ਦੀਵਾਲੀ ਮੌਕੇ ਅੰਮ੍ਰਿਤਸਰ ਦੇ ਚੱਪੇ-ਚੱਪੇ ''ਤੇ ਲੱਗਾ ਪੁਲਸ ਦਾ ਪਹਿਰਾ (ਵੀਡੀਓ)
Tuesday, Nov 06, 2018 - 12:15 PM (IST)
ਅੰਮ੍ਰਿਤਸਰ(ਸੁਮਿਤ)— ਤੁਸੀਂ ਇਹ ਕਥਨ ਸੁਣਿਆ ਹੀ ਹੋਵੇਗਾ ਕਿ 'ਦਾਲ ਰੋਟੀ ਘਰ ਦੀ ਦੀਵਾਲੀ ਅੰਮ੍ਰਿਤਸਰ ਦੀ' ਪਰ ਇਸ ਵਾਰ ਇਹ ਕਥਨ ਦੀਵਾਲੀ ਦੇ ਮੌਕੇ 'ਤੇ ਸੁਰੱਖਿਆ ਦੇ ਪਹਿਰੇ ਵਿਚ ਚੱਲ ਰਿਹਾ ਹੈ। ਦਰਅਸਲ ਪਿਛਲੇ ਕੁਝ ਸਮੇਂ ਤੋਂ ਪਾਕਿਸਤਾਨ ਵਲੋਂ ਕੀਤੀਆਂ ਜਾ ਰਹੀਆਂ ਨਾਪਾਕ ਹਰਕਤਾਂ ਕਾਰਨ ਗੁਰੂ ਨਗਰੀ ਅੰਮ੍ਰਿਤਸਰ ਵਿਚ ਆਉਣ ਵਾਲੇ ਸ਼ਰਧਾਲੂਆਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਅੰਮ੍ਰਿਤਸਰ ਦੇ ਹੈਰੀਟੇਜ਼ ਸਟ੍ਰੀਟ ਵਿਚ ਸਖਤ ਪ੍ਰਬੰਧ ਕੀਤੇ ਗਏ ਹਨ। ਹੈਰੀਟੇਜ਼ ਸਟ੍ਰੀਟ ਅਤੇ ਅੰਮ੍ਰਿਤਸਰ ਦੇ ਆਉਣ-ਜਾਣ ਵਾਲੇ ਸਾਰੇ ਰਸਤਿਆਂ 'ਤੇ ਭਾਰੀ ਪੁਲਸ ਫੋਰਸ ਨੂੰ ਤਾਇਨਾਤ ਕੀਤਾ ਗਿਆ ਹੈ ਅਤੇ ਸ਼ੱਕੀ ਲੋਕਾਂ ਦੀ ਤਲਾਸ਼ੀ ਵੀ ਲਈ ਜਾ ਰਹੀ ਹੈ।
ਤੁਹਾਨੂੰ ਦੱਸ ਦੇਈਏ ਕਿ ਬੀਤੇ ਦਿਨ ਅੰਮ੍ਰਿਤਸਰ ਦੇ ਪੁਲਸ ਕਮਿਸ਼ਨਰ ਨੇ ਹੈਰੀਟੇਜ਼ ਸਟ੍ਰੀਟ ਦਾ ਦੌਰਾ ਕਰਕੇ ਉਨ੍ਹਾਂ ਨੇ ਖੁਦ ਸੁਰੱਖਿਆ ਪਬੰਧਾਂ ਦਾ ਜਾਇਜ਼ਾ ਲਿਆ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਸ਼ਰਧਾਲੂਆਂ ਦੀ ਆਮਦ ਨੂੰ ਦੇਖਦੇ ਹੋਏ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਹਨ ਤਾਂ ਕਿ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ।