ਧਾਰਮਿਕ ਅਸਥਾਨਾਂ ਦੇ ਨਜ਼ਦੀਕ ਲੱਗੇ ਕੂਡ਼ੇ ਦੇ ਢੇਰਾਂ ਤੋਂ ਲੋਕ ਪ੍ਰੇਸ਼ਾਨ
Saturday, Jul 21, 2018 - 07:03 AM (IST)

ਕਪੂਰਥਲਾ, (ਗੁਰਵਿੰਦਰ ਕੌਰ)- ਮੁਹੱਲਾ ਰਾਇਕਾਂ ਬੱਕਰਖਾਨਾ ਚੌਕ ਨਜ਼ਦੀਕ ਕੂਡ਼ੇ ਦੇ ਵੱਡੇ-ਵੱਡੇ ਢੇਰ ਲੱਗਣ ਕਾਰਨ ਇਥੋਂ ਦੇ ਨਿਵਾਸੀਆਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਬਰਸਾਤੀ ਮੌਸਮ ਹੋਣ ਕਾਰਨ ਮੁਹੱਲਾ ਨਿਵਾਸੀਆਂ ਦੀਆਂ ਮੁਸ਼ਕਿਲਾਂ ਦਿਨੋ-ਦਿਨ ਵੱਧ ਰਹੀਆਂ ਹਨ ਪਰ ਨਗਰ ਕੌਂਸਲ ਕਪੂਰਥਲਾ ਵੱਲੋਂ ਇਨ੍ਹਾਂ ਕੂਡ਼ੇ ਦੇ ਢੇਰਾਂ ਨੂੰ ਚੁਕਵਾਉਣ ਦੇ ਲਈ ਅਜੇ ਤਕ ਕੋਈ ਉਪਰਾਲਾ ਨਹੀਂ ਕੀਤਾ ਗਿਆ।
ਮੁਹੱਲਾ ਨਿਵਾਸੀ ਪ੍ਰੋ. ਸੁਖਵਿੰਦਰ ਸਿੰਘ ਸਾਗਰ, ਭਗਵਾਨ ਸਿੰਘ, ਰਾਕੇਸ਼ ਕੁਮਾਰ ਨਾਹਰ, ਸੋਨੂੰ ਆਨੰਦ, ਜੱਗੋ ਰਾਏ, ਗੋਲਾਂ, ਬਿੱਟੂ ਕਲਿਆਣ ਆਦਿ ਨੇ ਦਸਿਆ ਕਿ ਇਸ ਇਲਾਕੇ ’ਚ ਇਕ ਗੁਰਦੁਆਰਾ ਸਾਹਿਬ, ਭਗਵਾਨ ਵਾਲਮੀਕਿ ਮੰਦਰ ਤੇ ਪੀਰ ਬਾਬਾ ਦੇ ਦਰਗਾਹ ਸਥਿਤ ਹੈ, ਜਿਸਦੇ ਨਜ਼ਦੀਕ ਕੂਡ਼ੇ ਦੇ ਢੇਰ ਲੱਗਣ ਕਾਰਨ ਜਿਥੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ ਉਥੇ ਹੀ ਰੋਜ਼ਾਨਾ ਇਨ੍ਹਾਂ ਧਾਰਮਿਕ ਅਸਥਾਨਾਂ ’ਤੇ ਮੱਥਾ ਟੇਕਣ ਆਉਂਦੇ ਸ਼ਰਧਾਲੂਆਂ ਨੂੰ ਗੰਦਗੀ ’ਚੋਂ ਹੋ ਕੇ ਲੰਘਣਾ ਪੈਂਦਾ ਹੈ।
ਉਨ੍ਹਾਂ ਨੇ ਮੰਗ ਕਰਦਿਆਂ ਕਿਹਾ ਕਿ ਲੋਕਾਂ ਦੀ ਸ਼ਰਧਾ ਤੇ ਬਰਸਾਤੀ ਮੌਸਮ ਦੇ ਮੱਦੇਨਜ਼ਰ ਧਾਰਮਿਕ ਸਥਾਨਾਂ ਦੇ ਨਜ਼ਦੀਕ ਲੱਗੇ ਇਹ ਕੂਡ਼ੇ ਦੇ ਢੇਰ ਜਿਥੇ ਜਲਦ ਸਾਫ ਕਰਵਾਏ ਜਾਣ, ਉਥੇ ਹੀ ਕੂਡ਼ੇ ਦਾ ਡੰਪ ਕਿਸੇ ਹੋਰ ਸਥਾਨ ’ਤੇ ਸ਼ਿਫਟ ਕੀਤਾ ਜਾਵੇ ਤਾਂ ਜੋ ਲੋਕਾਂ ਦੀਆਂ ਭਾਵਨਾਵਾਂ ਨੂੰ ਕੋਈ ਠੇਸ ਨਾ ਪਹੁੰਚੇ।