ਲੁਧਿਆਣਾ 'ਚ ਵੱਡੀ ਘਟਨਾ, ਦੀਵਾਲੀ ਦੀ ਰਾਤ ਇਕੋ ਪਰਿਵਾਰ ਦੇ ਤਿੰਨ ਜੀਆਂ ਦੀਆਂ ਲਾਸ਼ਾਂ ਮਿਲੀਆਂ
Monday, Oct 28, 2019 - 06:36 PM (IST)
ਲੁਧਿਆਣਾ (ਰਿਸ਼ੀ) : ਗਿੱਲ ਰੋਡ 'ਤੇ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਨਜ਼ਦੀਕ ਪੈਂਦੇ ਈਸ਼ਰ ਨਗਰ 'ਚ ਇਕੋ ਪਰਿਵਾਰ ਦੇ ਤਿੰਨ ਮੈਂਬਰਾਂ ਦੀਆਂ ਪੱਖਿਆਂ ਨਾਲ ਲਟਕਦੀਆਂ ਲਾਸ਼ਾਂ ਮਿਲਣ ਕਾਰਨ ਪੂਰੇ ਇਲਾਕੇ 'ਚ ਸਨਸਨੀ ਫੈਲ ਗਈ। ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਤਿੰਨੇ ਭਰਾ ਕਿਰਾਏ ਦੇ ਮਕਾਨ ਵਿਚ ਰਹਿ ਰਹੇ ਸਨ। ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਸ ਮੌਕੇ 'ਤੇ ਪਹੁੰਚ ਗਈ ਅਤੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟ–ਮਾਰਟਮ ਲਈ ਸਿਵਲ ਹਸਪਤਾਲ ਭਿਜਵਾ ਦਿੱਤੀਆਂ। ਫਿਲਹਾਲ ਪੁਲਸ ਵਲੋਂ ਮਾਮਲੇ ਦੀ ਵੱਖ-ਵੱਖ ਪਹਿਲੂਆਂ 'ਤੇ ਜਾਂਚ ਕੀਤੀ ਜਾ ਹੈ।
ਸੂਤਰਾਂ ਮੁਤਾਬਕ ਮ੍ਰਿਤਕ ਪਰਿਵਾਰ ਨੇ ਇਕ ਫ਼ਾਈਨਾਂਸਰ ਤੋਂ ਕੁਝ ਰਕਮ ਉਧਾਰੀ ਲਈ ਸੀ ਅਤੇ ਉਹ ਫ਼ਾਈਨਾਂਸਰ ਹੀ ਕਥਿਤ ਤੌਰ 'ਤੇ ਉਨ੍ਹਾਂ 'ਤੇ ਹੁਣ ਆਪਣੇ ਪੈਸੇ ਵਾਪਸ ਲੈਣ ਲਈ ਦਬਾਅ ਪਾਇਆ ਜਾ ਰਿਹਾ ਸੀ, ਜਿਸ ਕਾਰਨ ਪਰਿਵਾਰ ਨੇ ਇਹ ਵੱਡਾ ਕਦਮ ਚੁੱਕ ਲਿਆ।
ਫਿਲਹਾਲ ਇਹ ਮਾਮਲਾ ਸ਼ੱਕੀ ਜਾਪ ਰਿਹਾ ਹੈ ਅਤੇ ਪੁਲਸ ਵਲੋਂ ਵੀ ਇਸ ਦੀ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਜਾ ਰਹੀ ਹੈ। ਪੁਲਸ ਆਪਣੀ ਕਾਰਵਾਈ 'ਚ ਅਸਲ ਕਾਰਨ ਲੱਭਣ 'ਚ ਲੱਗੀ ਹੈ। ਪੁਲਸ ਦਾ ਕਹਿਣਾ ਹੈ ਕਿ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੀ ਮੌਤ ਦੇ ਅਸਲ ਕਾਰਨਾਂ ਦਾ ਪਤਾ ਲੱਗ ਸਕੇਗਾ।