ਧੂਮਧਾਮ ਨਾਲ ਮਨਾਇਆ ਦੀਵਾਲੀ ਦਾ ਪਵਿੱਤਰ ਤਿਉਹਾਰ
Saturday, Oct 21, 2017 - 07:42 AM (IST)
ਮੋਗਾ (ਪਵਨ ਗਰੋਵਰ, ਗੋਪੀ ਰਾਊਕੇ) - ਜ਼ਿਲਾ ਮੋਗਾ ਦੇ ਵੱਖ-ਵੱਖ ਗੁਰਦੁਆਰਾ ਸਾਹਿਬ, ਮੰਦਰਾਂ, ਵਿੱਦਿਅਕ ਸੰਸਥਾਵਾਂ, ਇਮੀਗ੍ਰੇਸ਼ਨ/ਆਈਲੈਟਸ ਸੰਸਥਾ ਤੋਂ ਇਲਾਵਾ ਹੋਰ ਧਾਰਮਿਕ ਅਸਥਾਨਾਂ 'ਤੇ ਲੋਕਾਂ ਨੇ ਘਰਾਂ 'ਚ ਦੀਵੇ ਜਗ੍ਹਾ ਕੇ ਦੀਵਾਲੀ ਦਾ ਤਿਉਹਾਰ ਮਨਾਇਆ। ਇਸ ਦੀਵਾਲੀ ਦੇ ਤਿਉਹਾਰ ਮੌਕੇ ਲੋਕਾਂ ਵੱਲੋਂ ਗੁਰਦੁਆਰਾ ਸਾਹਿਬ 'ਚ ਦੀਵੇ ਜਗਾਏ ਗਏ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ। ਦੀਵਾਲੀ ਦੇ ਪਵਿੱਤਰ ਤਿਉਹਾਰ 'ਤੇ ਲੋਕਾਂ ਵੱਲੋਂ ਬਾਬਾ ਖੇਤਰਪਾਲ ਜੀ ਦੀ ਪੂਜਾ ਅਰਚਨਾ ਤੇਲ, ਕਣਕ, ਮਿੱਠੇ ਚੌਲ, ਸਿੰਦੂਰ ਆਦਿ ਵਸਤੂਆਂ ਨਾਲ ਕੀਤੀ ਗਈ। ਭਾਰਤ ਮਾਤਾ ਮੰਦਰ, ਸ਼੍ਰੀ ਸਾਲਾਸਰ ਧਾਮ ਮੰਦਰ ਦੇ ਪ੍ਰਬੰਧਕਾਂ ਅਤੇ ਭਜਨ ਮੰਡਲੀਆਂ, ਕੈਂਬ੍ਰਿਜ ਇੰਟਰਨੈਸ਼ਨਲ ਸਕੂਲ ਧੂੜਕੋਟ, ਲੈਕਮੇ ਅਕੈਡਮੀ ਤੇ ਗੋਲਡਨ ਅਰਥ ਕਾਨਵੈਂਟ ਸਕੂਲ ਜੋਗੇਵਾਲਾ 'ਚ ਵਿਦਿਆਰਥੀਆਂ ਨੇ ਸਕੂਲ ਸਟਾਫ ਦੀ ਅਗਵਾਈ 'ਚ ਗਰੀਨ ਤੇ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ ਦਾ ਪ੍ਰਣ ਲਿਆ।
ਅਜੀਤਵਾਲ ਤੋਂ ਰੱਤੀ ਅਨੁਸਾਰ : ਵਿੱਦਿਅਕ ਸੰਸਥਾ ਸ਼ੈਮਫਰਡ ਸਕੂਲ ਮੱਦੋਕੇ 'ਚ ਛੋਟੇ ਬੱਚਿਆਂ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦੀਵਾਲੀ ਦਾ ਤਿਉਹਾਰ ਬੜੇ ਹੀ ਧੂਮ-ਧਾਮ ਨਾਲ ਮਨਾਇਆ ਗਿਆ। ਸਕੂਲ 'ਚ ਰੰਗੋਲੀ ਬਣਾਉਣ, ਦੀਵਾ ਸਜਾਉਣ ਤੇ ਮੋਮਬੱਤੀ ਸਜਾਉਣ ਦੇ ਮੁਕਾਬਲੇ ਕਰਵਾਏ ਗਏ। ਐੱਮ. ਐੱਲ. ਐੱਮ. ਪੋਲੀਟੈਕਨਿਕ ਕਾਲਜ ਅਤੇ ਐੱਮ. ਐੱਲ. ਐੱਮ. ਟੈਕਨੀਕਲ ਕਾਲਜ, ਐੱਮ. ਐੱਲ. ਐੱਮ. ਨਰਸਿੰਗ ਕਾਲਜ ਅਤੇ ਐੱਮ. ਐੱਲ. ਐੱਮ. ਆਈ. ਟੀ. ਆਈ. ਕਿਲੀ ਚਾਹਲ ਵਿਖੇ ਦੀਵਾਲੀ ਮਨਾਈ ਗਈ।
ਬਾਘਾਪੁਰਾਣਾ ਤੋਂ ਮੁਨੀਸ਼, ਚਟਾਨੀ ਅਨੁਸਾਰ : ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਕਾਲਜ ਆਫ਼ ਐਜੂਕੇਸ਼ਨ, ਸੁਖਾਨੰਦ 'ਚ ਦੀਵਾਲੀ ਅਤੇ 'ਬੰਦੀ ਛੋੜ ਦਿਵਸ' ਦਾ ਤਿਉਹਾਰ ਮਨਾਇਆ ਗਿਆ।
ਬਾਘਾਪੁਰਾਣਾ ਤੋਂ ਰਾਕੇਸ਼ ਅਨੁਸਾਰ : ਲਾਰੈਂਸ ਇੰਟਰਨੈਸ਼ਨਲ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਵਿਖੇ ਦੀਵਾਲੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ। ਸਕੂਲ ਪ੍ਰਿੰਸੀਪਲ ਸਰਿਤਾ ਅਰੋੜਾ ਨੇ ਬੱਚਿਆਂ ਨੂੰ ਦੀਵਾਲੀ ਤੇ ਵਿਸ਼ਵਕਰਮਾ ਦਿਵਸ ਦੀਆਂ ਮੁਬਾਰਕਾਂ ਵੀ ਦਿੱਤੀਆਂ।
ਨਿਹਾਲ ਸਿੰਘ ਵਾਲਾ ਤੋਂ ਗੁਪਤਾ ਅਨੁਸਾਰ : ਗਰੀਨ ਵੈੱਲੀ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਨਿਹਾਲ ਸਿੰਘ ਵਾਲਾ 'ਚ ਪ੍ਰਿੰਸੀਪਲ ਇੰਦੂ ਅਰੋੜਾ ਦੀ ਅਗਵਾਈ 'ਚ ਦੀਵਾਲੀ ਬੜੀ ਧੂਮ-ਧਾਮ ਨਾਲ ਮਨਾਈ ਗਈ। ਸਕੂਲ ਦੇ ਚੇਅਰਮੈਨ ਜਤਿੰਦਰ ਗਰਗ ਅਤੇ ਮੈਨੇਜਰ ਅਨੀਤਾ ਗਰਗ ਨੇ ਸਾਰਿਆਂ ਨੂੰ ਦੀਵਾਲੀ ਦੀ ਵਧਾਈ ਦਿੱਤੀ
ਕੋਟ ਈਸੇ ਖਾਂ ਤੋਂ ਗਰੋਵਰ ਅਨੁਸਾਰ : ਸ਼੍ਰੀ ਹੇਮਕੁੰਟ ਕਿਡਜ਼ੀ ਪ੍ਰੀ ਸਕੂਲ, ਕੋਟ ਈਸੇ ਖਾਂ ਵਿਖੇ ਚੇਅਰਮੈਨ ਕੁਲਵੰਤ ਸਿੰਘ ਸੰਧੂ ਅਤੇ ਐੱਮ. ਡੀ. ਰਣਜੀਤ ਕੌਰ ਸੰਧੂ ਦੀ ਯੋਗ ਰਹਿਨੁਮਾਈ ਹੇਠ ਸਟਾਫ ਵੱਲੋਂ ਦੀਵਾਲੀ ਦਾ ਤਿਉਹਾਰ ਮਿਲਜੁਲ ਕੇ ਮਨਾਉਣ ਦੀ ਪ੍ਰੇਰਨਾ ਦਿੱਤੀ ਗਈ। ਇਸੇ ਤਰ੍ਹਾਂ ਪਾਥਵੇਅਜ਼ ਗਲੋਬਲ ਸਕੂਲ, ਕੋਟ ਈਸੇ ਖਾਂ ਵਿਖੇ ਦੀਵਾਲੀ ਦੀ ਤਿਉਹਾਰ ਪ੍ਰਿੰਸੀਪਲ ਬੀ. ਐੱਲ. ਵਰਮਾ ਦੀ ਅਗਵਾਈ ਹੇਠ ਮਨਾਇਆ ਗਿਆ।
ਲੋਪੋਂ, (ਜਸਬੀਰ ਸ਼ੇਤਰਾ)–ਦਰਬਾਰ ਸੰਪਰਦਾਇ ਦੇ ਮੁੱਖ ਅਸਥਾਨ ਸੰਤ ਆਸ਼ਰਮ ਲੋਪੋਂ ਸਾਹਿਬ ਵਿਖੇ ਮੌਜੂਦਾ ਗੱਦੀਨਸ਼ੀਨ ਸੰਤ ਜਗਜੀਤ ਸਿੰਘ ਲੋਪੋਂ ਦੀ ਅਗਵਾਈ ਹੇਠ ਦੀਵਾਲੀ ਤੇ ਬੰਦੀਛੋੜ ਦਿਵਸ ਮਨਾਇਆ ਗਿਆ। ਇਸ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਖੰਡ ਪਾਠਾਂ ਦੇ ਭੋਗ ਪਾਏ ਗਏ ਤੇ ਸੰਤ ਆਸ਼ਰਮ ਦੇ ਕਵੀਸ਼ਰੀ ਜਥਿਆਂ ਨੇ ਗੁਰ ਜਸ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਸੰਤ ਲੋਪੋਂ ਨੇ ਕਿਹਾ ਕਿ ਜੀਵ ਆਦਿਕਾਲ ਤੋਂ ਮਰਦਾ-ਜੰਮਦਾ ਆ ਰਿਹਾ ਹੈ ਅਤੇ ਹੁਣ ਵੀ ਜੋ ਕਰਮ ਕਰਦਾ ਹੈ, ਉਹ ਦੁਨਿਆਵੀ ਇੱਛਾਵਾਂ ਨੂੰ ਮੁੱਖ ਰੱਖ ਕੇ ਕਰ ਰਿਹਾ ਜੋ ਕਿ ਉਸ ਨੂੰ ਹਨੇਰੇ ਭਾਵ ਗਿਰਾਵਟ ਵੱਲ ਲਿਜਾ ਰਹੀਆਂ ਹਨ। ਮਨੁੱਖ ਨੂੰ ਗੁਰਬਾਣੀ ਪੜ੍ਹਨ, ਸਰਵਣ ਕਰਨ ਤੋਂ ਇਲਾਵਾ ਗੁਰਬਾਣੀ ਅਨੁਸਾਰ ਹੀ ਜੀਵਨ ਬਤੀਤ ਕਰਨ ਦੀ ਲੋੜ ਹੈ। ਇਸ ਸਮੇਂ ਭਗੀਰਥ ਸਿੰਘ ਲੋਪੋਂ, ਭਾਈ ਸ਼ਿੰਦਰ ਸਿੰਘ, ਜਗਜੀਤ ਸਿੰਘ ਜੱਗਾ, ਹਰਨਾਮ ਸਿੰਘ ਨਾਮਾ, ਅਮਰਜੀਤ ਸਿੰਘ ਕਾਲਾ, ਮਾਸਟਰ ਭਾਗ ਸਿੰਘ, ਬਲਰਾਜ ਸਿੰਘ ਰਾਜਾ, ਸੁਖਚੈਨ ਸਿੰਘ ਘੋਲੀਆ, ਪ੍ਰਧਾਨ ਹਰਜਿੰਦਰ ਸਿੰਘ ਸੇਖੋਂ, ਮਨਜੀਤ ਸਿੰਘ ਲਾਡੀ, ਮਨਪ੍ਰੀਤ ਸਿੰਘ ਮੰਤਰੀ, ਜਸਵਿੰਦਰ ਸਿੰਘ, ਗੁਰਚਰਨ ਸਿੰਘ, ਗੁਰਦਿੱਤ ਸਿੰਘ ਆਦਿ ਹਾਜ਼ਰ ਸਨ।
