14 ਬੂਥ ਅਲਾਟੀ ਮ੍ਰਿਤਕ, 15 ਰੱਦ, 4 ਖਾਲੀ ਤੇ ਇਕ ਕੋਰਟ ਕੇਸ, ਫਿਰ ਵੀ ਪ੍ਰਸ਼ਾਸਨ ਦੇ ਨੱਕ ਹੇਠਾਂ ਬੂਥਾਂ ''ਤੇ ਕਾਰੋਬਾਰ ਲਗਾਤਾਰ ਜਾਰੀ

07/20/2017 6:31:26 AM

ਜਲੰਧਰ(ਅਮਿਤ)—ਡੀ. ਏ. ਸੀ. ਦੇ ਅੰਦਰ ਬਣੇ ਬੂਥਾਂ ਵਿਚ ਆਪਣਾ ਕਾਰੋਬਾਰ ਕਰਨ ਵਾਲੇ ਲੱਗਭਗ 219 ਬੂਥ ਹੋਲਡਰ, ਜਿਨ੍ਹਾਂ ਵਿਚ ਵਸੀਕਾ ਨਵੀਸ, ਟਾਈਪਿਸਟ, ਫੋਟੋ ਸਟੇਟ ਮਸ਼ੀਨ, ਕੰਪਿਊਟਰ ਟਾਈਪਿੰਗ, ਐੱਸ. ਟੀ. ਡੀ.-ਪੀ. ਸੀ. ਓ., ਅਸ਼ਟਾਮਫਰੋਸ਼ ਆਦਿ ਸ਼ਾਮਲ ਹਨ, ਦੇ ਢੰਗ ਨਿਰਾਲੇ ਹਨ ਕਿਉਂਕਿ ਡੀ. ਏ. ਸੀ. ਦੇ ਅੰਦਰ ਲੱਗਭਗ 34 ਬੂਥ ਅਜਿਹੇ ਹਨ, ਜਿਨ੍ਹਾਂ ਦੇ ਅਲਾਟੀਆਂ ਦੀ ਕਾਫੀ ਸਮਾਂ ਪਹਿਲਾਂ ਮੌਤ ਹੋ ਚੁੱਕੀ ਹੈ ਜਾਂ ਪ੍ਰਸ਼ਾਸਨ ਵਲੋਂ ਉਨ੍ਹਾਂ ਬੂਥਾਂ ਨੂੰ ਰੱਦ ਕੀਤਾ ਜਾ ਚੁੱਕਾ ਹੈ ਜਾਂ ਪਹਿਲਾਂ ਤੋਂ ਹੀ ਖਾਲੀ ਪਿਆ ਹੋਇਆ ਹੈ ਜਾਂ ਕਿਸੇ ਬੂਥ ਦਾ ਕੋਰਟ ਕੇਸ ਚੱਲ ਰਿਹਾ ਹੈ ਪਰ ਇਸ ਪੂਰੇ ਮਾਮਲੇ ਵਿਚ ਸਭ ਤੋਂ ਵੱਧ ਹੈਰਾਨ ਕਰਨ ਵਾਲੀ ਜੋ ਗੱਲ ਸਾਹਮਣੇ ਆਉਂਦੀ ਹੈ, ਉਹ ਇਹ ਹੈ ਕਿ ਇਨ੍ਹਾਂ ਸਾਰੇ 34 ਬੂਥਾਂ 'ਤੇ ਕਾਰੋਬਾਰ ਜਾਰੀ ਹੈ ਤੇ ਕਿਸੇ ਵੀ ਅਧਿਕਾਰੀ ਨੂੰ ਇਸ ਦੀ ਕੰਨੋ-ਕੰਨ ਖਬਰ ਤੱਕ ਨਹੀਂ ਹੈ। ਸੋਚਣ ਵਾਲੀ ਗੱਲ ਇਹ ਹੈ ਕਿ ਜਿਸ ਬੂਥ ਦੇ ਅਲਾਟੀ ਦੀ ਮੌਤ ਹੋ ਚੁੱਕੀ ਹੈ, ਉਸ ਬੂਥ ਵਿਚ ਮ੍ਰਿਤਕ ਵਿਅਕਤੀ ਦੀ ਆਤਮਾ ਤਾਂ ਕੰਮ ਨਹੀਂ ਕਰ ਸਕਦੀ, ਇਸ ਲਈ ਇਹ ਸਾਫ ਹੈ ਕਿ ਉਥੇ ਉਸ ਦੀ ਥਾਂ ਕੋਈ ਹੋਰ ਵਿਅਕਤੀ ਗੈਰ-ਕਾਨੂੰਨੀ ਢੰਗ ਨਾਲ ਕਬਜ਼ਾ ਜਮਾਈ ਬੈਠਾ ਹੈ ਤੇ ਲਗਾਤਾਰ ਪ੍ਰਸ਼ਾਸਨ ਦੇ ਨੱਕ ਹੇਠਾਂ ਆਪਣਾ ਕਾਰੋਬਾਰ ਕਰ ਰਿਹਾ ਹੈ। ਇੰਨਾ ਹੀ ਨਹੀਂ, ਕੁਝ ਬੂਥ ਹੋਲਡਰਾਂ ਦੇ ਬੂਥ ਪ੍ਰਸ਼ਾਸਨ ਵਲੋਂ ਰੱਦ ਕਰ ਦੇਣ ਤੋਂ ਬਾਅਦ ਵੀ ਉਹ ਕੋਈ ਨਾ ਕੋਈ ਜੁਗਾੜ ਲਾ ਕੇ ਆਪਣਾ ਕਾਰੋਬਾਰ ਚਲਾ ਰਹੇ ਹਨ ਤੇ ਪ੍ਰਸ਼ਾਸਨ ਇਸ ਵਲ ਧਿਆਨ ਹੀ ਨਹੀਂ ਦੇ ਰਿਹਾ।  ਕੁਝ ਬੂਥ ਹੋਲਡਰ ਇੰਨੇ ਸ਼ਾਤਿਰ ਹਨ ਕਿ ਉਨ੍ਹਾਂ ਨੇ ਆਪਣੇ ਬੂਥ ਦੇ ਨਾਲ ਵਾਲੇ ਖਾਲੀ ਪਏ ਬੂਥ ਨੂੰ ਬੜੀ ਚਲਾਕੀ ਨਾਲ ਆਪਣੇ ਬੂਥ ਨਾਲ ਮਿਲਾ ਲਿਆ ਹੈ ਤੇ ਇਕ ਬੂਥ ਦੇ ਕਿਰਾਏ ਵਿਚ ਦੋ ਬੂਥ ਚਲਾ ਕੇ ਪ੍ਰਸ਼ਾਸਨ ਨੂੰ ਧੋਖਾ ਦੇਣ ਦਾ ਕੰਮ ਕਰ ਰਹੇ ਹਨ। ਇਸ ਤੋਂ ਇਲਾਵਾ ਕੁਝ ਬੂਥਾਂ ਵਾਲਿਆਂ ਵਲੋਂ ਆਪਣੇ ਬੂਥਾਂ 'ਤੇ ਨਾਜਾਇਜ਼ ਟੇਬਲ ਲਗਾ ਕੇ ਗੈਰ-ਕਾਨੂੰਨੀ ਢੰਗ ਨਾਲ ਕਿਰਾਇਆ ਵਸੂਲਣ ਦਾ ਕੰਮ ਵੀ ਜਾਰੀ ਹੈ। 
ਤਹਿਸੀਲਦਾਰ ਦਫਤਰ ਨੇ ਨਹੀਂ ਦਿੱਤਾ ਧਿਆਨ, ਲੱਖਾਂ ਰੁਪਏ ਦਾ ਕਿਰਾਇਆ ਪਿਆ ਬਕਾਇਆ
