ਗਰੀਨ ਪਟਾਕਿਆਂ ਦੇ ਨਾਂ ''ਤੇ ਮਹਾਨਗਰ ਜਲੰਧਰ ''ਚ ਵਿਕ ਰਹੇ ਖ਼ਤਰਨਾਕ ਪਟਾਕੇ

11/11/2020 1:16:39 PM

ਜਲੰਧਰ (ਬੁਲੰਦ)— ਐੱਨ. ਜੀ. ਟੀ. ਵੱਲੋਂ ਲਗਾਤਾਰ ਦੇਸ਼ ਦੇ ਵਾਤਾਵਰਣ ਨੂੰ ਪ੍ਰਦੂਸ਼ਣ ਤੋਂ ਬਚਾਉਣ ਅਤੇ ਕੋਰੋਨਾ ਕਾਲ 'ਚ ਖ਼ਤਰਨਾਕ ਗੈਸਾਂ ਨੂੰ ਵਾਤਵਰਣ 'ਚ ਫ਼ੈਲਣ ਤੋਂ ਰੋਕਣ ਲਈ ਇਸ ਵਾਰ ਦੀਵਾਲੀ ਅਤੇ ਹੋਰ ਤਿਉਹਾਰਾਂ 'ਚ ਪਟਾਕਿਆਂ ਦੀ ਵਰਤੋਂ 'ਤੇ ਪਾਬੰਦੀ ਲਾਉਣ ਦੇ ਨਿਰਦੇਸ਼ ਜਾਰੀ ਕੀਤੇ ਜਾ ਰਹੇ ਹਨ। ਇਸੇ ਵਿਚਕਾਰ ਬੀਤੇ ਦਿਨ ਸੂਬਾ ਸਰਕਾਰ ਨੂੰ ਐੱਨ. ਜੀ. ਟੀ. ਨੇ ਨਿਰਦੇਸ਼ ਜਾਰੀ ਕਰਕੇ ਸਿਰਫ਼ ਗਰੀਨ ਪਟਾਕਿਆਂ ਦੀ ਇਜਾਜ਼ਤ ਦੇਣ ਲਈ ਕਿਹਾ ਹੈ, ਜਿਸ 'ਤੇ ਸੂਬਾ ਸਰਕਾਰ ਨੇ ਵੀ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਨਿਰਦੇਸ਼ ਜਾਰੀ ਕਰਕੇ ਸਿਰਫ਼ ਗਰੀਨ ਪਟਾਕੇ ਵੇਚਣ ਦੇ ਨਿਰਦੇਸ਼ ਦਿੱਤੇ ਹਨ।
ਪਰ ਇਸੇ ਵਿਚਕਾਰ ਜ਼ਮੀਨੀ ਹਕੀਕਤ ਇਹ ਹੈ ਕਿ ਸ਼ਹਿਰ 'ਚ ਬਰਲਟਨ ਪਾਰਕ ਸਮੇਤ ਕਈ ਹੋਰ ਥਾਵਾਂ 'ਤੇ ਸ਼ਰੇਆਮ ਅਤੇ ਲੁਕ ਕੇ ਖਤਰਨਾਕ ਪਟਾਕੇ, ਜਿਹੜੇ ਕਿ ਜ਼ਹਿਰੀਲੀਆਂ ਗੈਸਾਂ ਫ਼ੈਲਾਉਂਦੇ ਹਨ, ਵੇਚੇ ਜਾ ਰਹੇ ਹਨ। ਇਨ੍ਹਾਂ ਪਟਾਕਿਆਂ 'ਤੇ ਨਾ ਤਾਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅਤੇ ਨਾ ਹੀ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਸਖ਼ਤ ਐਕਸ਼ਨ ਲਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ: ਕੋਰੋਨਾ ਦੀ ਦੂਜੀ ਲਹਿਰ ਦੀ ਸੰਭਾਵਨਾ ਦੇ ਮੱਦੇਨਜ਼ਰ ਕੈਪਟਨ ਵੱਲੋਂ ਦਿਸ਼ਾ-ਨਿਰਦੇਸ਼ ਜਾਰੀ

ਹੈਰਾਨੀ ਦੀ ਗੱਲ ਤਾਂ ਇਹ ਵੀ ਹੈ ਕਿ ਪ੍ਰਸ਼ਾਸਨ ਵੱਲੋਂ ਬਰਲਟਨ ਪਾਰਕ 'ਚ 20 ਦੁਕਾਨਾਂ ਲਈ ਲਾਇਸੈਂਸ ਜਾਰੀ ਕਰਨ ਦੀ ਗੱਲ ਕਹੀ ਗਈ ਪਰ ਮੌਜੂਦਾ ਸਮੇਂ 50 ਤੋਂ ਵੱਧ ਦੁਕਾਨਾਂ ਤਿਆਰ ਹੋ ਚੁੱਕੀਆਂ ਹਨ ਅਤੇ ਵਧੇਰੇ ਨੇ ਪਟਾਕੇ ਵੇਚਣੇ ਵੀ ਸ਼ੁਰੂ ਕਰ ਦਿੱਤੇ ਹਨ।

