ਹੁਸ਼ਿਆਰਪੁਰ ਦੇ ਜ਼ਿਲਾ ਪ੍ਰਬੰਧਕੀ ਕੰਪਲੈਕਸ ''ਚੋਂ 2 ਵਿਚਾਰ ਅਧੀਨ ਕੈਦੀ ਫਰਾਰ

Sunday, Apr 08, 2018 - 11:43 AM (IST)

ਹੁਸ਼ਿਆਰਪੁਰ ਦੇ ਜ਼ਿਲਾ ਪ੍ਰਬੰਧਕੀ ਕੰਪਲੈਕਸ ''ਚੋਂ 2 ਵਿਚਾਰ ਅਧੀਨ ਕੈਦੀ ਫਰਾਰ

ਹੁਸ਼ਿਆਰਪੁਰ (ਅਮਰਿੰਦਰ)— ਜ਼ਿਲਾ ਪ੍ਰਬੰਧਕੀ ਕੰਪਲੈਕਸ 'ਚ ਸ਼ਨੀਵਾਰ ਉਸ ਸਮੇਂ ਭਾਜੜ ਮਚ ਗਈ, ਜਦੋਂ ਪੁਲਸ ਨੂੰ ਝਕਾਨੀ ਦੇ ਕੇ 2 ਵਿਚਾਰ-ਅਧੀਨ ਕੈਦੀ ਪੈਦਲ ਹੀ ਮੌਕੇ ਤੋਂ ਫਰਾਰ ਹੋ ਗਏ। ਪੁਲਸ ਤੁਰੰਤ ਫਰਾਰ ਕੈਦੀਆਂ ਦੀ ਭਾਲ 'ਚ ਲੱਗ ਗਈ। ਸ਼ਾਮ 4 ਵਜੇ ਦੇ ਕਰੀਬ ਫਰਾਰ ਇਕ ਕੈਦੀ ਗੁਰਤੇਜ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਨੈਣੋਵਾਲ ਵੈਦ ਨੂੰ ਬੂਲਾਂਵਾੜੀ ਚੌਕ ਕੋਲੋਂ ਗ੍ਰਿਫਤਾਰ ਕਰ ਲਿਆ ਗਿਆ ਪਰ ਦੂਜਾ ਕੈਦੀ ਮੇਜਰ ਸਿੰਘ ਪੁੱਤਰ ਸੰਤ ਰਾਮ ਵਾਸੀ ਦੇਣੋਵਾਲ ਖੁਰਦ ਖਬਰ ਲਿਖੇ ਜਾਣ ਤੱਕ ਕਾਬੂ ਨਹੀਂ ਸੀ ਆਇਆ। ਪੁਲਸ ਨੇ ਦੋਵਾਂ ਕੈਦੀਆਂ ਖਿਲਾਫ ਥਾਣਾ ਸਦਰ 'ਚ ਇਕ ਹੋਰ ਮਾਮਲਾ ਦਰਜ ਕਰ ਲਿਆ ਹੈ। 
ਪ੍ਰਾਪਤ ਜਾਣਕਾਰੀ ਅਨੁਸਾਰ ਸੈਂਟਰਲ ਜੇਲ ਹੁਸ਼ਿਆਰਪੁਰ ਤੋਂ ਸੁਰੱਖਿਆ ਗਾਰਦ ਨਾਲ ਦੋਵਾਂ ਵਿਚਾਰ ਅਧੀਨ ਕੈਦੀਆਂ ਨੂੰ ਵਧੀਕ ਜ਼ਿਲਾ ਅਤੇ ਸੈਸ਼ਨ ਜੱਜ ਆਰ. ਕੇ. ਜੈਨ ਦੀ ਅਦਾਲਤ 'ਚ ਪੇਸ਼ੀ ਲਈ ਲਿਜਾਇਆ ਗਿਆ ਸੀ। ਮਾਣਯੋਗ ਜੱਜ ਸ਼੍ਰੀ ਜੈਨ ਦੇ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਵੀਡੀਓ ਕਾਨਫਰੰਸਿੰਗ 'ਚ ਰੁੱਝੇ ਹੋਣ ਕਾਰਨ ਪੁਲਸ ਦੁਪਹਿਰ ਬਾਅਦ ਦੋਵਾਂ ਕੈਦੀਆਂ ਨੂੰ ਉਥੇ ਲੈ ਗਈ। ਸੁਰੱਖਿਆ ਗਾਰਦ ਨੇ ਜਿਉਂ ਹੀ ਉਨ੍ਹਾਂ ਦੀਆਂ ਹੱਥਕੜੀ ਖੋਲ੍ਹੀਆਂ ਉਹ ਮੌਕਾ ਦੇਖ ਕੇ ਛਾਲਾਂ ਮਾਰ ਕੇ ਫਰਾਰ ਹੋ ਗਏ। 
ਦੋਸ਼ੀਆਂ 'ਤੇ ਲੁੱਟਖੋਹ ਅਤੇ ਸਮੱਗਲਿੰਗ ਦੇ ਮਾਮਲੇ ਹਨ ਦਰਜ: ਸੈਂਟਰਲ ਜੇਲ ਅਤੇ ਪੁਲਸ ਅਧਿਕਾਰੀਆਂ ਕੋਲੋਂ ਮਿਲੀ ਜਾਣਕਾਰੀ ਅਨੁਸਾਰ ਗੁਰਤੇਜ ਸਿੰਘ ਪੁੱਤਰ ਸੁਖਦੇਵ ਸਿੰਘ ਖਿਲਾਫ਼ ਗੜ੍ਹਦੀਵਾਲਾ ਪੁਲਸ ਨੇ ਲੁੱਟਖੋਹ ਦੇ ਮਾਮਲੇ 'ਚ 30 ਨਵੰਬਰ 2017 ਨੂੰ ਕੇਸ ਦਰਜ ਕੀਤਾ ਸੀ। ਇਸ ਸਮੇਂ ਉਹ ਨਿਆਇਕ ਹਿਰਾਸਤ ਤਹਿਤ ਸੈਂਟਰਲ ਜੇਲ 'ਚ ਬੰਦ ਸੀ। ਇਸੇ ਤਰ੍ਹਾਂ ਮੇਜਰ ਸਿੰਘ ਪੁੱਤਰ ਸੰਤ ਰਾਮ ਖਿਲਾਫ ਗੜ੍ਹਸ਼ੰਕਰ ਪੁਲਸ ਨੇ ਸਮੱਗਲਿੰਗ ਦੇ ਦੋਸ਼ 'ਚ ਇਸੇ ਸਾਲ 3 ਮਾਰਚ ਨੂੰ ਕੇਸ ਦਰਜ ਕੀਤਾ ਸੀ ਅਤੇ 4 ਮਾਰਚ ਨੂੰ ਉਸ ਨੂੰ ਸੈਂਟਰਲ ਜੇਲ ਲਿਆਂਦਾ ਗਿਆ ਸੀ। 

PunjabKesari
ਕੀ ਕਹਿੰਦੇ ਹਨ ਡੀ. ਐੱਸ. ਪੀ: ਡੀ. ਐੱਸ. ਪੀ. (ਸਿਟੀ) ਸੁਖਵਿੰਦਰ ਸਿੰਘ ਨੇ ਕਿਹਾ ਕਿ ਪੁਲਸ ਨੇ ਫੌਰੀ ਕਾਰਵਾਈ ਕਰਦਿਆਂ ਫਰਾਰ ਹੋਏ ਇਕ ਵਿਚਾਰ-ਅਧੀਨ ਕੈਦੀ ਗੁਰਤੇਜ ਸਿੰਘ ਨੂੰ ਕਾਬੂ ਕਰ ਲਿਆ ਹੈ ਅਤੇ ਦੂਜੇ ਦੋਸ਼ੀ ਮੇਜਰ ਸਿੰਘ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਸ ਉਸ ਨੂੰ ਵੀ ਜਲਦ ਗ੍ਰਿਫਤਾਰ ਕਰ ਲਵੇਗੀ।


Related News