ਸਹੁਰਾ ਪਰਿਵਾਰ ਤੋਂ ਪ੍ਰੇਸ਼ਾਨ ਵਿਆਹੁਤਾ ਨੇ ਲਿਆ ਫਾਹ, ਮੌਤ
Wednesday, Nov 18, 2020 - 08:27 PM (IST)
ਸੰਗਤ ਮੰਡੀ, (ਮਨਜੀਤ)- ਬਠਿੰਡਾ-ਡੱਬਵਾਲੀ ਰਾਸ਼ਟਰੀ ਮਾਰਗ ’ਤੇ ਪੈਂਦੇ ਪਿੰਡ ਜੱਸੀ ਬਾਗਵਾਲੀ ਵਿਖੇ ਸਹੁਰਾ ਪਰਿਵਾਰ ਵਲੋਂ ਦਾਜ ਲਈ ਤੰਗ ਪ੍ਰੇਸ਼ਾਨ ਕਰਨ ਦੇ ਕਾਰਨ ਵਿਆਹੁਤਾ ਵਲੋਂ ਫਾਹ ਲਗਾ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਚੌਕੀ ਪਥਰਾਲਾ ਦੇ ਇੰਚਾਰਜ ਸਹਾਇਕ ਥਾਣੇਦਾਰ ਗੁਰਮੇਜ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਮ੍ਰਿਤਕਾ ਪੂਜਾ ਕੌਰ ਦੇ ਭਰਾ ਲਖਵੀਰ ਸਿੰਘ ਪੁੱਤਰ ਭੋਲਾ ਸਿੰਘ ਵਾਸੀ ਭਗਵਾਨਗੜ੍ਹ ਨੇ ਦੱਸਿਆ ਕਿ ਲਗਭਗ 6 ਮਹੀਨੇ ਪਹਿਲਾਂ ਉਸ ਦੀ ਭੈਣ ਦਾ ਜੱਸੀ ਬਾਗਵਾਲੀ ਵਿਖੇ ਕੁਲਦੀਪ ਸਿੰਘ ਨਾਲ ਵਿਆਹ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵਲੋਂ ਆਪਣੀ ਹੈਸੀਅਤ ਮੁਤਾਬਕ ਦਾਜ ਦਾ ਸਾਮਾਨ ਦਿੱਤਾ ਗਿਆ ਸੀ ਪਰ ਸਹੁਰਾ ਪਰਿਵਾਰ ਫਿਰ ਵੀ ਉਸ ਦੀ ਭੈਣ ਨੂੰ ਦਾਜ ਲਈ ਤੰਗ ਪ੍ਰੇਸ਼ਾਨ ਕਰਦਾ ਰਹਿੰਦਾ ਸੀ, ਇਸ ਤੋਂ ਪ੍ਰੇਸ਼ਾਨ ਹੋ ਕੇ ਉਸ ਦੀ ਭੈਣ ਨੇ ਫਾਹ ਲਗਾ ਕੇ ਖੁਦਕੁਸ਼ੀ ਕਰ ਲਈ।
ਪੁਲਸ ਵੱਲੋਂ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਲੜਕੀ ਦੇ ਪਤੀ ਕੁਲਦੀਪ ਸਿੰਘ ਪੁੱਤਰ ਸਤਪਾਲ ਸਿੰਘ, ਸਹੁਰਾ ਸਤਪਾਲ ਸਿੰਘ ਤੇ ਸੱਸ ਵੀਰਪਾਲ ਕੌਰ ਵਾਸੀਆਨ ਜੱਸੀ ਬਾਗਵਾਲੀ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਸ ਵਲੋਂ ਇਸ ਮਾਮਲੇ ’ਚ ਹਾਲੇ ਤੱਕ ਕਿਸੇ ਵੀ ਵਿਅਕਤੀ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ। ਪੁਲਸ ਨੇ ਮ੍ਰਿਤਕਾ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਗਈ ਹੈ।