ਦੀਵਾਲੀ ਵਾਲੇ ਦਿਨ ਟੁੱਟਣਗੇ ਸਾਰੇ ਨਿਯਮ
ਮਾਮਲੇ ਬਾਰੇ ਪਟਾਕਾ ਕਾਰੋਬਾਰੀਆਂ ਨਾਲ ਜੁੜੇ ਸੂਤਰਾਂ ਦੀ ਮੰਨੀਏ ਤਾਂ ਬਰਲਟਨ ਪਾਰਕ 'ਚ ਸਿਆਸੀ ਆਗੂਆਂ ਦੇ ਕਰੀਬੀ ਪ੍ਰਧਾਨਾਂ ਨੇ ਹਰ ਸਾਲ ਵਾਂਗ ਇਸ ਵਾਰ ਵੀ ਆਪਣੇ-ਆਪਣੇ ਸਟਾਲ ਪਹਿਲਾਂ ਹੀ ਬੁੱਕ ਕਰ ਲਏ ਹਨ, ਜਿਨ੍ਹਾਂ 'ਤੇ ਦੀਵਾਲੀ ਵਾਲੇ ਦਿਨ ਐੱਨ. ਜੀ. ਟੀ. ਦੇ ਸਾਰੇ ਨਿਯਮਾਂ ਦੀਆਂ ਧੱਜੀਆਂ ਉਡਾ ਕੇ ਹਰ ਤਰ੍ਹਾਂ ਦੇ ਪਟਾਕੇ ਵੇਚ ਕੇ ਕਰੋੜਾਂ ਰੁਪਏ ਕਮਾਏ ਜਾਣਗੇ।
ਹੈਰਾਨੀ ਦੀ ਗੱਲ ਇਹ ਹੈ ਕਿ ਉਕਤ ਪਟਾਕਾ ਕਾਰੋਬਾਰੀਆਂ ਵੱਲੋਂ ਜੀ. ਐੱਸ. ਟੀ. ਨੰਬਰ ਤੱਕ ਨਹੀਂ ਲਏ ਜਾ ਰਹੇ, ਜਿਸ ਵੱਲੋਂ ਸਬੰਧਤ ਵਿਭਾਗ ਅੱਖਾਂ ਬੰਦ ਕਰੀ ਬੈਠਾ ਹੈ। ਸਾਰੀ ਖੇਡ 20 ਦੁਕਾਨਾਂ ਦੀ ਆੜ 'ਚ ਖੇਡੀ ਜਾ ਰਹੀ ਹੈ। ਇਕ-ਇਕ ਪਟਾਕਾ ਕਾਰੋਬਾਰੀ ਆਪਣੇ ਹੀ ਕਰਿੰਦਿਆਂ ਨੂੰ ਹੋਰ ਦੁਕਾਨਾਂ 'ਤੇ ਬਿਠਾ ਕੇ ਟੈਕਸ ਚੋਰੀ ਕਰ ਕੇ ਲੱਖਾਂ ਦਾ ਮਾਲ ਵੇਚ ਜਾਵੇਗਾ ਅਤੇ ਹਰ ਵਾਰ ਵਾਂਗ ਸਰਕਾਰੀ ਮਹਿਕਮੇ ਦੇ ਬਾਬੂ ਜਾਂ ਤਾਂ ਆਪਣਾ ਹਿੱਸਾ ਲੈ ਜਾਣਗੇ ਜਾਂ ਫਿਰ ਬੱਚਿਆਂ ਲਈ ਫ੍ਰੀ 'ਚ ਪਟਾਕੇ ਲੈ ਕੇ ਹੀ ਖੁਸ਼ ਹੋ ਜਾਣਗੇ ਪਰ ਵਾਤਾਵਰਣ ਨੂੰ ਜਿਹੜਾ ਨੁਕਸਾਨ ਪੁੱਜੇਗਾ ਅਤ ਲੋਕਾਂ ਦੀ ਸਿਹਤ 'ਤੇ ਕੋਰੋਨਾ ਕਾਲ ਵਿਚ ਜਿਹੜਾ ਬੁਰਾ ਅਸਰ ਪਵੇਗਾ, ਇਸ ਦੀ ਕਿਸੇ ਨੂੰ ਕੋਈ ਪ੍ਰਵਾਹ ਨਹੀਂ।

 ਇਹ ਵੀ ਪੜ੍ਹੋ: ਜਲੰਧਰ ਦੀ ਮਸ਼ਹੂਰ ਹੋਈ 'ਪਰੌਂਠਿਆਂ ਵਾਲੀ ਬੇਬੇ' ਲਈ ਸਰਕਾਰ ਨੇ ਦਿੱਤੀ ਵਿੱਤੀ ਮਦਦ

ਕਰਵਾਚੌਥ ਵਾਂਗ ਵਿਆਹਾਂ-ਪਾਰਟੀਆਂ 'ਤੇ ਵੱਜ ਰਹੇ ਪਟਾਕੇ
ਮਾਮਲੇ ਬਾਰੇ ਪ੍ਰਸ਼ਾਸਨ ਅਤੇ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਲਾਪ੍ਰਵਾਹੀ ਕਾਰਣ ਲੋਕਾਂ ਨੇ ਭਾਰੀ ਮਾਤਰਾ ਵਿਚ ਪਟਾਕੇ ਪਹਿਲਾਂ ਹੀ ਖਰੀਦ ਕੇ ਸਟੋਰ ਕਰ ਲਏ ਹਨ, ਜਿਨ੍ਹਾਂ ਨੂੰ ਕਈਆਂ ਨੇ ਕਰਵਾਚੌਥ ਵਾਲੇ ਦਿਨ ਖੂਬ ਵਜਾਇਆ ਪਰ ਪ੍ਰਸ਼ਾਸਨ ਵੱਲੋਂ ਇਸ 'ਤੇ ਕੋਈ ਐਕਸ਼ਨ ਨਹੀਂ ਲਿਆ ਗਿਆ। ਇਸੇ ਤਰ੍ਹਾਂ ਵਿਆਹਾਂ ਅਤੇ ਪਾਰਟੀਆਂ 'ਚ ਸ਼ਰੇਆਮ ਪਟਾਕੇ ਚਲਾਏ ਜਾ ਰਹੇ ਹਨ ਪਰ ਇਸ ਪਾਸੇ ਕੋਈ ਵੀ ਧਿਆਨ ਨਹੀਂ ਦੇ ਰਿਹਾ।

ਬਰਲਟਨ ਪਾਰਕ ਨੂੰ ਕੀਤਾ ਜਾਵੇ ਸੀਲ ਤੇ ਗਰੀਨ ਪਟਾਕੇ ਨਾ ਵੇਚਣ ਵਾਲਿਆਂ 'ਤੇ ਦਰਜ ਹੋਵੇ ਪੁਲਸ ਕੇਸ : ਪ੍ਰੋ. ਸਿੰਘ
ਮਾਮਲੇ ਬਾਰੇ ਪ੍ਰੋ. ਐੱਮ. ਪੀ. ਸਿੰਘ ਦਾ ਕਹਿਣਾ ਹੈ ਕਿ ਵਾਤਾਵਰਣ ਨੂੰ ਲੈ ਕੇ ਐੱਨ. ਜੀ. ਟੀ. ਗੰਭੀਰ ਹੈ ਪਰ ਸੂਬਾ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਲਾਪ੍ਰਵਾਹ ਹਨ। ਪ੍ਰਦੂਸ਼ਣ ਕੰਟਰੋਲ ਬੋਰਡ ਉਂਝ ਹੀ ਕੁਝ ਕਰ ਕੇ ਰਾਜ਼ੀ ਨਹੀਂ, ਇਸ ਲਈ ਜ਼ਿਲ੍ਹਾ ਪ੍ਰਸ਼ਾਸਨ ਨੂੰ ਪੁਲਸ ਕਮਿਸ਼ਨਰ ਨਾਲ ਸਹਿਯੋਗ ਕਰਕੇ ਬਰਲਟਨ ਪਾਰਕ ਨੂੰ ਸੀਲ ਕਰ ਦੇਣਾ ਚਾਹੀਦਾ ਹੈ ਤਾਂ ਕਿ ਸਿਰਫ਼ ਲਾਇਸੈਂਸੀ 20 ਦੁਕਾਨਾਂ ਹੀ ਗਰੀਨ ਪਟਾਕੇ ਵੇਚਣ ਅਤੇ ਹੋਰ ਕੋਈ ਉਥੇ ਦੁਕਾਨ ਨਾ ਚਲਾ ਸਕੇ। ਜਿਹੜਾ ਵੀ ਵਿਅਕਤੀ ਗਰੀਨ ਪਟਾਕਿਆਂ ਤੋਂ ਇਲਾਵਾ ਹੋਰ ਪਟਾਕੇ ਵੇਚੇ ਜਾਂ ਫਿਰ ਗੈਰ-ਕਾਨੂੰਨੀ ਦੁਕਾਨ ਚਲਾਵੇ, ਉਸ 'ਤੇ ਪੁਲਸ ਕੇਸ ਦਰਜ ਕਰ ਕੇ ਉਸ ਨੂੰ ਜੇਲ ਭੇਜਿਆ ਜਾਵੇ।

 ਇਹ ਵੀ ਪੜ੍ਹੋ: ਜਲੰਧਰ: ਨਿੱਜੀ ਹਸਪਤਾਲ 'ਚ ਮਰੀਜ਼ ਦੀ ਮੌਤ, ਪਰਿਵਾਰ ਨੇ ਡਾਕਟਰਾਂ 'ਤੇ ਲਗਾਏ ਗੰਭੀਰ ਦੋਸ਼


shivani attri

Content Editor

Related News