ਦੀਵਾਲੀ ਵਾਲੇ ਦਿਨ ਪੰਜਾਬ ’ਚ ਸੀਜ਼ਨ ਦੇ ਸਭ ਤੋਂ ਵੱਧ ਪਰਾਲੀ ਸਾੜਨ ਦੇ ਮਾਮਲੇ ਆਏ ਸਾਹਮਣੇ
Wednesday, Oct 26, 2022 - 04:24 PM (IST)
ਚੰਡੀਗੜ੍ਹ : ਪੰਜਾਬ ਵਿਚ ਦੀਵਾਲੀ ਵਾਲੇ ਦਿਨ ਦੇ ਸੀਜਨ ਦੀਆਂ ਸਭ ਤੋਂ ਵੱਧ ਪਰਾਲੀ ਸਾੜਨ ਦੀਆਂ ਘਟਨਾਵਾਂ ਰਿਕਾਰਡ ਕੀਤੀਆਂ ਗਈਆਂ। ਅੰਕੜਿਆਂ ਮੁਤਾਬਕ ਸੋਮਵਾਰ ਨੂੰ 1019 ਪਰਾਲੀ ਸਾੜਨ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਦੂਜੇ ਪਾਸੇ ਪਟਾਕਿਆਂ ਕਾਰਣ ਸੂਬੇ ਦੀ ਆਬੋ ਹਵਾ ਕਾਫੀ ਖਰਾਬ ਹੋ ਗਈ ਜਦਕਿ ਪਿਛਲੀ ਸਾਲ ਦੀਵਾਲੀ ਵਾਲੇ ਦਿਨ ਦੇ ਮੁਕਾਬਲੇ ਇਹ 16.4% ਫੀਸਦੀ ਘੱਟ ਰਿਹਾ ਹੈ। 2020 ਦੇ ਮੁਕਾਬਲੇ ਇਹ ਦਰ 13.7 ਫੀਸਦੀ ਘੱਟ ਹੈ। ਇਹ ਦਾਅਵਾ ਵਾਤਾਵਰਨ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਪ੍ਰਦੂਸ਼ਣ ਵਿਭਾਗ ਦੇ ਅੰਕੜਿਆਂ ਰਾਹੀਂ ਕੀਤਾ ਹੈ।
ਮੰਤਰੀ ਨੇ ਕਿਹਾ ਹੈ ਕਿ ਪਿਛਲੇ ਸਾਲ 2020 ਵਿਚ ਉਹ ਕਿਸੇ ਵੀ ਸ਼ਹਿਰ ਦੀ ਏ. ਕਿਊ. ਆਈ. ਮੱਧਮ ਸ਼੍ਰੇਣੀ ਵਿਚ ਨਹੀਂ ਰਿਹਾ ਸੀ। ਜਦਕਿ ਇਸ ਸਾਲ ਖੰਨਾ ਅਤੇ ਗੋਬਿੰਦਗੜ੍ਹ ਵਿਚ ਏ. ਕਿਊ. ਆਈ. ਮੱਧਮ ਸੀਮਾ ਵਿਚ ਹੀ ਰਿਹਾ ਹੈ। ਇਸ ਸਾਲ ਵੱਡੇ ਛੇ ਸ਼ਹਿਰਾਂ ਵਿਚ ਏ. ਕਿਊ. ਆਈ. 2021 ਵਿਚ 268 (ਖ਼ਰਾਬ) ਅਤੇ 2020 ਵਿਚ 328 (ਬਹੁਤ ਖ਼ਰਾਬ) ਦੇ ਮੁਕਬਲੇ 224 (ਖ਼ਰਾਬ) ਰਿਹਾ। ਇਸ ਸਾਲ ਅੰਮ੍ਰਿਤਸਰ ਵਿਚ 262 ਦੇ ਨਾਲ ਵੱਧ ਤੋਂ ਵੱਧ ਏ. ਕਿਊ. ਆਈ. ਦਰਜ ਹੋਇਆ ਹੈ। 24 ਅਕਤੂਬਰ ਨੂੰ ਸਭ ਤੋਂ ਵੱਧ ਘਟਨਾਵਾਂ (117) ਤਰਤਾਰਨ ਵਿਚ ਦਰਜ ਹੋਈਆਂ ਹਨ। ਹੁਣ ਤੱਕ ਘਟਨਾਵਾਂ ਦੀ ਗਿਣਤੀ 5798 ਹੋ ਗਈ ਹੈ। 25 ਅਕਤੂਬਰ ਨੂੰ ਵੀ ਏ. ਕਿਊ. ਆਈ. ਵਿਚ ਕੋਈ ਜ਼ਿਆਦਾ ਸੁਧਾਰ ਨਹੀਂ ਆਇਆ।
ਮੌਸਮ ਵਿਭਾਗ ਅਨੁਸਾਰ ਜਦੋਂ ਤੱਕ ਬਾਰਿਸ਼ ਨਹੀਂ ਹੁੰਦੀ ਉਦੋਂ ਤੱਕ ਦੂਸ਼ਿਤ ਹੋਈ ਹਵਾ ਵਿਚ ਸੁਧਾਰ ਨਹੀਂ ਆ ਸਕਦਾ। ਫਿਲਹਾਲ ਪਰਾਲੀ ਸਾੜਨ ਦੀਆਂ ਘਟਨਾਵਾਂ ਕਾਰਨ 15 ਨਵੰਬਰ ਤੱਕ ਪ੍ਰਦੂਸ਼ਣ ਤੋਂ ਰਾਹਤ ਮਿਲਦੀ ਦਿਖਾਈ ਨਹੀਂ ਦੇ ਰਹੀ। 224 ਏ. ਕਿਊ. ਆਈ. 200 ਤੋਂ 300 ਤੱਕ ਨੂੰ ਖ਼ਰਾਬ ਮੰਨਿਆ ਜਾਂਦਾ ਹੈ। 224 ਏ. ਕਿਊ. ਆਈ. ਬੱਚਿਆਂ, ਬਜ਼ੁਰਗਾਂ ਅਤੇ ਫੇਫੜਿਆਂ ਦੀਆਂ ਬਿਮਾਰੀਆਂ ਨਾਲ ਪੀੜਤ ਲੋਕਾਂ ਲਈ ਹਾਨੀਕਾਰਕ ਹੁੰਦਾ ਹੈ। ਇਸ ਦੌਰਾਨ ਸਾਹ ਲੈਣ ਵਿਚ ਤਕਲੀਫ ਹੋ ਸਕਦੀ ਹੈ। ਵਿਗਿਆਨੀਆਂ ਅਨੁਸਾਰ ਇਹ ਲੋਕਾਂ ਨੂੰ ਮਾਸਕ ਲਗਾ ਕੇ ਰੱਖਣਾ ਚਾਹੀਦਾ ਹੈ।