ਇਨ੍ਹਾਂ ਵਲ ਜ਼ਿਲਾ ਪ੍ਰਸ਼ਾਸਨ ਦਾ ਲੱਖਾਂ ਰੁਪਏ ਬਕਾਇਆ ਹੈ ਤੇ ਉਕਤ ਸਾਰੇ ਬੂਥ ਹੋਲਡਰ ਮੌਜੂਦਾ ਸਮੇਂ ਪ੍ਰਸ਼ਾਸਨ ਦੇ ਡਿਫਾਲਟਰ ਬਣ ਚੁੱਕੇ ਹਨ। ਇਸ ਕਿਰਾਏ ਦੀ ਵਸੂਲੀ ਨੂੰ ਲੈ ਕੇ ਡੀ. ਸੀ. ਦੇ ਹੁਕਮ ਅਨੁਸਾਰ ਸਹਾਇਕ ਕਮਿਸ਼ਨਰ (ਜਨਰਲ) ਅੰਕੁਰ ਮਹਿੰਦਰੂ ਵਲੋਂ ਤਹਿਸੀਲਦਾਰ-1 ਨੂੰ ਇਕ ਪੱਤਰ ਜਾਰੀ ਕੀਤਾ ਗਿਆ ਸੀ, ਜਿਸ ਵਿਚ ਸਾਫ ਕੀਤਾ ਗਿਆ ਸੀ ਕਿ ਉਕਤ ਬੂਥ ਹੋਲਡਰਾਂ ਨੂੰ ਆਪਣਾ-ਆਪਣਾ ਬਕਾਇਆ ਜਮ੍ਹਾ ਕਰਵਾਉਣ ਸਬੰਧੀ ਪ੍ਰਸ਼ਾਸਨ ਵਲੋਂ ਕਈ ਵਾਰ ਨੋਟਿਸ ਜਾਰੀ ਕੀਤੇ ਜਾ ਚੁੱਕੇ ਹਨ ਪਰ ਉਨ੍ਹਾਂ ਵਲੋਂ ਅੱਜ ਤੱਕ ਕਿਰਾਇਆ ਜਮ੍ਹਾ ਨਹੀਂ ਕਰਵਾਇਆ ਗਿਆ। ਇਸ ਲਈ ਤਹਿਸੀਲਦਾਰ ਇਸ ਗੱਲ ਨੂੰ ਯਕੀਨੀ ਬਣਾਉਣ ਕਿ ਇਹ ਸਾਰੇ ਬੂਥ ਹੋਲਡਰ ਆਪਣਾ-ਆਪਣਾ ਬਕਾਇਆ ਜ਼ਿਲਾ ਨਾਜਰ ਦੇ ਕੋਲ ਆਪਣੇ ਇਕ ਤਸਦੀਕਸ਼ੁਦਾ ਆਈ. ਡੀ. ਪਰੂਫ ਨਾਲ ਜਮ੍ਹਾ ਕਰਵਾਉਣ ਤੇ ਜੇਕਰ ਕੋਈ ਬੂਥ ਹੋਲਡਰ ਕਿਰਾਇਆ ਜਮ੍ਹਾ ਨਹੀਂ ਕਰਵਾਉਂਦਾ ਤੇ ਉਸ ਦੇ ਬੂਥ ਦੀ ਅਲਾਟਮੈਂਟ ਰੱਦ ਕਰਨ ਦੀ ਕਾਰਵਾਈ ਕੀਤੀ ਜਾਵੇ ਪਰ ਤਹਿਸੀਲਦਾਰ ਦਫਤਰ ਵਲੋਂ ਇਸ ਵਲ ਕੋਈ ਖਾਸ ਧਿਆਨ ਨਹੀਂ ਦਿੱਤਾ ਗਿਆ, ਜਿਸ ਕਾਰਨ ਬੂਥ ਹੋਲਡਰਾਂ ਵਲੋਂ ਲੱਖਾਂ ਰੁਪਏ ਦਾ ਕਿਰਾਇਆ ਬਕਾਇਆ ਪਿਆ ਹੈ।
