ਦੀਵਾਲੀ ਦਾ ਤਿਉਹਾਰ ਦੇ ਗਿਆ ਦੁੱਖ, ਖੋਹੀ 4 ਲੋਕਾਂ ਦੀਆਂ ਅੱਖਾਂ ਦੀ ਰੌਸ਼ਨੀ
Monday, Oct 28, 2019 - 03:54 PM (IST)
ਚੰਡੀਗੜ੍ਹ— ਰੌਸ਼ਨੀ ਦਾ ਪ੍ਰਤੀਕ ਮੰਨਿਆ ਜਾਣ ਵਾਲਾ ਤਿਉਹਾਰ ਦੀਵਾਲੀ 'ਤੇ ਪਟਾਕਿਆਂ ਦੀ ਚੰਗਿਆੜੀ ਨੇ ਚਾਰ ਲੋਕਾਂ ਦੀਆਂ ਅੱਖਾਂ ਦੀ ਰੌਸ਼ਨੀ ਖੋਹ ਲਈ। ਦਰਅਸਲ ਦੀਵਾਲੀ ਵਾਲੇ ਦਿਨ ਪਟਾਕਿਆਂ ਦੀ ਚੰਗਿਆੜੀ ਨਾਲ 11 ਲੋਕਾਂ ਦੀਆਂ ਅੱਖਾਂ ਗੰਭੀਰ ਰੂਪ ਨਾਲ ਝੁਲਸ ਗਈਆਂ, ਜਿਨ੍ਹਾਂ 'ਚੋਂ 4 ਦੀ ਰੌਸ਼ਨੀ ਵਾਪਸ ਆਉਣ ਦੀ ਸੰਭਾਵਨਾ ਨਹੀਂ ਹੈ। ਇਸ ਘਟਨਾ 'ਚ ਪੰਜਾਬ ਤੋਂ 1 ਹਰਿਆਣਾ ਤੋਂ 2 ਅਤੇ ਹਿਮਾਚਲ ਦੇ ਸੋਲਨ ਤੋਂ 1 ਮਰੀਜ਼ ਸ਼ਾਮਲ ਹੈ। ਦੱਸਣਯੋਗ ਹੈ ਕਿ ਦੀਵਾਲੀ ਦੀ ਦੇਰ ਰਾਤ ਪੋਸਟ ਗਰੈਜੂਏਟ ਇੰਸਟੀਚਿਊਟ ਆਫ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ (ਪੀ. ਜੀ. ਆਈ) ਚੰਡੀਗੜ੍ਹ ਦੇ ਐਂਡਵਾਂਸ ਆਈ ਸੈਂਟਰ 'ਚ 11 ਮਰੀਜ਼ਾਂ ਨੂੰ ਲਿਆਂਦਾ ਗਿਆ। ਇਨ੍ਹਾਂ ਮਰੀਜ਼ਾਂ ਦੀਆਂ ਅੱਖਾਂ ਪਟਾਕਿਆਂ ਦੀ ਚੰਗਿਆੜੀ ਦੇ ਚਲਦਿਆਂ ਗੰਭੀਰ ਰੂਪ ਨਾਲ ਝੁਲਸ ਗਈਆਂ ਸਨ।
ਅਜੇ ਮਰੀਜ਼ਾਂ ਦੇ ਆਉਣ ਦਾ ਸਿਲਸਿਲਾ ਜਾਰੀ
ਮੀਡੀਆ ਨਾਲ ਗੱਲਬਾਤ ਕਰਦੇ ਹੋਏ ਡਾਕਟਰਾਂ ਨੇ ਦੱਸਿਆ ਕਿ ਮਰੀਜ਼ਾਂ ਦੀ ਪੱਟੀ ਖੋਲ੍ਹਣ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਕਿ ਇਨ੍ਹਾਂ ਦਾ ਵਿਜ਼ਨ ਕਿੰਨੇ ਫੀਸਦੀ ਵਾਪਸ ਆਵੇਗਾ। ਇਸ ਦੇ ਇਲਾਵਾ 7 ਹੋਰਾਂ ਦੀ ਵੀ ਅੱਖਾਂ ਝੁਲਸ ਗਈਆਂ ਹਨ। ਹਾਲਾਂਕਿ ਫਿਲਹਾਲ ਇਹ ਲੋਕ ਖਤਰੇ ਤੋਂ ਬਾਹਰ ਦੱਸੇ ਜਾ ਰਹੇ ਹਨ। ਇਸ ਦੇ ਇਲਾਵਾ ਅਜੇ ਮਰੀਜ਼ਾਂ ਦੇ ਆਉਣ ਦਾ ਸਿਲਸਿਲਾ ਜਾਰੀ ਹੈ।
ਡਾਕਟਰ ਦੀ ਵਿਸ਼ੇਸ਼ ਟੀਮ ਨੂੰ ਕੀਤਾ ਗਿਆ ਤਾਇਨਾਤ
ਡਾਕਟਰ ਦੀ ਵਿਸ਼ੇਸ਼ ਟੀਮ ਨੂੰ ਸ਼ਨੀਵਾਰ ਤੋਂ ਮੰਗਲਵਾਰ ਤੱਕ ਲਈ 24 ਘੰਟੇ ਐਮਰਜੈਂਸੀ 'ਚ ਤਾਇਨਾਤ ਕੀਤਾ ਗਿਆ ਹੈ। ਇਸ ਦੇ ਇਲਾਵਾ 20 ਬੈੱਡ ਇਸ ਦੇ ਲਈ ਖਾਲੀ ਰੱਖੇ ਹੋਏ ਹਨ। ਪੀ. ਜੀ. ਆਈ. ਦੇ ਡਾਇਰੈਕਟਰ ਪ੍ਰੋਫੈਸਰ ਜਗਤ ਰਾਮ ਨੇ ਦੱਸਿਆ ਕਿ ਜ਼ਖਮੀਆਂ ਦਾ ਇਲਾਜ ਚੱਲ ਰਿਹਾ ਹੈ।