ਜੇਲ 'ਚ ਬੰਦ ਕੈਦੀ ਨੇ ਲਿਆ ਫਾਹਾ, ਸੁਸਾਇਡ ਨੋਟ ਨੇ ਕੀਤੇ ਅਹਿਮ ਖੁਲਾਸੇ
Monday, Jul 15, 2019 - 10:00 AM (IST)

ਸ੍ਰੀ ਮੁਕਤਸਰ ਸਾਹਿਬ (ਤਰਸੇਮ ਢੁੱਡੀ) - ਸ੍ਰੀ ਮੁਕਤਸਰ ਸਾਹਿਬ ਦੇ ਜ਼ਿਲਾ ਸੁਧਾਰ ਘਰ 'ਚ ਇਕ ਕੈਦੀ ਵਲੋਂ ਫਾਹਾ ਲਗਾ ਕੇ ਖੁਦਕੁਸ਼ੀ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਮਾਸਟਰ ਤਰਲੋਚਨ ਸਿੰਘ ਤੋਂ ਹੋਈ ਹੈ, ਜੋ ਜਬਰ-ਜ਼ਨਾਹ ਦੇ ਮਾਮਲੇ 'ਚ ਜੇਲ 'ਚ ਹਵਾਲਾਤੀ ਦੇ ਤੌਰ 'ਤੇ ਬੰਦ ਸੀ। ਘਟਨਾ ਦੀ ਜਾਣਕਾਰੀ ਦਿੰਦਿਆਂ ਜੇਲ ਸੁਪਰਡੈਂਟ ਸ਼ਿਵਰਾਜ ਸਿੰਘ ਨੰਦਗੜ੍ਹ ਨੇ ਦੱਸਿਆ ਕਿ ਉਨ੍ਹਾਂ ਅੱਜ ਸਵੇਰੇ ਹੀ ਜੇਲ 'ਚ ਹਵਾਲਾਤੀ ਵਲੋਂ ਖੁਦਕੁਸ਼ੀ ਕਰਨ ਦੀ ਸੂਚਨਾ ਮਿਲੀ। ਉਕਤ ਕੈਦੀ ਪੇਸ਼ੇ ਵਜੋਂ ਅਧਿਆਪਕ ਸੀ ਅਤੇ ਉਹ ਜੇਲ 'ਚ ਵੀ ਕੈਦੀਆਂ ਨੂੰ ਪੜ੍ਹਾਉਣ ਦਾ ਕੰਮ ਕਰਦਾ ਸੀ। ਉਨ੍ਹਾਂ ਦੱਸਿਆ ਕਿ ਅੱਜ ਉਹ ਕਲਾਸ ਰੂਮ 'ਚ 10 ਮਿੰਟ ਪਹਿਲਾਂ ਆ ਗਿਆ ਅਤੇ ਉਸ ਨੇ ਆਪਣੇ ਪਰਨੇ ਨੂੰ ਜੰਗਲੇ ਨਾਲ ਬੰਨ ਕੇ ਉਸ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ।
ਜੇਲ ਸੁਪਰਡੈਂਟ ਨੇ ਦੱਸਿਆ ਕਿ ਲਾਸ਼ ਨੂੰ ਕਬਜ਼ੇ 'ਚ ਲੈਣ 'ਤੇ ਉਸ ਦੀ ਜੇਬ 'ਚੋਂ ਇਕ ਖੁਦਕੁਸ਼ੀ ਨੋਟ ਵੀ ਮਿਲਿਆ, ਜਿਸ 'ਚ ਉਸ ਨੇ ਲਿਖਿਆ ਕਿ ਉਸ ਨੂੰ ਜੇਲ ਪ੍ਰਬੰਧਾਂ ਅਤੇ ਪੁਲਸ ਤੋਂ ਕੋਈ ਪ੍ਰੇਸ਼ਾਨੀ ਨਹੀਂ ਸੀ ਪਰ ਉਹ ਜਬਰ-ਜ਼ਨਾਹ ਦੇ ਲੱਗੇ ਦੋਸ਼ਾਂ ਤੋਂ ਬੇਹੱਦ ਪ੍ਰੇਸ਼ਾਨ ਹੈ। ਦੂਜੇ ਪਾਸੇ ਤਰਲੋਚਨ ਸਿੰਘ ਦੇ ਪਰਿਵਾਰ ਦਾ ਕਹਿਣਾ ਹੈ ਕਿ ਇਕ ਪਰਿਵਾਰ ਨੇ ਪੈਸਿਆਂ ਦੀ ਖਾਤਰ ਤਰਲੋਚਨ ਨੂੰ ਝੂਠੇ ਰੇਪ ਕੇਸ 'ਚ ਫਸਾਇਆ ਸੀ, ਜੋ ਉਸ ਤੋਂ 50 ਲੱਖ ਰੁਪਏ ਦੀ ਮੰਗ ਕਰ ਰਿਹਾ ਸੀ, ਜਿਸ ਨੂੰ ਦੇਣ 'ਚ ਤਰਲੋਚਨ ਸਿੰਘ ਅਸਮਰੱਥ ਸਨ। ਤਰਲੋਚਨ 'ਤੇ ਲੱਗੇ ਦੋਸ਼ ਸਹੀ ਨੇ ਜਾਂ ਗਲਤ, ਇਸ ਗੱਲ ਦਾ ਖੁਲਾਸਾ ਪੁਲਸ ਜਾਂਚ ਤੋਂ ਬਾਅਦ ਹੀ ਹੋਵੇਗਾ। ਫਿਲਹਾਲ ਪਰਿਵਾਰ ਨੇ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਵਾਉਣ ਦੀ ਅਪੀਲ ਕੀਤੀ ਹੈ। ਪੁਲਸ ਨੇ ਲਾਸ਼ ਨੂੰ ਸਿਵਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਵਿਖੇ ਪੋਸਟਮਾਰਟਮ ਲਈ ਭੇਜ ਦਿੱਤਾ।