ਕਈ ਬੂਥਾਂ ਨੂੰ ਕੀਤਾ ਹੈ ਸਬਲੈਟ, ਅਲਾਟੀ ਵਸੂਲ ਰਹੇ ਹਨ ਨਾਜਾਇਜ਼ ਕਿਰਾਇਆ
ਤਹਿਸੀਲ ਸੂਤਰਾਂ ਦੀ ਮੰਨੀਏ ਤਾਂ ਮੌਜੂਦਾ ਸਮੇਂ ਅੰਦਰ ਡੀ. ਏ. ਸੀ. ਬਣੇ ਬੂਥਾਂ ਵਿਚੋਂ ਕਈ ਬੂਥ ਅੱਗੇ ਕਿਸੇ ਹੋਰ ਨੂੰ ਸਬਲੈਟ ਕੀਤੇ ਹੋਏ ਹਨ ਤੇ ਜਿਨ੍ਹਾਂ ਵਿਅਕਤੀਆਂ ਨੂੰ ਬੂਥ ਅਲਾਟ ਕੀਤੇ ਗਏ ਸਨ, ਉਹ ਹਜ਼ਾਰਾਂ ਰੁਪਏ ਮਹੀਨਾ ਕਿਰਾਇਆ ਵਸੂਲ ਕਰ ਰਹੇ ਹਨ।  ਪੱਤਰ ਵਿਚ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਹੈ ਕਿ ਕਰਮਚਾਰੀਆਂ ਵਲੋਂ ਉਕਤ ਬੂਥਾਂ 'ਤੇ ਕਈ ਵਾਰ ਜਾਣ ਦੇ ਬਾਵਜੂਦ ਵੀ ਉਕਤ ਲੋਕ ਆਪਣੇ-ਆਪਣੇ ਬੂਥਾਂ 'ਤੇ ਮਿਲਦੇ ਹੀ ਨਹੀਂ ਹਨ।
ਨਾ ਤਾਂ ਬੂਥ ਨੂੰ ਕਰ ਸਕਦੇ ਹਨ ਸਬਲੈਟ, ਨਾ ਹੀ ਹੋ ਸਕਦਾ ਹੈ ਟਰਾਂਸਫਰ
ਜ਼ਿਲਾ ਪ੍ਰਸ਼ਾਸਨ ਵਲੋਂ ਜਾਰੀ ਕਿਸੇ ਵੀ ਬੂਥ ਨੂੰ ਕਾਨੂੰਨੀ ਤੌਰ 'ਤੇ ਨਾ ਤਾਂ ਕਿਸੇ ਹੋਰ ਵਿਅਕਤੀ ਨੂੰ ਸਬਲੈਟ ਕੀਤਾ ਜਾ ਸਕਦਾ ਹੈ ਤੇ ਨਾ ਹੀ ਕਿਸੇ ਬੂਥ ਅਲਾਟੀ ਦੀ ਮੌਤ ਤੋਂ ਬਾਅਦ ਉਸ ਬੂਥ ਨੂੰ ਉਸ ਦੇ ਪਰਿਵਾਰ ਵਾਲਿਆਂ ਜਾਂ ਵਾਰਸਾਂ ਨੂੰ ਟਰਾਂਸਫਰ ਕੀਤਾ ਜਾ ਸਕਦਾ ਹੈ।  ਕਿਸੇ ਬੂਥ ਨੂੰ ਕਿਰਾਏ 'ਤੇ ਦੇ ਕੇ ਉਸਦੀ ਪੱਗੜੀ ਨਹੀਂ ਵਸੂਲੀ ਜਾ ਸਕਦੀ ਤੇ ਨਾ ਹੀ ਉਸ ਨੂੰ ਵੇਚਿਆ ਜਾ ਸਕਦਾ ਹੈ। ਡੀ. ਏ. ਸੀ. ਦੇ ਅੰਦਰ ਬਣੇ ਸਾਰੇ ਬੂਥ ਸਰਕਾਰੀ ਪ੍ਰਾਪਰਟੀ ਹਨ ਤੇ ਇਨ੍ਹਾਂ ਦਾ ਇਸਤੇਮਾਲ ਪ੍ਰਸ਼ਾਸਨ ਵਲੋਂ ਤੈਅ ਕੀਤੀਆਂ ਗਈਆਂ ਸ਼ਰਤਾਂ ਅਨੁਸਾਰ ਹੀ ਕੀਤਾ ਜਾਣਾ ਜ਼ਰੂਰੀ ਹੈ।
