ਜ਼ਿਲ੍ਹਾ ਸੰਗਰੂਰ ਹੋਇਆ 'ਕੋਰੋਨਾ' ਮੁਕਤ, ਆਖਰੀ ਮਰੀਜ਼ ਦੀ ਰਿਪੋਰਟ ਆਈ ਨੈਗੇਟਿਵ
Thursday, May 21, 2020 - 05:05 PM (IST)
ਸੰਗਰੂਰ/ਅਹਿਮਦਗੜ੍ਹ (ਸਿੰਗਲਾ, ਪੁਰੀ, ਇਰਫਾਨ) : ਡਿਪਟੀ ਕਮਿਸ਼ਨਰ ਸੰਗਰੂਰ ਘਣਸ਼ਿਆਮ ਥੋਰੀ ਦੀ ਅਗਵਾਈ ਹੇਠ ਜ਼ਿਲ੍ਹਾ ਸੰਗਰੂਰ 'ਚ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਕੀਤੀ ਸਖਤ ਮਿਹਨਤ ਸਦਕਾ ਅੱਜ ਜ਼ਿਲ੍ਹਾ ਪੂਰਨ ਤੌਰ 'ਤੇ 'ਕੋਰੋਨਾ' ਮੁਕਤ ਹੋ ਗਿਆ ਹੈ। ਸਰਕਾਰੀ ਹਸਪਤਾਲ ਅਹਿਮਦਗੜ•ਵਿਖੇ ਆਖਰੀ ਮਰੀਜ਼ ਦਾ ਕੋਰੋਨਾ ਟੈਸਟ ਨੈਗਟਿਵ ਆ ਜਾਣ ਤੋਂ ਬਾਅਦ ਡਾਕਟਰਾਂ ਦੀ ਟੀਮ ਵੱਲੋਂ ਪਿੰਡ ਰੋਹੀੜਾ ਦੀ ਔਰਤ ਨੂੰ ਹਸਪਤਾਲ ਤੋਂ ਘਰ ਲਈ ਰਵਾਨਾ ਕਰ ਦਿੱਤਾ ਹੈ। ਇਹ ਔਰਤ 6 ਮਈ ਤੋਂ ਇੱਥੇ ਦਾਖਲ ਸੀ ਅਤੇ ਹੁਣ ਇਸ ਨੂੰ ਹਸਪਤਾਲ ਦੇ ਸਟਾਫ ਵੱਲੋਂ ਫੁੱਲਾਂ ਦਾ ਗੁਲਦਸਤਾ ਅਤੇ ਸਨਮਾਨ ਚਿੰਨ੍ਹ ਭੇਂਟ ਕਰਦੇ ਹੋਏ ਸਨਮਾਨਤ ਵੀ ਕੀਤਾ ਗਿਆ ਹੈ।
ਇਹ ਵੀ ਪੜ੍ਹੋ ► ਵੱਡੀ ਖਬਰ : ਮੋਹਾਲੀ ਜ਼ਿਲਾ ਹੋਇਆ 'ਕੋਰੋਨਾ ਮੁਕਤ', ਠੀਕ ਹੋ ਕੇ ਘਰਾਂ ਨੂੰ ਪਰਤੇ ਮਰੀਜ਼
ਇੱਥੇ ਇਹ ਗੱਲ ਵੀ ਜ਼ਿਕਰਯੋਗ ਹੈ ਕਿ ਕੋਵਿਡ ਕੇਅਰ ਸੈਂਟਰਾਂ ਤੋਂ ਜ਼ਿਲ੍ਹੇ ਦੇ 51 ਨਾਗਰਿਕਾਂ ਦੇ ਤੰਦਰੁਸਤ ਹੋ ਕੇ ਘਰਾਂ 'ਚ ਪਰਤਣ ਤੋਂ ਬਾਅਦ ਅੱਜ ਸੰਗਰੂਰ ਵਾਸੀਆਂ ਲਈ ਇੱਕ ਵੱਡੀ ਰਾਹਤ ਵਾਲੀ ਖ਼ਬਰ ਹੈ ਕਿ ਜ਼ਿਲ੍ਹਾ ਸੰਗਰੂਰ ਦਾ ਇੱਕ ਕੇਸ ਹੀ ਕੋਰੋਨਾ ਨੈਗਟਿਵ ਹੋ ਜਾਣ ਨਾਲ ਹੁਣ ਜ਼ਿਲ੍ਹਾ 'ਕੋਰੋਨਾ' ਮੁਕਤ ਹੋ ਚੁੱਕਿਆ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਘਣਸ਼ਿਆਮ ਥੋਰੀ ਨੇ ਦੱਸਿਆ ਕਿ ਸਾਡੇ ਕੋਵਿਡ ਯੋਧਿਆਂ ਨੇ ਦਿਨ ਰਾਤ ਅਣਥੱਕ ਕੋਸ਼ਿਸ਼ਾਂ ਕੀਤੀਆਂ ਹਨ ਅਤੇ ਇਨ੍ਹਾਂ ਕੋਸ਼ਿਸ਼ਾਂ ਦੇ ਸਦਕਾ ਇਹ ਮਰੀਜ਼ ਇਸ ਨਾਮੁਰਾਦ ਬੀਮਾਰੀ ਤੋਂ ਮੁਕਤ ਹੋ ਗਏ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਸੰਗਰੂਰ ਤੋਂ ਹੁਣ ਤੱਕ 91 ਮਰੀਜ਼ ਠੀਕ ਹੋ ਕੇ ਘਰਾਂ ਨੂੰ ਚਲੇ ਗਏ ਹਨ। ਥੋਰੀ ਨੇ ਦੱਸਿਆ ਕਿ ਪਿਛਲੇ ਦੋ ਹਫਤਿਆਂ ਦੌਰਾਨ 900 ਤੋਂ ਵਧੇਰੇ ਸੈਂਪਲਾਂ ਦੀ ਰਿਪੋਰਟ ਨੈਗਟਿਵ ਆਈ ਹੈ ਅਤੇ ਕੋਈ ਵੀ ਨਵਾਂ ਪਾਜ਼ੇਟਿਵ ਕੇਸ ਸਾਹਮਣੇ ਨਹੀਂ ਆਇਆ। ਹੁਣ ਤੱਕ ਠੀਕ ਹੋਏ ਲੋਕਾਂ ਨੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਹੈ ਕਿ ਉਹ ਭਵਿੱਖ ਵਿਚ ਵੀ ਸਰਕਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦੇ ਰਹਿਣਗੇ।
ਇਹ ਵੀ ਪੜ੍ਹੋ ► ਦੁਖਦ ਖਬਰ : ਪੰਜਾਬ 'ਚ ਢਾਈ ਮਹੀਨਿਆਂ ਦੇ ਬੱਚੇ ਦੀ 'ਕੋਰੋਨਾ' ਕਾਰਨ ਮੌਤ