਹੈ।

ਇਹ ਵੀ ਪੜ੍ਹੋ :  ਰਣਇੰਦਰ ਤੋਂ ਬਾਅਦ ਹੁਣ ਕਾਂਗਰਸ ਦੇ 26 ਵਿਧਾਇਕਾਂ 'ਤੇ ਈ. ਡੀ. ਦੀ ਅੱਖ, ਜਲਦ ਕਾਰਵਾਈ ਦੀ ਸੰਕੇਤ


Gurminder Singh

Content Editor

Related News