ਜਿਸ ਕੰੰਮ ਲਈ ਕੀਤਾ ਗਿਆ ਬੂਥ ਅਲਾਟ, ਉਸ ਦੀ ਜਗ੍ਹਾ ਹੋ ਰਹੇ ਹੋਰ ਕੰਮ
ਤਹਿਸੀਲ ਵਿਚ ਬਹੁਤ ਸਾਰੇ ਬੂਥ ਅਜਿਹੇ ਹਨ, ਜਿਨ੍ਹਾਂ ਨੂੰ ਅਲਾਟ ਤਾਂ ਕਿਸੇ ਹੋਰ ਕੰਮ ਲਈ ਕੀਤਾ ਗਿਆ ਸੀ ਪਰ ਮੌਜੂਦਾ ਸਮੇਂ ਅੰਦਰ ਉਸ ਬੂਥ ਦੇ ਅੰਦਰ ਕੰਮ ਕੋਈ ਹੋਰ ਕੀਤਾ ਜਾ ਰਿਹਾ ਹੈ। ਮਿਸਾਲ ਦੇ ਤੌਰ 'ਤੇ ਜੇਕਰ ਇਕ ਬੂਥ ਨੂੰ ਕੰਪਿਊਟਰ ਟਾਈਪਿੰਗ ਲਈ ਅਲਾਟ ਕੀਤਾ ਗਿਆ ਸੀ ਤਾਂ ਉਥੇ ਫੋਟੋ ਸਟੇਟ ਮਸ਼ੀਨ ਲਗਾ ਕੇ ਕਾਰੋਬਾਰ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ ਕਿਸੇ ਵਸੀਕਾ ਨਵੀਸ ਨੂੰ ਅਲਾਟ ਕੀਤੇ ਗਏ ਬੂਥ 'ਤੇ ਕੋਈ ਅਸ਼ਟਾਮਫਰੋਸ਼ ਬੈਠ ਕੇ ਅਸ਼ਟਾਮ ਵੇਚ ਰਿਹਾ ਹੈ। ਨਿਯਮ ਅਨੁਸਾਰ ਕਿਸੇ ਵੀ ਬੂਥ 'ਤੇ ਉਹੀ ਕੰਮ ਕੀਤਾ ਜਾ ਸਕਦਾ ਹੈ, ਜਿਸ ਦੇ ਲਈ ਉਸ ਬੂਥ ਨੂੰ ਅਲਾਟ ਕੀਤਾ ਗਿਆ ਸੀ। ਇਸ ਦੇ ਨਾਲ ਹੀ ਜੇਕਰ ਕਿਸੇ ਕਾਰਨ ਬੂਥ ਅਲਾਟੀ ਨੇ ਕੋਈ ਹੋਰ ਕੰਮ ਕਰਨਾ ਹੋਵੇ ਤਾਂ  ਉਸ ਨੂੰ ਪਹਿਲਾਂ ਪ੍ਰਸ਼ਾਸਨ ਕੋਲੋਂ ਲਿਖਤੀ ਇਜਾਜ਼ਤ ਲੈਣੀ ਪੈਂਦੀ ਹੈ।


Related News